ਹੈਪੀਨੈਂਸ ਨਾਲ ਹੀ ਖੂਬਸੂਰਤੀ : ਫਲੋਰਾ ਸੈਣੀ

flora saini
ਤੇਲਗੂ, ਕੰਨੜ ਅਤੇ ਤਮਿਲ ਦੀਆਂ ਬਹੁਤ ਸਾਰੀਆਂ ਫਿਲਮਾਂ ਕਰ ਚੁੱਕੀ ਅਦਾਕਾਰਾ ਫਲੋਰਾ ਸੈਣੀ ਹਿੰਦੀ ਵਿੱਚ ‘ਭਾਰਤ ਭਾਗਯ ਵਿਧਾਤਾ’, ‘ਲਵ ਇਨ ਨੇਪਾਲ’, ‘ਯਾ ਰਬ’, ‘ਗੁੱਡੂ ਕੀ ਗਨ’ ਵਰਗੀਆਂ ਫਿਲਮਾਂ ਵਿੱਚ ਅਭਿਨੈ ਦਾ ਜਾਦੂ ਚਲਾ ਚੁੱਕੀ ਹੈ। ਹੁਣ ਉਹ ਸ੍ਰੀਜੀਨ ਮੁਖਰਜੀ ਦੀ ਫਿਲਮ ‘ਬੇਗਮ ਜਾਨ’ ਵਿੱਚ ਦਿਖਾਈ ਦੇਣ ਵਾਲੀ ਹੈ। ਊਰਜਾ ਨਾਲ ਭਰਪੂਰ ਖੂਬਸੂਰਤ ਫਲੋਰਾ ਆਪਣੀ ਫਿਟਨੈਸ ਦਾ ਖਿਆਲ ਰੱਖਦੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀ ਸਵੇਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ?
– ਮੇਰੇ ਦਿਨ ਦੀ ਸ਼ੁਰੂਆਤ ਯੋਗ ਨਾਲ ਹੁੰਦੀ ਹੈ। ਇਸ ਤੋਂ ਬਿਨਾਂ ਮੈਂ ਨਹੀਂ ਰਹਿ ਸਕਦੀ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਚੰਗੀ ਤਰ੍ਹਾਂ ਯੋਗ ਕਰ ਲਵੋ ਤਾਂ ਤੁਹਾਨੂੰ ਜਿਮ ਜਾਣ ਜਾਂ ਦੂਜੀਆਂ ਕਸਰਤਾਂ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਸਵੇਰੇ ਮੈਂ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਂਦੀ ਹਾਂ ਤੇ ਹੈਵੀ ਨਾਸ਼ਤਾ ਕਰਦੀ ਹਾਂ ਤਾਂ ਕਿ ਸਾਰੇ ਦਿਨ ਲਈ ਊਰਜਾ ਬਣੀ ਰਹੇ।
* ਤੁਹਾਨੂੰ ਖਾਣ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਹਨ?
– ਮੈਨੂੰ ਇੰਡੀਅਨ ਫੂਡ ਪਸੰਦ ਹੈ। ਕੜਾਹੀ ਪਨੀਰ, ਦਾਲ ਮੱਖਣੀ ਤੋਂ ਲੈ ਕੇ ਸਾਊਥ ਦੇ ਇਡਲੀ ਡੋਸਾ ਤੱਕ ਮੈਨੂੰ ਸਭ ਕੁਝ ਚੰਗਾ ਲੱਗਦਾ ਹੈ। ਕੁਝ ਸਮਾਂ ਪਹਿਲਾਂ ਮੈਂ ਛੁੱਟੀਆਂ ਮਨਾਉਣ ਹਾਂਗਕਾਂਗ ਗਈ ਸੀ। ਉਥੇ ਮੈਨੂੰ ਮਨਪਸੰਦ ਖਾਣਾ ਨਾ ਮਿਲਿਆ ਤਾਂ ਤਿੰਨ-ਚਾਰ ਦਿਨਾਂ ਬਾਅਦ ਸੁਫਨੇ ‘ਚ ਦਾਲ ਮੱਖਣੀ ਦਿਸਣ ਲੱਗੀ। ਜ਼ਿਆਦਾ ਨਹੀਂ ਖਾਂਦੀ, ਪਰ ਚਟਪਟਾ, ਮਸਾਲੇਦਾਰ ਇੰਡੀਅਨ ਫੂਡ ਮੇਰੀ ਕਮਜ਼ੋਰੀ ਹੈ।
* ਰੋਡ ਸਾਈਡ ਫੂਡ ਬਾਰੇ ਤੁਹਾਡਾ ਕੀ ਖਿਆਲ ਹੈ?
