ਗ਼ਜ਼ਲ

-ਸਰਦਾਰ ਪੰਛੀ

ਮੁੜ-ਮੁੜ ਇਕੋ ਸਵਾਲ ਕਰਦਾ ਹੈ।
ਜਿਸ ਤਰ੍ਹਾਂ ਕੋਈ ਬਾਲ ਕਰਦਾ ਹੈ।

ਸੋਚ ਤਾਈ ਵਿਸ਼ਾਲ ਕਰਦਾ ਹੈ,
ਲਫਜ਼ ਐਸਾ ਕਮਾਲ ਕਰਦਾ ਹੈ।

ਕੋਈ ਦੁਸ਼ਮਣ ਵੀ ਕਰ ਨਹੀਂ ਸਕਦਾ,
ਜੋ ਮੇਰਾ ਭਾਈਵਾਲ ਕਰਦਾ ਹੈ।

ਦਿਲ ਧੜਕਦਾ ਹੈ ਮੇਰਾ ਹਰ ਵੇਲੇ,
ਮੇਰਾ ਕਿੰਨਾ ਖਿਆਲ ਕਰਦਾ ਹੈ।

ਯਾਦ ਆਪਣੇ ਸਨਮ ਨੂੰ ਕਰਦਾ ਹਾਂ,
ਦਰਦ ਮੈਨੂੰ ਨਿਹਾਲ ਕਰਦਾ ਹੈ।

ਕੱਖੋਂ ਹੌਲੇ ਗਰੀਬ ਆਸ਼ਿਕ ਨੂੰ,
ਹੁਸਨ ਹੀ ਮਾਲਾਮਾਲ ਕਰਦਾ ਹੈ।

ਇਹ ਵੀ ਇਕ ਫਨ ਲਤੀਫ ਹੈ ‘ਪੰਛੀ’,
ਜੋ ਕਰਮ ਇਕ ਦਲਾਲ ਕਰਦਾ ਹੈ।