ਗ਼ਜ਼ਲ

-ਦਵਿੰਦਰ ਮਾਹੀ

ਰੂ ਬ ਰੂ ਜਦੋਂ ਵੀ ਮੈਂ ਤਾਰਿਆਂ ਦੇ ਹੋਇਆ,
ਸੂਰਜ ਸੀ ਚੰਨ ਦੇ ਸਿਰ੍ਹਾਣੇ ਬੈਠਾ ਰੋਇਆ।

ਲਫ਼ਜ਼ਾਂ ਦੀ ਮਹਿਫਿਲ ਉਦਾਸ ਬੜੀ ਹੋਈ ਉਦੋਂ,
ਕਵਿਤਾ ਦਾ ਆਖਰੀ ਅੱਖਰ ਜਦੋਂ ਮੋਇਆ।

ਸ਼ਾਮ ਸੀ ਸੁਨਹਿਰੀ ਭਾਵੇਂ ਸੱਜਰੀ ਸਵੇਰ ਸੀ,
ਧੁੱਪ ਦਾ ਕੋਈ ਟੋਟਾ ਸਾਡੇ ਵਿਹੜੇ ਨਾ ਖਲੋਇਆ।

ਕੁਝ ਬਰਸਾਤਾਂ ਨੂੰ ਤਾਂ ਔੜਾਂ ਨੇ ਹੀ ਮਾਰਿਆ,
ਕੁਝ ਬਰਸਾਤਾਂ ਸਾਰਾ ਹੰਝ ਵੀ ਲਕੋਇਆ।

ਰੋਹੀਆਂ ‘ਚ ਆਖਰ ਨੂੰ ਥੋਰ੍ਹ ਹੀ ਸੀ ਉਗਿਆ,
ਬੜਾ ਕੁਝ ਮਰੀਆਂ ਜ਼ਮੀਰਾਂ ਵਿੱਚ ਬੋਇਆ।

ਧੜ ਸੀ ਨਾ ਸਿਰ ਸੀ, ਪਰ ਉਹ ਸਥਿਰ ਸੀ,
ਬੰਦਾ ਸੀ ਸਲ੍ਹਾਬਾ ‘ਮਾਹੀ’ ਨਵਾਂ ਤੇ ਨਰੋਇਆ।