ਜ਼ਿੰਦਗੀ ਖੂਬਸੂਰਤ ਹੈ : ਪਰਿਣੀਤੀ ਚੋਪੜਾ


ਪਰਿਣੀਤੀ ਚੋਪੜਾ 2014 ਦੇ ਅਖੀਰ ‘ਚ ਲਾਈਮਲਾਈਟ ਤੋਂ ਇਸ ਲਈ ਗਾਇਬ ਹੋ ਗਈ ਤਾਂ ਕਿ ਉਹ ਆਪਣੇ ਮੇਕਓਵਰ ਲਈ ਕਲਾਰੀਪਾਯਟੱਟੂ ਦੀਆਂ ਕਲਾਸਾਂ ਲੈ ਸਕੇ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਸਕੇ। ਪਿਛਲੇ ਸਾਲ ਜਦੋਂ ਉਹ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਇੱਕ ਫੋਟੋਸ਼ੂਟ ਤੇ ਵਰੁਣ ਧਵਨ ਦੀ ਫਿਲਮ ‘ਡਿਸ਼ੂਮ’ ‘ਚ ਇੱਕ ਆਈਟਮ ਸਾਂਗ ਨਾਲ ਆਈ ਤਾਂ ਲੋਕਾਂ ਨੂੰ ਇੱਕ ਨਵੀਂ ਪਰਿਣੀਤੀ ਦੇ ਦਰਸ਼ਨ ਹੋਏ। ਇਥੇ ਉਹ ਆਪਣੇ ਪ੍ਰਸਨਲ ਅਤੇ ਪ੍ਰੋਫੈਸ਼ਨਲ ਜੀਵਨ ਬਾਰੇ ਦੱਸ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਅਰਜੁਨ ਕਪੂਰ ਨਾਲ ‘ਇਸ਼ਕਜ਼ਾਦੇ’ ਤੋਂ ਬਾਅਦ ‘ਸੰਦੀਪ ਔਰ ਪਿੰਕੀ ਫਰਾਰ’ ਅਤੇ ‘ਨਮਸਤੇ ਕੈਨੇਡਾ’ ਵਰਗੀਆਂ ਫਿਲਮਾਂ ਕਰ ਰਹੇ ਹੋ। ਪੰਜ ਸਾਲ ਬਾਅਦ ਉਸ ਨਾਲ ਕੰਮ ਕਰਨਾ ਕਿਹੋ ਜਿਹਾ ਲੱਗਾ?
– ਫਿਲਮਾਂ, ਦਰਸ਼ਕਾਂ, ਸਾਡੇ ਆਸਪਾਸ ਦੇ ਲੋਕਾਂ ਤੇ ਮੀਡੀਆ ਪ੍ਰਤੀ ਸਾਡੇ ਦੋਵਾਂ ਦਾ ਨਜ਼ਰੀਆ ਕਾਫੀ ਬਦਲ ਚੁੱਕਾ ਹੈ, ਪਰ ਸਾਡੀ ਇਕਵੇਸ਼ਨ ਪਹਿਲਾਂ ਨਾਲੋਂ ਵੱਧ ਸਟ੍ਰਾਂਗ ਹੋਈ ਹੈ। ਦਿਬਾਕਰ ਬੈਨਰਜੀ ਦੀ ‘ਸੰਦੀਪ ਔਰ ਪਿੰਕੀ ਫਰਾਰ’ ਵਿੱਚ ਸਾਡੇ ਕਿਰਦਾਰ ਬਿਲਕੁਲ ਵੱਖ ਸੋਚ ਵਾਲੇ ਹਨ, ਇਸ ਲਈ ਅਸੀਂ ਇਕੱਠੇ ਕਾਫੀ ਮਿਹਨਤ ਕਰ ਰਹੇ ਹਾਂ। ਮਹੱਤਵ ਪੂਰਨ ਗੱਲ ਇਹ ਹੈ ਕਿ ਅਰਜੁਨ ਅਤੇ ਮੇਰੇ ਵਿਚਕਾਰ ਇੱਕ ਕਮਫਰਟ ਲੈਵਲ ਹੋਵੇ।
* ‘ਗੋਲਮਾਲ ਅਗੇਨ’ ਹਾਰਰ ਕਾਮੇਡੀ ਸੀ। ਅਸਲ ਜ਼ਿੰਦਗੀ ਵਿੱਚ ਕਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਡਰ ਲੱਗਦਾ ਹੈ?
