ਜ਼ਿੰਦਗੀ

-ਦਿਲਜੀਤ ਬੰਗੀ

ਇਹ ਜ਼ਿੰਦਗੀ ਤਿਲਕਣਬਾਜ਼ੀ ਹੈ
ਪੱਬ ਬੋਚ-ਬੋਚ ਕੇ ਧਰੀਏ,
ਜੇ ਚਾਰ ਖੁਸ਼ੀਆਂ ਮਿਲ ਜਾਵਣ
ਇਨ੍ਹਾਂ ‘ਤੇ ਮਾਣ ਨਾ ਬਹੁਤਾ ਕਰੀਏ।

ਜ਼ਿੰਦਗੀ ਮਹਾਂ ਸੰਗਰਾਮ ਵੀ ਹੈ
ਇਹਦੇ ਨਾਲ ਯੁੱਧ ਕਰਨਾ ਹੀ ਪੈਣਾ
ਇਸ ਯੁੱਧ ਦੇ ਵਿੱਚ ਲੋਕੋ
ਅਸੀਂ ਜਿੱਤੀਏ ਭਾਵੇਂ ਹਰੀਏ।

ਜ਼ਿੰਦਗੀ ਕੌੜਾ ਸੱਚ ਵੀ ਹੈ
ਇਹਦਾ ਘੁੱਟ ਭਰਨਾ ਹੀ ਪੈਣਾ,
ਇਹਦਾ ਕੌੜਾ ਘੁੱਟ ਭਰ ਕੇ
ਅਸੀਂ ਜੀਵੀਏ, ਭਾਵੇਂ ਮਰੀਏ।

ਜ਼ਿੰਦਗੀ ਸਾਡੇ ਹੱਥ ਵੀ ਹੈ
ਇਸ ਨੂੰ ਕਿਸ ਤਰ੍ਹਾਂ ਅਸੀਂ ਬਿਤਾਉਣਾ?
ਸਾਡੀ ਸੋਚ ‘ਤੇ ਇਹ ਨਿਰਭਰ
ਇਹਦੇ ਵਿੱਚ ਹੱਸੀਏ, ਭਾਵੇਂ ਸੜੀਏ।

‘ਬੰਗੀ’ ਬਾਹਲਾ ਬੋਲਣਾ ਵੀ ਮਾੜਾ
ਤੇ ਬਹੁਤੀ ਚੁੱਪ ਵੀ ਨਹੀਂ ਚੰਗੇਰੀ,
ਕਿੰਨੀ ਚੀਜ਼ ਕੋਈ ਲੋੜੀਂਦੀ,
ਜ਼ਰਾ ਗੌਰ ਇਹਦੇ ‘ਤੇ ਕਰੀਏ।