ਹੈਮਿਲਟਨ ਵਿੱਚ ਤਿੰਨ ਗੱਡੀਆਂ ਦੀ ਟੱਕਰ ਵਿੱਚ 1 ਹਲਾਕ, 2 ਜ਼ਖ਼ਮੀ

ਹੈਮਿਲਟਨ, 14 ਜੂਨ (ਪੋਸਟ ਬਿਊਰੋ) : ਬੁੱਧਵਾਰ ਰਾਤ ਨੂੰ ਹੈਮਿਲਟਨ ਵਿੱਚ ਤਿੰਨ ਗੱਡੀਆਂ ਦੀ ਟੱਕਰ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।
ਇਹ ਹਾਦਸਾ ਸ਼ਾਮੀਂ 5:30 ਵਜੇ ਪਾਰਕਡੇਲ ਐਵਨਿਊ ਸਾਊਥ ਨੇੜੇ ਕੁਈਨਸਟੋਨ ਰੋਡ ਈਸਟ ਵਿੱਚ ਵਾਪਰਿਆ। ਹੈਮਿਲਟਨ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਸ਼ਾਮਲ ਦੋ ਗੱਡੀਆਂ ਦੀ ਤਾਂ ਆਹਮੋ ਸਾਹਮਣੀ ਟੱਕਰ ਹੋਈ। 30 ਸਾਲਾ ਔਰਤ ਨੂੰ ਤਾਂ ਉਸ ਦੀ ਗੱਡੀ ਕੱਟ ਕੇ ਉਸ ਵਿੱਚੋਂ ਕੱਢਣਾ ਪਿਆ ਤੇ ਉਸ ਨੂੰ ਬੇਸੁੱਧ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਕੁੱਝ ਸਮੇਂ ਬਾਅਦ ਹੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਦੋ ਪੁਰਸ਼ਾਂ ਨੂੰ ਵੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਹ ਤਿੰਨੇ ਵੱਖ ਵੱਖ ਗੱਡੀਆਂ ਵਿੱਚ ਸਫਰ ਕਰ ਰਹੇ ਸਨ। ਕੁਈਨਸਟੋਨ ਰੋਡ ਨੂੰ ਹਾਦਸੇ ਤੋਂ ਬਾਅਦ ਰੀਡ ਐਵਨਿਊ ਤੇ ਪਾਰਕਡੇਲ ਐਵਨਿਊ ਸਾਊਥ ਦਰਮਿਆਨ ਬੰਦ ਕਰ ਦਿੱਤਾ ਗਿਆ। ਪਰ ਜਾਂਚ ਤੋਂ ਬਾਅਦ ਮੁੜ ਇਹ ਰਸਤਾ ਖੋਲ੍ਹ ਦਿੱਤਾ ਗਿਆ। ਪੁਲਿਸ ਦਾ ਮੰਨਣਾ ਹੈ ਕਿ ਤੇਜ਼ ਰਫਤਾਰ ਤੇ ਸ਼ਰਾਬ ਇਸ ਹਾਦਸੇ ਲਈ ਜਿੰ਼ਮੇਵਾਰ ਹੋ ਸਕਦੀ ਹੈ।