ਜ਼ਿਆਦਾ ਟੀ ਵੀ ਦੇਖਣ ਨਾਲ ਖੂਨ ਦੇ ਕਲਾਟ ਬਣਨ ਦਾ ਡਰ


ਨਿਊਯਾਰਕ, 14 ਨਵੰਬਰ (ਪੋਸਟ ਬਿਊਰੋ)- ਜ਼ਿਆਦਾ ਟੀ ਵੀ ਦੇਖਣ ਨਾਲ ਸਾਡੀਆਂ ਅੱਖਾਂ ਅਤੇ ਦਿਲ ਨੂੰ ਨੁਕਸਾਨ ਹੋਣ ਦੀ ਗੱਲ ਤਾਂ ਸੁਣੀ ਸੀ, ਹੁਣ ਪਤਾ ਲੱਗਾ ਹੈ ਕਿ ਇਸ ਨਾਲ ਸਰੀਰ ਵਿੱਚ ਖੂਨ ਦਾ ਕਲਾਟ ਬਣਨ ਦਾ ਖਤਰਾ ਵੀ ਹੋ ਜਾਂਦਾ ਹੈ। ਇਕ ਅਧਿਐਨ ਤੋਂ ਪਤਾ ਲੱਗਾ ਕਿ ਜ਼ਿਆਦਾ ਟੀ ਵੀ ਦੇਖਣ ਵਾਲੇ ਲੋਕਾਂ ਦੇ ਪੈਰ, ਹੱਥ, ਕਮਰ ਤੇ ਫੇਫੜਿਆਂ ਵਿੱਚ ਖੂਨ ਦੇ ਕਲਾਟ ਬਣ ਸਕਦੇ ਹਨ। ਇਸ ਬਿਮਾਰੀ ਨੂੰ ਵੀਨਸ ਥ੍ਰਾਮਬੋਐਮਬੋਲਿਜਮ (ਵੀ ਟੀ ਈ) ਕਿਹਾ ਜਾਂਦਾ ਹੈ।
ਖੋਜ ਕਰਤਾਵਾਂ ਨੇ 45 ਤੋਂ 64 ਸਾਲ ਦੇ 15 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕਰਕੇ ਇਹ ਸਿੱਟਾ ਕੱਢਿਆ ਹੈ। ਜ਼ਿਆਦਾ ਟੀ ਵੀ ਦੇਖਣ ਵਾਲੇ ਲੋਕਾਂ ਵਿੱਚ ਵੀ ਟੀ ਈ ਹੋਣ ਦਾ ਖਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ 18 ਗੁਣਾ ਤੱਕ ਜ਼ਿਆਦਾ ਹੁੰਦਾ ਹੈ, ਜਿਹੜਾ ਕਦੇ ਟੀ ਵੀ ਨਹੀਂ ਵੇਖਦੇ ਜਾਂ ਫਿਰ ਘੱਟ ਟੀ ਵੀ ਦੇਖਦੇ ਹਨ। ਅਮਰੀਕਾ ਦੀ ਵੇਰਮੋਂਟ ਯੂਨੀਵਰਸਿਟੀ ਦੀ ਮੈਰੀ ਕਸ਼ਮੈਨ ਨੇ ਕਿਹਾ ਕਿ ਟੀ ਵੀ ਦੇਖਣ ਨਾਲੋਂ ਵੀ ਲੇਟ ਕੇ ਜਾਂ ਸਿੱਧੇ ਟਿਕ ਕੇ ਟੀ ਵੀ ਦੇਖਣਾ ਜ਼ਿਆਦਾ ਖਤਰਨਾਕ ਹੈ। ਇਸ ਦੀ ਥਾਂ ਜੇ ਤੁਸੀਂ ਟ੍ਰੈਡਮਿਲ ਉੱਤੇ ਚੱਲਦੇ ਹੋਏ ਟੀ ਵੀ ਦੇਖੋ ਤਾਂ ਵੀ ਟੀ ਈ ਦਾ ਖਤਰਾ ਆਪਣੇ ਆਪ ਘੱਟ ਹੋਵੇਗਾ। ਟੀ ਵੀ ਦੇਖਣ ਦੌਰਾਨ ਅੱਧਾ ਘੰਟਾ ਘੁੰਮਣਾ ਵੀ ਠੀਕ ਰਹੇਗਾ। ਹਰ ਸਾਲ ਅਮਰੀਕਾ ‘ਚ ਕਰੀਬ ਤਿੰਨ ਤੋਂ ਛੇ ਲੱਖ ਲੋਕ ਵੀ ਟੀ ਈ ਦੇ ਸ਼ਿਕਾਰ ਹੋ ਜਾਂਦੇ ਹਨ, ਪਰ ਜੇ ਸਿਹਤ ਤੇ ਸੰਤੁਲਿਤ ਖਾਣਾ ਲੈਣ ਨਾਲ ਸਰੀਰਕ ਕੰਮ ਕੀਤਾ ਜਾਵੇ ਇਸ ਤਰ੍ਹਾਂ ਦੀ ਬਿਮਾਰੀ ਦਾ ਖਤਰਾ ਕਾਫੀ ਹੱਦ ਤੱਕ ਟਲ ਸਕਦਾ ਹੈ।