ਫ਼ੌਜੀ ਕੈਂਪ ਉੱਤੇ ਹਮਲਾ ਕਰਨ ਵਾਲੇ ਤਿੰਨੇ ਦਹਿਸ਼ਤਗਰਦ ਮਾਰੇ ਗਏ, ਪੰਜ ਫੌਜੀਆਂ ਦੀ ਜਾਨ ਗਈ


ਸੁੰਜਵਾਂ (ਜੰਮੂ), 11 ਫਰਵਰੀ, (ਪੋਸਟ ਬਿਊਰੋ)- ਭਾਰਤ ਫ਼ੌਜ ਦੇ ਕੈਂਪ ਉੱਤੇ ਸ਼ਨੀਵਾਰ ਤੜਕੇ ਕੀਤੇ ਗਏ ਇੱਕ ਵੱਡੇ ਦਹਿਸ਼ਤਗਰਦ ਹਮਲੇ ਦੇ ਬਾਅਦ ਦੀ ਕਾਰਵਾਈ ਵਿੱਚ ਸਾਰੇ ਹਮਲਾਵਰ ਮਾਰੇ ਗਏ। ਇਸ ਦੌਰਾਨ ਤਿੰਨ ਜਵਾਨਾਂ ਤੇ ਇਕ ਆਮ ਨਾਗਰਿਕ ਦੀ ਲਾਸ਼ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਫ਼ੌਜ ਦੇ ਦੱਸਣ ਮੁਤਾਬਕ ਜੈਸ਼-ਏ-ਮੁਹੰਮਦ ਦੇ ਤਿੰਨ ਸ਼ੱਕੀ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਹੈ। ਇਸ ਹਮਲੇ ਵਿੱਚ ਮੇਜਰ ਅਵੀਜੀਤ ਸਿੰਘ ਸਮੇਤ 10 ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਛੇ ਔਰਤਾਂ ਅਤੇ ਬੱਚੇ ਵੀ ਹਨ।
ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਦੀ 36 ਬ੍ਰਿਗੇਡ ਦੇ ਕੈਂਪ ਉੱਤੇ ਹੋਏ ਹਮਲੇ ਦੌਰਾਨ ਦੋ ਜੂਨੀਅਰ ਕਮਿਸ਼ਨਡ ਅਫ਼ਸਰਾਂ (ਜੇ ਸੀ ਓਜ਼) ਸਮੇਤ ਪੰਜ ਜਵਾਨ ਤੇ ਇਕ ਜਵਾਨ ਦਾ ਬਾਪ ਮਾਰੇ ਗਏ ਹਨ ਤੇ ਮ੍ਰਿਤਕਾਂ ਵਿੱਚ ਸੂਬੇਦਾਰ ਮਦਨ ਲਾਲ ਚੌਧਰੀ, ਸੂਬੇਦਾਰ ਮੁਹੰਮਦ ਅਸ਼ਰਫ਼ ਮੀਰ, ਹੌਲਦਾਰ ਹਬੀਬ-ਉਲ੍ਹਾ ਕੁਰੈਸ਼ੀ, ਨਾਇਕ ਮਨਜ਼ੂਰ ਅਹਿਮਦ, ਲਾਂਸ ਨਾਇਕ ਮੁਹੰਮਦ ਇਕਬਾਲ ਅਤੇ ਉਸ ਦਾ ਪਿਤਾ ਸ਼ਾਮਲ ਹਨ। ਜ਼ਖਮੀਆਂ ਵਿੱਚ ਮੇਜਰ ਅਵੀਜੀਤ ਸਿੰਘ ਵੀ ਹਨ। ਜੰਮੂ ਵਿੱਚ ਫੌਜ ਦੇ ਲੋਕ ਸੰਪਰਕ ਅਧਿਕਾਰੀ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਤਿੰਨ ਦਹਿਸ਼ਤਗਰਦਾਂ ਨੂੰ ਆਪਰੇਸ਼ਨ ਦੌਰਾਨ ਮਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮਾਂਡੋ ਵਰਦੀ ਵਿੱਚ ਆਏ ਦਹਿਸ਼ਤਗਰਦਾਂ ਕੋਲੋਂ ਏ ਕੇ-56 ਰਾਈਫਲਾਂ, ਅੰਡਰ ਬੈਰਲ ਗ੍ਰਨੇਡ ਲਾਂਚਰ, ਗੋਲੀ ਸਿੱਕਾ ਤੇ ਗ੍ਰਨੇਡ ਬਰਾਮਦ ਹੋਏ ਹਨ। ਆਨੰਦ ਨੇ ਦੱਸਿਆ ਕਿ ਹਮਲੇ ਵਿੱਚ ਇਕ ਗਰਭਵਤੀ ਵੀ ਜ਼ਖ਼ਮੀ ਹੋਈ ਸੀ, ਜਿਸ ਨੇ ਆਪਰੇਸ਼ਨ ਮਗਰੋਂ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਜ਼ਚਾ-ਬੱਚਾ ਦੋਵੇਂ ਦੀ ਹਾਲਤ ਠੀਕ ਹੈ।
ਇਸ ਦੌਰਾਨ ਪਾਕਿਸਤਾਨੀ ਫ਼ੌਜ ਵੱਲੋਂ ਜੰਮੂ ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਉੱਤੇ ਲਗਾਤਾਰ ਚੌਥੇ ਦਿਨ ਗੋਲੀਬੰਦੀ ਦੀ ਉਲੰਘਣਾ ਜਾਰੀ ਹੈ। ਅੱਜ ਸ਼ਹਿਰੀ ਇਲਾਕਿਆਂ ਵਿੱਚ ਮੋਰਟਾਰ ਦਾਗੇ ਗਏ ਅਤੇ ਭਾਰੀ ਗੋਲੀਬਾਰੀ ਕੀਤੀ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਰਾਜੌਰੀ ਦੇ ਮੰਜਕੋਟ ਵਿੱਚ ਤਾਰਕੁੰਡੀ, ਨਾਇਕਾ, ਪੰਜਗਰਾਈਂ, ਖੋਰੀਨਾਰ ਅਤੇ ਰਾਜਧਾਨੀ ਪਿੰਡਾਂ ਅਤੇ ਪੁਣਛ ਦੇ ਬਾਲਾਕੋਟ ਸੈਕਟਰ ਦੇ ਅੱਧਾ ਦਰਜਨ ਪਿੰਡਾਂ ਨੂੰ ਅੱਜ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮੰਜਕੋਟ ਤੇ ਬਾਲਾਕੋਟ ਸੈਕਟਰਾਂ ਵਿੱਚ ਗੋਲੀਬਾਰੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੰਟਰੋਲ ਰੇਖਾ ਉੱਤੇ ਤਾਇਨਾਤ ਭਾਰਤੀ ਜਵਾਨਾਂ ਨੇ ਵੀ ਡੱਟ ਕੇ ਜਵਾਬ ਦਿੱਤਾ ਜਿਸ ਮਗਰੋਂ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਦੁਪਹਿਰ ਇਕ ਵਜੇ ਦੇ ਕਰੀਬ ਬੰਦ ਹੋ ਗਈ।