ਹੋਰ ਅੱਗੇ ਜਾਣਾ ਹੈ : ਨੇਹਾ ਧੂਪੀਆ


ਨੇਹਾ ਧੂਪੀਆ ਅਜਿਹੀ ਅਭਿਨੇਤਰੀ ਹੈ, ਜੋ ਇੱਕੋ ਸਮੇਂ ‘ਤੇ ਕਈ ਕੰਮ ਕਰ ਸਕਣ ਵਿੱਚ ਮਾਹਰ ਹੈ। ਪਿਛਲੇ ਸਮੇਂ ਵਿੱਚ ਉਹ ‘ਹਿੰਦੀ ਮੀਡੀਅਮ’ ਅਤੇ ‘ਕਰੀਬ ਕਰੀਬ ਸਿੰਗਲ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ ਸੀ। ਇਨ੍ਹਾਂ ਦੋਵਾਂ ਫਿਲਮਾਂ ਵਿੱਚ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਸਨ ਤੇ ਹਲਕੇ ਫੁਲਕੇ ਢੰਗ ਨਾਲ ਆਧੁਨਿਕ ਸਮੇਂ ਦੀ ਅਸਲੀਅਤ ਨੂੰ ਦਰਸਾਇਆ ਗਿਆ ਸੀ। ਹੁਣੇ ਜਿਹੇ ਰਿਲੀਜ਼ ਹੋਈ ਉਸ ਦੀ ਫਿਲਮ ‘ਤੁਮਹਾਰੀ ਸੁਲੂ’ ਵੀ ਕੁਝ ਇਸੇ ਤਰ੍ਹਾਂ ਦੀ ਹੈ, ਜਿਸ ਵਿੱਚ ਨੇਹਾ ਨੇ ਵਿਦਿਆ ਬਾਲਨ ਦੀ ਬੌਸ ਮਾਰੀਆ ਦਾ ਕਿਰਦਾਰ ਨਿਭਾਇਆ ਹੈ।
ਨੇਹਾ ਦਾ ਮੰਨਣਾ ਹੈ ਕਿ ਇਹ ਫਿਲਮ ਵੀ ਇੱਕ ਆਮ ਔਰਤ ਦੀ ਕਹਾਣੀ ਵਾਂਗ ਹੈ। ਅਸੀਂ ਅਕਸਰ ਨਾਰੀ ਸ਼ਕਤੀ ਦੀ ਗੱਲ ਕਰਦੇ ਹਾਂ, ਪਰ ਅਜਿਹਾ ਨਹੀਂ ਹੁੰਦਾ। ਇਸ ਫਿਲਮ ਵਿੱਚ ਸੁਲੂ ਮਤਲਬ ਵਿਦਿਆ ਬਾਲਨ ਇਹੀ ਦਿਖਾਉਂਦੀ ਹੈ ਕਿ ਔਰਤ ਸਭ ਕੁਝ ਕਰ ਸਕਦੀ ਹੈ। ਇੱਕ ਮਹਿਲਾ ਇੱਕ ਹੀ ਸਮੇਂ ਹਾਊਸ ਵਾਈਫ ਵੀ ਹੋ ਸਕਦੀ ਹੈ ਅਤੇ ਨਾਲ ਹੀ ਜੌਬ ਵੀ ਕਰ ਸਕਦੀ ਹੈ। ਨੇਹਾ ਨੂੰ ਇਸ ਫਿਲਮ ਵਿੱਚ ਨਿਭਾਇਆ ਆਪਣਾ ਕਿਰਦਾਰ ਬਹੁਤ ਪਸੰਦ ਹੈ। ਉਸ ਦਾ ਕਹਿਣਾ ਹੈ ਕਿ ਮਾਰੀਆ ਸਿਰਫ ਇੱਕ ਬੌਸ ਨਹੀਂ, ਉਹ ਸੁਲੂ ਨੂੰ ਹਰ ਤਰ੍ਹਾਂ ਸਪੋਰਟ ਵੀ ਕਰਦੀ ਹੈ। ਅਸੀਂ ਦੋਵੇਂ ਜ਼ਿੰਦਗੀ ਵਿੱਚ ਇੱਕੋ ਜਿਹਾ ਕੁਝ ਚਾਹੁੰਦੇ ਹਾਂ, ਫਿਰ ਵੀ ਅਸੀਂ ਦੋਵੇਂ ਇੱਕ ਦੂਜੇ ਤੋਂ ਵੱਖਰੇ ਹਾਂ। ਸੁਲੂ ਜਿੱਥੇ ਸੁਫਨੇ ਦੇਖਣਾ ਪਸੰਦ ਕਰਦੀ ਹੈ ਉਥੇ ਮੇਰਾ ਕਿਰਦਾਰ ਉਸ ਦੇ ਸੁਫਨਿਆਂ ਨੂੰ ਸੱਚ ਕਰਨ ਵਾਲੀ ਉਸ ਦੀ ਬੌਸ ਦਾ ਹੈ। ਸੁਰੇਸ਼ ਤ੍ਰਿਵੇਣੀ ਵਰਗੇ ਨਵੇਂ ਅਤੇ ਮਰਦ ਡਾਇਰੈਕਟਰ ਦੁਆਰਾ ਕਿਸੇ ਔਰਤ ਬਾਰੇ ਅਜਿਹੀ ਸ਼ਾਨਦਾਰ ਕਹਾਣੀ ਲਿਖਣਾ ਦਿਲ ਨੂੰ ਛੂਹ ਲੈਣ ਵਾਲੀ ਗੱਲ ਹੈ।
ਨੇਹਾ ਨੂੰ ਹਰ ਸਮੇਂ ਫਿਲਮਾਂ ‘ਚ ਨਜ਼ਰ ਆਉਂਦੇ ਰਹਿਣਾ ਪਸੰਦ ਨਹੀਂ। ਉਸ ਦੀ ਕਹਾਣੀ ‘ਚ ਕਿਰਦਾਰ ਦਾ ਸਭ ਤੋਂ ਜ਼ਿਆਦਾ ਮਹੱਤਵ ਹੈ। ਉਹ ਕਹਿੰਦੀ ਹੈ, ‘ਮੇਰੇ ਲਈ ਸਕ੍ਰਿਪਟ ਦਾ ਮਹੱਤਵ ਹੈ, ਮੈਂ ਸ਼ਾਨਦਾਰ ਕਹਾਣੀਆਂ ਉੱਤੇ ਬਣਨ ਵਾਲੀਆਂ ਫਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਹੁਣ ਤੱਕ ਮੈਂ ਜਿੰਨਾ ਸਫਰ ਤੈਅ ਕੀਤਾ ਹੈ, ਉਸ ‘ਤੇ ਮੈਂ ਜ਼ਿਆਦਾ ਮਾਣ ਨਹੀਂ ਕਰ ਸਕਦੀ। ਹੁਣ ਮੈਂ ਹੋਰ ਅੱਗੇ ਜਾਣਾ ਹੈ।”