ਜ਼ਿੰਦਗੀ

-ਅੰਮ੍ਰਿਤਪਾਲ ਸਿੰਘ ਸੰਧੂ ਬਾੜੀਆਂ

ਜਿਸ ਤਰ੍ਹਾਂ ਹੈ ਉਸ ਤਰ੍ਹਾਂ ਜੀਅ ਜ਼ਿੰਦਗੀ।
ਸੋਚ ਨਾ ਬਹੁਤਾ ਕਿ ਹੈ ਕੀ ਜ਼ਿੰਦਗੀ।

ਸੋਚ ਅੰਦਰ ਜੇ ਪਿਆ ਤਾਂ ਸਮਝ ਲੈ,
ਗੁਜ਼ਰ ਜਾਣੀ ਸੋਚ ਵਿੱਚ ਹੀ ਜ਼ਿੰਦਗੀ।

ਹੈ ਨਜ਼ਰ ਪਥਰਾ ਗਈ ਪਿਘਲਾ ਜ਼ਰਾ,
ਲੱਗ ਰਹੀ ਨਾ ਜ਼ਿੰਦਗੀ ਵੀ ਜ਼ਿੰਦਗੀ।

ਲੁਤਫ ਲੈ ਹਰ ਬੂੰਦ ਵਿੱਚੋਂ ਰੁਕ ਲੈ ਜ਼ਰਾ,
ਨਾ ਲਗਾ ਕੇ ਡੀਕ ਤੂੰ ਪੀ ਜ਼ਿੰਦਗੀ।

ਜ਼ੁਲਫ ਦੀ ਛਾਂ ਹੇਠ ਜੰਨਤ ਮਾਣਦੇ,
ਜੋ ਗੁਜ਼ਾਰੀ ਬੱਸ ਉਹੀ ਸੀ ਜ਼ਿੰਦਗੀ।

ਉਮਰ ਹੀ ਮੁੜਦੀ ਗਈ ਹਰ ਮੋੜ ਨੂੰ,
ਤੂੰ ਖੜ੍ਹੀ ਥਾਂ ਆਪਣੇ ਹੀ ਜ਼ਿੰਦਗੀ।