ਜ਼ਰਦਾਰੀ ਦਾ ਨਾਂ ‘ਨੋ ਐਗਜਿ਼ਟ ਲਿਸਟ’ ਵਿੱਚ ਨਹੀਂ ਪਾਇਆ ਗਿਆ : ਚੀਫ ਜਸਟਿਸ

ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ

ਇਸਲਾਮਾਬਾਦ, 12 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ ਦਾ ਨਾਂ ਐਕਜ਼ਿਟ ਕੰਟਰੋਲ ਸੂਚੀ (ਈ ਸੀ ਐੱਲ) ਵਿੱਚ ਸ਼ਾਮਿਲ ਕਰਨ ਦਾ ਆਦੇਸ਼ ਨਹੀਂ ਦਿੱਤਾ।
ਵਰਨਣ ਯੋਗ ਹੈ ਕਿ ਈ ਸੀ ਐਲ ਸੂਚੀ ਵਿੱਚ ਸ਼ਾਮਿਲ ਲੋਕਾਂ ਦੇ ਦੇਸ਼ ਛੱਡਣ ਉੱਤੇ ਰੋਕ ਹੁੰਦੀ ਹੈ। ਇਹ ਖ਼ਬਰਾਂ ਆਈਆਂ ਸਨ ਕਿ 29 ਫਰਜ਼ੀ ਬੈਂਕ ਖਾਤਿਆਂ ਨਾਲ ਨਾਜਾਇਜ਼ ਰੂਪ ਨਾਲ ਕੀਤੇ 35 ਅਰਬ ਰੁਪਏ ਦੇ ਲੈਣ-ਦੇਣ ਦੇ ਕੇਸ ਵਿੱਚ ਇਨ੍ਹਾਂ ਦੇ ਨਾਂ ਈ ਸੀ ਐੱਲ ਵਿੱਚ ਪਾਉਣ ਦਾ ਆਦੇਸ਼ ਦਿੱਤਾ ਗਿਆ ਹੈ। ‘ਡਾਨ’ ਅਖ਼ਬਾਰ ਅਨੁਸਾਰ ਇਸ ਤੋਂ ਪਹਿਲਾਂ ਅਟਾਰਨੀ ਜਨਰਲ ਖਾਲਿਦ ਜਾਵੇਦ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਜ਼ਰਦਾਰੀ ਅਤੇ ਫਰਯਾਲ ਦੇ ਨਾਂ ਈ ਸੀ ਐੱਲ ਵਿੱਚ ਪਾਉਣ ਲਈ ਗ੍ਰਹਿ ਮੰਤਰਾਲੇ ਨੂੰ ਆਦੇਸ਼ ਦਿੱਤਾ ਹੈ। ਕਾਰਜਕਾਰੀ ਗ੍ਰਹਿ ਮੰਤਰੀ ਆਜ਼ਮ ਖ਼ਾਨ ਨੇ ਬੁੱਧਵਾਰ ਇਸ ਦੀ ਪੁਸ਼ਟੀ ਕੀਤੀ ਸੀ। ਜਸਟਿਸ ਨਿਸਾਰ ਨੇ ਅੱਜ ਇੱਕ ਕੇਸ ਦੀ ਸੁਣਵਾਈ ਦੌਰਾਨ ਕਿਹਾ ਕਿ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਕਿਨ੍ਹਾਂ ਸ਼ੱਕੀਆਂ ਦੇ ਨਾਂ ਈ ਸੀ ਐੱਲ ਵਿੱਚ ਪਾਉਣ ਦੀ ਲੋੜ ਹੈ। ਕੀ ਫਰਯਾਲ ਅਤੇ ਜ਼ਰਦਾਰੀ ਸ਼ੱਕੀ ਹਨ? ਜੇ ਨਹੀਂ ਹਨ ਤਾਂ ਫਿਰ ਮੀਡੀਆ ਖ਼ਬਰਾਂ ਵਿੱਚ ਇਨ੍ਹਾਂ ਦੇ ਨਾਂ ਈ ਸੀ ਐੱਲ ਵਿੱਚ ਕਿਉਂ ਪਾਏ ਗਏ?