– ਇਹ ਸਾਡੇ ਪੰਜਾਬੀ ਲੋਕਾਂ ਦੀ ਕਮਜ਼ੋਰੀ ਹੈ। ਮੈਂ ਦਿੱਲੀ ਵਿੱਚ ਪਲੀ ਤੇ ਵੱਡੀ ਹੋਈ ਹਾਂ ਤੇ ਗੋਲਗੱਪੇ, ਭੱਲੇ-ਪਾਪੜੀ, ਟਿੱਕੀ, ਛੋਲੇ ਭਟੂਰੇ ਅਤੇ ਇਧਰ ਮੁੰਬਈ ‘ਚ ਪਾਵ-ਭਾਜੀ, ਵੜਾ-ਪਾਵ, ਭੇਲ-ਪੂਰੀ ਮੇਰੇ ਫੇਵਰਿਟ ਹਨ। ਰੋਡ ਸਾਈਡ ਫੂਡ ਖਾਣ ਦਾ ਮਨ ਹੁੰਦਾ ਹੈ ਤਾਂ ਖੁਦ ਨੂੰ ਰੋਕ ਨਹੀਂ ਸਕਦੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਨੂੰ ਇੱਕ ਦੋ ਵਾਰ ਵੱਡੇ ਹੋਟਲਾਂ ਦਾ ਖਾਣਾ ਖਾ ਕੇ ਫੂਡ ਪੁਆਇਜ਼ਨਿੰਗ ਹੋ ਗਈ, ਪਰ ਰੋਡ ਸਾਈਡ ਫੂਡ ਨਾਲ ਕਦੇ ਨਹੀਂ ਹੋਈ।
* ਕਿਸ ਤਰ੍ਹਾਂ ਦੀਆਂ ਡ੍ਰੈਸੇਜ਼ ‘ਚ ਤੁਸੀਂ ਖੁਦ ਨੂੰ ਸਹਿਜ ਮਹਿਸੂਸ ਕਰਦੇ ਹੋ?
– ਇੰਡੀਅਨ ਡ੍ਰੈਸੇਜ਼ ਮੈਨੂੰ ਚੰਗੀਆਂ ਲੱਗਦੀਆਂ ਹਨ। ਮੈਨੂੰ ਸਾੜ੍ਹੀ ਬਹੁਤ ਪਸੰਦ ਹੈ ਤੇ ਸਾਊਥ ਵਿੱਚ ਮੈਂ ਬਹੁਤ ਸਾਰੀਆਂ ਫਿਲਮਾਂ ਵਿੱਚ ਸਾੜ੍ਹੀ ਪਹਿਨੀ ਹੈ, ਪਰ ਮੇਰੇ ਲਈ ਇਸ ਨੂੰ ਕੈਰੀ ਕਰਨਾ ਸੌਖਾ ਨਹੀਂ। ਮੈਂ ਉਨ੍ਹਾਂ ਔਰਤਾਂ ਉੱਤੇ ਹੈਰਾਨ ਹੁੰਦੀ ਹਾਂ, ਜੋ ਬੜੇ ਮਜ਼ੇ ਨਾਲ ਰੋਜ਼ ਸਾੜ੍ਹੀ ਬੰਨ ਕੇ ਆਫਿਸ ਜਾਂਦੀਆਂ ਜਾਂ ਘਰ ਦੇ ਸਾਰੇ ਕੰਮ ਨਿਪਟਾਉਂਦੀਆਂ ਹਨ। ਇਸ ਦੀ ਥਾਂ ਮੈਨੂੰ ਚੂੜੀਦਾਰ, ਕੁੜਤੀਆਂ, ਸਲਵਾਰ ਸੂਟ ਵਰਗੀਆਂ ਡ੍ਰੈਸੇਜ਼ ਬਹੁਤ ਆਰਾਮਦਾਇਕ ਲੱਗਦੀਆਂ ਹਨ।
* ਆਪਣੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਤੁਸੀਂ ਕੀ ਤਰੀਕਾ ਅਪਣਾਉਂਦੇ ਹੋ?
– ਮੈਂ ਹਮੇਸ਼ਾ ਖੁਸ਼ ਰਹਿੰਦੀ ਹਾਂ। ਮੈਨੂੰ ਲੱਗਦਾ ਹੈ ਕਿ ਖੁਸ਼ ਰਹਿਣ ਵਾਲਾ ਇਨਸਾਨ ਆਪਣੇ ਹਰ ਹਾਲਾਤ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦਾ ਹੈ ਅਤੇ ਸੰਤੁਸ਼ਟ ਰਹਿੰਦਾ ਹੈ। ਉਸ ਦੀ ਇਹੀ ਸੰਤੁਸ਼ਟੀ ਉਸੇ ਦੇ ਚਿਹਰੇ ‘ਤੇ ਖੂਬਸੂਰਤੀ ਬਣ ਕੇ ਝਲਕਦੀ ਹੈ।
* ਕਦੇ ਤਣਾਅ ‘ਚ ਹੁੰਦੇ ਹੋ ਤਾਂ ਕੀ ਕਰਦੇ ਹੋ?
– ਸੰਗੀਤ ਦਾ ਮੈਨੂੰ ਕਾਫੀ ਸ਼ੌਕ ਹੈ। ਮੈਂ ਸੰਗੀਤ ਸੁਣਦੀ ਹਾਂ ਅਤੇ ਸਭ ਕੁਝ ਭਗਵਾਨ ‘ਤੇ ਛੱਡ ਦਿੰਦੀ ਹਾਂ। ਮੈਂ ਆਪਣੇ ਅੰਦਰ ਨਾਂਹ-ਪੱਖੀ ਵਿਚਾਰ ਨਹੀਂ ਆਉਣ ਦਿੰਦੀ ਤੇ ਕਦੇ ਮੂਡ ਖਰਾਬ ਹੁੰਦਾ ਹੈ ਤਾਂ ਸ਼ਾਪਿੰਗ ਕਰਨ ਚਲੀ ਜਾਂਦੀ ਹਾਂ।