ਹੋਸਟਲ ਜਾਂਦੇ ਪਿਓ-ਧੀ ਨੂੰ ਟਿੱਪਰ ਦੀ ਟੱਕਰ, ਧੀ ਦੀ ਮੌਤ


ਜਲੰਧਰ, 10 ਜੁਲਾਈ (ਪੋਸਟ ਬਿਊਰੋ)- ਮੋਟਰ ਸਾਈਕਲ ‘ਤੇ ਆਪਣੀ ਬੇਟੀ ਨਾਲ ਜਾ ਰਹੇ ਇੱਕ ਬਾਪ ਦੇ ਸਕੂਟਰ ਨੂੰ ਕੇ ਐੱਮ ਵੀ ਕਾਲਜ ਦੇ ਬਾਹਰ ਤੇਜ਼ ਰਫਤਾਰ ਟਿੱਪਰ ਚਾਲਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਪਿੱਛੇ ਬੈਠੀ 17 ਸਾਲਾ ਲੜਕੀ ਦੀ ਮੌਤ ਹੋ ਗਈ।
ਐਡੀਸ਼ਨਲ ਐੱਸ ਐੱਚ ਓ ਰੇਸ਼ਮ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਪਿੰਡ ਸ਼ਿਕਾਰਪੁਰ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਉਸ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੀ ਬੇਟੀ ਨਵਨੀਤ ਕੌਰ ਪਠਾਨਕੋਟ ਬਾਈਪਾਸ ਚੌਕ ਵਿੱਚ ਕੇ ਐੱਮ ਵੀ ਕਾਲਜ ਵਿੱਚ ਪੜ੍ਹਦੀ ਅਤੇ ਹੋਸਟਲ ‘ਚ ਰਹਿੰਦੀ ਹੈ, ਪਰ ਛੁੱਟੀਆਂ ਕੱਟਣ ਲਈ ਘਰ ਆਈ ਸੀ। ਛੁੱਟੀਆਂ ਖਤਮ ਹੋਣ ਪਿੱਛੋਂ ਉਹ ਕਾਲਜ ਛੱਡਣ ਲਈ ਜਾ ਰਿਹਾ ਸੀ ਕਿ ਪਿੱਛੋਂ ਆਏ ਤੇਜ਼ ਰਫਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਪਿੱਛੇ ਬੈਠੀ ਬੇਟੀ ਹੇਠਾਂ ਡਿੱਗ ਗਈ ਤੇ ਟਿੱਪਰ ਦੇ ਟਾਇਰ ਹੇਠ ਉਸ ਦਾ ਸਿਰ ਆ ਗਿਆ। ਉਸ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਪਿੱਛੋਂ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ। ਟਿੱਪਰ ਚਾਲਕ ਫਰਾਰ ਹੋ ਗਿਆ, ਪਰ ਸਪੋਰਟਸ ਕਾਲਜ ਕੋਲ ਜਾ ਕੇ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਐਡੀਸ਼ਨਲ ਐੱਸ ਐੱਚ ਓ ਰੇਸ਼ਮ ਸਿੰਘ ਮੁਤਾਬਕ ਟਿੱਪਰ ਚਾਲਕ ਦੀ ਪਛਾਣ ਸ਼ਿਵ ਵਿਲਾਸ ਵਾਸੀ ਮੰਡ ਅਤੇ ਟਿੱਪਰ ਦੇ ਮਾਲਕ ਦੀ ਪਛਾਣ ਵਰਿਆਮ ਸਿੰਘ ਵਾਸੀ ਵਰਿਆਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।