– ਮੌਤ ਤੋਂ। ਮੈਨੂੰ ਜ਼ਿੰਦਗੀ ਬਹੁਤ ਖੂਬਸੂਰਤ ਲੱਗਦੀ ਹੈ। ਮੈਂ ਰੋਜ਼ ਕੁਝ ਨਵਾਂ ਅਤੇ ਕ੍ਰੀਏਟਿਵ ਕਰਨਾ ਹੈ। ਉਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਜ਼ਿੰਦਗੀ ਦਾ ਸਫਰ ਜਾਰੀ ਰਹਿਣਾ ਚਾਹੀਦਾ ਹੈ। ਕਦੇ ਖਤਮ ਨਹੀਂ ਹੋਣਾ ਚਾਹੀਦਾ।
* ਕੀ ਕਾਮੇਡੀ ਤੁਹਾਨੂੰ ਜ਼ਿਆਦਾ ਸੂਟ ਕਰਦੀ ਹੈ?
– ਮੈਂ ਇੱਕ ਫਨੀ ਪਰਸਨ ਹਾਂ ਤੇ ਲੋਕਾਂ ਨੂੰ ਹਸਾਉਣਾ ਮੈਨੂੰ ਪਸੰਦ ਹੈ। ਇਸੇ ਕਾਰਨ ਮੈਂ ਰੋਹਿਤ ਸਰ ਦੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਫਿਲਮ ਲਈ ਚੁਣਿਆ, ਕਿਉਂਕਿ ਕੋਈ ਵੀ ਅਭਿਨੇਤਰੀ ਇਸ ਫਿਲਮ ਲਈ ਹਾਂ ਕਹਿ ਦਿੰਦੀ। ਮੈਂ ਇਸ ਦੀ ਸਫਲਤਾ ਦਾ ਆਨੰਦ ਲੈ ਰਹੀ ਹਾਂ। ਹੁਣ ਮੈਂ ਇੱਕ ਮਹਿਲਾ ਕੇਂਦਰਿਤ ਕਾਮੇਡੀ ਫਿਲਮ ਕਰਨ ਦੀ ਇਛੁੱਕ ਹਾਂ, ਜਿਸ ਵਿੱਚ ਮੈਂ ਸਿਰਫ ਇੱਕ ਫਨੀ ਗਰਲ ਹੀ ਨਾ ਹੋਵਾਂ, ਸਗੋਂ ਹਾਸੇ ਨਾਲ ਭਰੀ ਕਹਾਣੀ ਮੇਰੇ ਆਲੇ-ਦੁਆਲੇ ਹੀ ਘੁੰਮੇ।
* ਤੁਸੀਂ ਇਕੋਨਾਮਿਕਸ ਦੀ ਵਿਦਿਆਰਥਣ ਹੋ ਤਾਂ ਕੀ ਆਪਣੀਆਂ ਫਿਲਮਾਂ ਦਾ ਵਿਸ਼ਲੇਸ਼ਣ ਕਰਦੇ ਹੋ?
– ਅਸੀਂ ਫਿਲਮ ਨਗਰੀ ਦਾ ਪਹਿਲਾਂ ਤੋਂ ਅੰਦਾਜ਼ਾ ਲਾ ਸਕਦੇ ਤਾਂ ਮੈਂ ਨੰਬਰ ਵਨ ‘ਤੇ ਹੁੰਦੀ। ਫਿਲਮਾਂ ਦੀ ਕਿਸਮਤ ਦਰਸ਼ਕਾਂ ਦੇ ਹੱਥਾਂ ‘ਚ ਹੁੰਦੀ ਹੈ। ਉਹ ਚਾਹੁਣ ਤਾਂ ਸਿਰ ਅੱਖਾਂ ‘ਤੇ ਬਿਠਾ ਲੈਣ ਜਾਂ ਰਿਜੈਕਟ ਕਰ ਦੇਣ। ਅਸੀਂ ਸਦਾ ਚੰਗੀਆਂ ਫਿਲਮਾਂ ਚੁਣਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਉਹੀ ਮੈਂ ਵੀ ਕਰਦੀ ਹਾਂ।
* ਤੁਸੀਂ ਯਸ਼ਰਾਜ, ਧਰਮਾ ਪ੍ਰੋਡਕਸ਼ਨ ਅਤੇ ਹੁਣ ਰੋਹਿਤ ਸ਼ੈਟੀ ਨਾਲ ਕੰਮ ਕੀਤਾ। ਉਨ੍ਹਾਂ ਦੀ ਕਾਰਜ ਸ਼ੈਲੀ ‘ਚ ਕਿਸ ਤਰ੍ਹਾਂ ਦਾ ਫਰਕ ਦੇਖਦੇ ਹੋ?
