ਗ਼ਜ਼ਲ

-ਅਮਰ ਸੂਫੀ

ਮੁੱਦਤ ਮਗਰੋਂ ਮਹਿਰਮ ਆਇਆ, ਧਾਅ ਕੇ ਡਾਢੀ ਸ਼ਿੱਦਤ ਨਾਲ।
ਹੌਲੀ ਹੌਲੀ ਦੁਖ ਸੁਖ ਕੀਤਾ, ਉਸ ਨੇ ਬੈਠ ਮੁਹੱਬਤ ਨਾਲ।

ਜੋ ਕੁਝ ਵੀ ਹੈ ਪੱਲੇ ਯਾਰੋ, ਇਸ ਵਿੱਚ ਹੈ ਮੁੜ੍ਹਕਾ ਤੇ ਰੱਤ,
ਦਸ ਨਹੁੰਆਂ ਦੀ ਕੀਤੀ ਸੁੱਚੀ, ਕਿਰਤ ਕਮਾਈ ਮਿਹਨਤ ਨਾਲ।

ਉਸ ਦੇ ਮਨ ਦੀ ਹਾਲਤ ਨੂੰ ਕੋਈ, ਲਫਜ਼ਾਂ ਵਿੱਚ ਬਿਆਨੇ ਕਿੰਜ,
ਨੈਣੀਂ ਹੰਝੂ ਭਰ ਕੇ ਜਿਸ ਨੇ ਤੱਕਿਆ ਡਾਢੀ ਹਸਰਤ ਨਾਲ।

ਕੋਲੇ ਬਹਿ, ਹਟਕੋਰੇ ਲੈ ਲੈ, ਦਿਲ ਦਾ ਦਰਦ ਸੁਣਾ ਕੇ ਸਾਰਾ,
ਆਖਰ ਗੱਲ ਨਿਬੇੜੀ ਉਸ ਨੇ, ਆਪਣੀ ਇਕ ਸ਼ਿਕਾਇਤ ਨਾਲ।

ਨਾ ਧਨ ਪੱਲੇ, ਨਾ ਹੀ ਕੋਈ, ਜ਼ੋਰ ਸਿਆਸੀ ਚੱਲਦਾ ਹੈ,
ਇਥੋਂ ਤੱਕ ਅਪੜੇ ਹਾਂ ਯਾਰੋ, ਸਿੱਧੀ ਨੀਤ, ਲਿਆਕਤ ਨਾਲ।

ਮੇਰਾ ਦਿਲਬਰ, ਮੇਰਾ ਮਹਿਰਮ, ਮੇਰਾ ਅੱਲ੍ਹਾ, ਮੇਰਾ ਰੱਬ,
ਉਸ ਦੇ ਦਰ ‘ਤੇ ਸਜਦਾ ਕਰਦਾਂ, ਝੁਕਦੈ ਸੀਸ ਅਕੀਦਤ ਨਾਲ।

ਦੁਨੀਆ ਦੇ ਸਭ ਵੱਡੇ ਮਸਲੇ, ਗੱਲੀਂ ਬਾਤੀਂ ਤੈਅ ਹੋਏ ਨੇ,
ਮੁਸ਼ਕਿਲ ਕੋਈ ਹੱਲ ਨਾ ਹੋਵੇ, ਜ਼ੋਰ, ਜ਼ਬਰ ਤੇ ਦਹਿਸ਼ਤ ਨਾਲ।

ਦਿਲ ਕਰਦਾ ਸੀ ਚੁੰਮ ਲਵਾਂ ਮੈਂ, ਉਸ ਨੂੰ ਭਰ ਕੇ ਬਾਹਾਂ ਵਿੱਚ,
ਨੀਵੀਂ ਪਾ ਅੰਗੜਾਈ ਭਰ ਜਿਸ, ਸੁੱਟੀ ਨਜ਼ਰ ਮੁਸੱਰਤ ਨਾਲ।

ਚਾਰ ਕੁ ਅੱਖਰ ਲਿਖ ਲੈਂਦਾ ਹਾਂ, ‘ਸੂਫੀ’ ਵੱਡੀ ਗੱਲ ਨਹੀਂ ਹੈ,
ਥੋੜ੍ਹੀ ਬਹੁਤੀ ਮਿਹਨਤ, ਬਾਕੀ, ਉਸਤਾਦਾਂ ਦੀ ਰਹਿਮਤ ਨਾਲ।