ਹੰਬੋਲਟ ਬਰੌਂਕੌਸ ਬੱਸ ਹਾਦਸੇ ਲਈ ਚਾਰਜ ਡਰਾਈਵਰ ਜਸਕੀਰਤ ਸਿੱਧੂ ਨੂੰ ਮਿਲੀ ਜ਼ਮਾਨਤ


ਸਸਕੈਚਵਨ, 10 ਜੁਲਾਈ (ਪੋਸਟ ਬਿਊਰੋ) : ਘਾਤਕ ਹੰਬੋਲਟ ਬਰੌਂਕੌਸ ਬੱਸ ਹਾਦਸੇ ਲਈ ਚਾਰਜ ਕੀਤੇ ਗਏ ਸੈਮੀ ਡਰਾਈਵਰ ਜਸਕੀਰਤ ਸਿੱਧੂ ਨੂੰ ਮੰਗਲਵਾਰ ਸਵੇਰੇ ਸਸਕੈਚਵਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
29 ਸਾਲਾ ਸਿੱਧੂ ਉੱਤੇ ਖਤਰਨਾਕ ਡਰਾਈਵਿੰਗ ਕਰਨ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ, ਲਈ 16 ਚਾਰਜਿਜ਼ ਤੇ ਖਤਰਨਾਕ ਡਰਾਈਵਿੰਗ ਕਾਰਨ ਸਰੀਰਕ ਨੁਕਸਾਨ ਪਹੁੰਚਾਉਣ ਲਈ 13 ਚਾਰਜਿਜ਼ ਲਗਾਏ ਗਏ ਸਨ। ਜਿ਼ਕਰਯੋਗ ਹੈ ਕਿ 6 ਅਪਰੈਲ ਨੂੰ ਪੂਰਬੀ ਸਸਕੈਚਵਨ ਵਿੱਚ ਬਰੌਂਕੋਸ ਟੀਮ ਬੱਸ ਤੇ ਸੈਮੀ ਦਰਮਿਆਨ ਇੱਕ ਲਾਂਘੇ ਉੱਤੇ ਹੋਈ ਟੱਕਰ ਵਿੱਚ 16 ਵਿਅਕਤੀ ਮਾਰੇ ਗਏ ਸਨ ਤੇ 13 ਹੋਰ ਜ਼ਖ਼ਮੀ ਹੋ ਗਏ ਸਨ। ਸਿੱਧੂ ਨੂੰ 6 ਜੁਲਾਈ ਨੂੰ ਉਸ ਦੇ ਕੈਲਗਰੀ ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਮੰਗਲਵਾਰ ਨੂੰ ਉਸ ਨੂੰ ਮੈਲਫੋਰਟ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਉਸ ਨੂੰ 1000 ਡਾਲਰ ਬਦਲੇ ਜ਼ਮਾਨਤ ਉੱਤੇ ਕਈ ਸ਼ਰਤਾਂ ਲਾ ਕੇ ਰਿਹਾਅ ਕਰ ਦਿੱਤਾ ਗਿਆ : ਉਸ ਨੂੰ ਆਪਣੇ ਕੈਲਗਰੀ ਵਾਲੇ ਘਰ ਵਿੱਚ ਹੀ ਰਹਿਣਾ ਹੋਵੇਗਾ, ਉਸ ਨੂੰ ਕਰਫਿਊ ਦਾ ਸਾਹਮਣਾ ਕਰਨਾ ਹੋਵੇਗਾ, ਉਸ ਦੇ ਡਰਾਈਵਿੰਗ ਕਰਨ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਤੇ ਉਸ ਨੂੰ ਆਪਣਾ ਪਾਸਪੋਰਟ ਸਰੈਂਡਰ ਕਰਨਾ ਹੋਵੇਗਾ। ਗੁਆਂਢੀਆਂ ਨੇ ਦੱਸਿਆ ਕਿ ਸਿੱਧੂ ਕਮਿਊਨਿਟੀ ਆਫ ਸੈਡਲ ਰਿੱਜ ਵਿੱਚ ਸਥਿਤ ਇੱਕ ਘਰ ਦੀ ਬੇਸਮੈਂਟ ਵਿੱਚ ਰਹਿੰਦਾ ਹੈ।