– ਆਦਿੱਤਯ ਚੋਪੜਾ, ਕਰਣ ਜੌਹਰ ਅਤੇ ਰੋਹਿਤ ਸ਼ੈਟੀ ਸਾਰੇ ਇੱਕ ਦੂਜੇ ਤੋਂ ਵੱਖਰੀ ਸੋਚ ਰੱਖਦੇ ਹਨ। ਰੋਹਿਤ ਸਰ ਦੀ ਅਪਰੋਚ ਮਾਸ ਆਡੀਐਂਸ ਦੀ ਹੁੰਦੀ ਹੈ। ਉਨ੍ਹਾਂ ਦੀ ਖੁਦ ਦੀ ਗੱਲਬਾਤ ਦੀ ਸ਼ੈਲੀ ਉਨ੍ਹਾਂ ਦੀਆਂ ਫਿਲਮਾਂ ਤੋਂ ਬਿਲਕੁਲ ਵੱਖ ਹੈ। ਕਰਣ ਦੀ ਕਹਾਣੀਆਂ ‘ਤੇ ਜ਼ਬਰਦਸਤ ਪਕੜ ਹੈ। ਇਹੀ ਵਜ੍ਹਾ ਹੈ ਕਿ ਉਹ ਹਿੱਟ ਫਿਲਮਾਂ ਦੇ ਰਹੇ ਹਨ। ਮਿਊਜ਼ਿਕ ‘ਤੇ ਵੀ ਉਨ੍ਹਾਂ ਦਾ ਖਾਸ ਫੋਕਸ ਹੁੰਦਾ ਹੈ। ਆਦਿੱਤਯ ਚੋਪੜਾ ਬਹੁਤ ਸਰਲ ਇਨਸਾਨ ਹਨ। ਉਹ ਆਪਣੇ ਪਿਤਾ ਯਸ਼ ਚੋਪੜਾ ਦੀ ਤਰ੍ਹਾਂ ਹਨ। ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਚੰਗਾ ਕੰਮ ਕਰਨਗੇ। ਦਰਸ਼ਕਾਂ ਨੂੰ ਚੰਗੀਆਂ ਫਿਲਮਾਂ ਦੀ ਸੌਗਾਤ ਦੇਣਗੇ।
* ਰਾਣੀ ਮੁਖਰਜੀ ਨੇ ਹੀ ਤੁਹਾਨੂੰ ਅਭਿਨੇਤਰੀ ਬਣਨ ਲਈ ਪ੍ਰੇਰਿਤ ਕੀਤਾ ਸੀ। ਕੀ ਕਹੋਗੇ?
– ਦੁਨੀਆ ਦੀ ਸਭ ਤੋਂ ਬਿਹਤਰੀਨ ਅਭਿਨੇਤਰੀ ਮੇਰੀ ਕਜ਼ਿਨ ਪ੍ਰਿਅੰਕਾ ਚੋਪੜਾ ਹੈ, ਇਸ ਲਈ ਪ੍ਰੇਰਨਾ ਘਰ ‘ਚ ਸੀ। ਹਾਂ ਐਕਟਿੰਗ ‘ਚ ਰਾਣੀ ਮੁਖਰਜੀ ਮੇਰੀ ਮਨਪਸੰਦ ਅਭਿਨੇਤਰੀ ਸੀ। ਮੈਂ ਉਸ ਦੀ ਹਰ ਫਿਲਮ ਦੇਖਦੀ ਸੀ। ਮੈਂ ਜਦੋਂ ਯਸ਼ਰਾਜ ‘ਚ ਕੰਮ ਸ਼ੁਰੂ ਕੀਤਾ, ਉਦੋਂ ਉਹ ‘ਦਿਲ ਬੋਲੇ ਹੜਿੱਪਾ’ ਕਰ ਰਹੀ ਸੀ। ਓਦੋਂ ਪਹਿਲੀ ਵਾਰ ਉਸ ਨਾਲ ਮੁਲਾਕਾਤ ਹੋਈ।
* ਕਾਮੇਡੀ ਦੀਆਂ ਕਿਹੜੀਆਂ ਫਿਲਮਾਂ ਨੇ ਤੁਹਾਨੂੰ ਪ੍ਰਭਾਵਤ ਕੀਤਾ?
– ‘ਅੰਦਾਜ਼ ਅਪਨਾ-ਅਪਨਾ’, ‘ਗੋਲਮਾਲ ਅਗੇਨ’ ਸੀਰੀਜ਼ ਦੀਆਂ ਸਾਰੀਆਂ ਫਿਲਮਾਂ ਤੇ ‘ਹੇਰਾਫੇਰੀ’। ਇਹ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਤੁਸੀਂ ਕਦੇ ਵੀ ਅਤੇ ਕਿੰਨੀ ਵਾਰ ਵੀ ਦੇਖ ਸਕਦੇ ਹੋ।