ਹੈਲੀਕਾਪਟਰ ਘਪਲਾ: ਏਅਰ ਫੋਰਸ ਦੇ ਸਾਬਕਾ ਮੁਖੀ ਵਿਰੁੱਧ ਚਾਰਜਸ਼ੀਟ ਦਾਖਲ

sp tyagi
ਨਵੀਂ ਦਿੱਲੀ, 2 ਸਤੰਬਰ (ਪੋਸਟ ਬਿਊਰੋ)- ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਐਸ ਪੀ ਤਿਆਗੀ ਅਤੇ 9 ਹੋਰਨਾਂ ਦੇ ਵਿਰੁੱਧ ਸੀ ਬੀ ਆਈ ਨੇ ਕੱਲ੍ਹ ਅਗਸਤਾ-ਵੈਸਟਲੈਂਡ ਵੀ ਵੀ ਆਈ ਪੀ ਹੈਲੀਕਾਪਟਰ ਕੇਸ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਵਿਸ਼ੇਸ਼ ਸੀ ਬੀ ਆਈ ਜੱਜ ਅਰਵਿੰਦ ਕੁਮਾਰ ਸਾਹਮਣੇ ਇਹ ਦੋਸ਼ ਪੱਤਰ ਦਾਇਰ ਕੀਤਾ ਗਿਆ, ਜਿਸ ਵਿੱਚ ਤਿਆਗੀ ਦੇ ਚਚੇਰੇ ਭਰਾ ਸੰਜੀਵ ਉਰਫ ਜੂਲੀ ਅਤੇ ਵਕੀਲ ਗੌਤਮ ਖੇਤਾਮ ਸਮੇਤ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੈਲੀਕਾਪਟਰ ਸੌਦੇ ‘ਚ 450 ਕਰੋੜ ਰੁਪਏ ਦੀ ਰਿਸ਼ਵਤਖੋਰੀ ਦਾ ਦੋਸ਼ ਲਾਇਆ ਗਿਆ ਹੈ।
ਇਸ ਚਾਰਜਸ਼ੀਟ ਵਿੱਚ ਸੀ ਬੀ ਆਈ ਨੇ ਦੋਸ਼ ਲਾਇਆ ਹੈ ਕਿ ਇਸ ਘਪਲੇ ਦੇ ਪਿੱਛੇ ਖੇਤਾਨ ਦਾ ਦਿਮਾਗ ਸੀ ਕਿ ਰਿਸ਼ਵਤ ਦਾ ਪੈਸਾ ਕਿਸ ਤਰ੍ਹਾਂ ਭਾਰਤ ਪੁੱਜੇ ਅਤੇ ਜਿਨ੍ਹਾਂ ਕਈ ਫਰਮਾਂ ਵਿੱਚੋਂ ਹੋ ਕੇ ਪੈਸਾ ਪੁੱਜਾ, ਉਹ ਹੋਂਦ ਵਿੱਚ ਆਈਆਂ ਅਤੇ ਸੰਜੀਵ ਯੂਰਪੀ ਵਿਚੋਲੇ ਕਾਰਲ ਗੇਰੋਸਾ ਨੂੰ ਜਾਣਦਾ ਸੀ। 71 ਸਾਲਾਂ ਦੇ ਸਾਬਕਾ ਏਅਰ ਚੀਫ ਮਾਰਸ਼ਲ ਤਿਆਗੀ, ਉਸ ਦੇ ਚਚੇਰੇ ਭਰਾ ਸੰਜੀਵ ਤੇ ਖੇਤਾਨ ਨੂੰ ਪਿਛਲੇ ਸਾਲ 9 ਸਤੰਬਰ ਨੂੰ ਜਾਂਚ ਏਜੰਸੀ ਨੇ ਕੇਸ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਹ ਮੁਲਜ਼ਮ ਅਜੇ ਜ਼ਮਾਨਤ ਉਤੇ ਹਨ।