ਹੇਮਾ ਨੇ ਲਾਂਚ ਕੀਤਾ ਈਸ਼ਾ ਦੀ ਫਿਲਮ ਦਾ ਪਹਿਲਾ ਲੁਕ


ਵਿਆਹ ਦੇ ਬਾਅਦ ਈਸ਼ਾ ਦਿਓਲ ਬਾਲੀਵੁੱਡ ਦੀਆਂ ਫਿਲਮਾਂ ਤੋਂ ਦੂਰ ਹੋ ਗਈ ਸੀ ਅਤੇ ਲੰਬੇ ਗੈਪ ਦੇ ਬਾਅਦ ਉਹ ਇੱਕ ਸ਼ਾਰਟ ਫਿਲਮ ਨਾਲ ਵਾਪਸੀ ਕਰਨ ਲੱਗੀ ਹੈ। ‘ਕੇਕਵਾਕ’ ਨਾਂਅ ਨਾਲ ਬਣੀ ਇਹ ਸ਼ਾਰਟ ਫਿਲਮ ਬਣ ਕੇ ਤਿਆਰ ਹੋ ਗਈ ਹੈ। ਇਸ ਫਿਲਮ ਵਿੱਚ ਉਹ ਸ਼ੈੱਫ ਦੇ ਰੋਲ ਵਿੱਚ ਦਿਖਾਈ ਦੇਵੇਗੀ। ਪਿੱਛੇ ਜਿਹੇ ਈਸ਼ਾ ਦੀ ਮੈਂ ਹੇਮਾ ਮਾਲਿਨੀ ਨੇ ਲੰਡਨ ਵਿੱਚ ਇੱਕ ਸਮਾਰੋਹ ਦੇ ਦੌਰਾਨ ਇਸ ਸ਼ਾਰਟ ਫਿਲਮ ਦਾ ਪੋਸਟਰ ਜਾਰੀ ਕੀਤਾ ਸੀ। 22 ਮਿੰਟ ਲੰਬੀ ਇਸ ਸ਼ਾਰਟ ਫਿਲਮ ਨੂੰ ਅਗਸਤ ਵਿੱਚ ਰਿਲੀਜ਼ ਕੀਤਾ ਜਾਵੇਗਾ।
ਫਿਲਮ ਵਿੱਚ ਈਸ਼ਾ ਦਿਓਲ ਦੇ ਨਾਲ ਟੀ ਵੀ ਅਭਿਨੇਤਾ ਤਰੁਣ ਮਲਹੋਤਰਾ ਤੇ ਬੰਗਾਲੀ ਫਿਲਮਾਂ ਦੀ ਮੰਨੀ ਪ੍ਰਮੰਨੀ ਅਭਿਨੇਤਰੀ ਅਨੰਦਿਤਾ ਬੋਸ ਨੇ ਮਹੱਤਵ ਪੂਰਨ ਭੂਮਿਕਾ ਨਿਭਾਈ ਹੈ। ਫਿਲਮ ਦੀ ਪੂਰੀ ਸ਼ੂਟਿੰਗ ਕੋਲਕਾਤਾ ਵਿੱਚ ਕੀਤੀ ਗਈ ਹੈ। ਇਸ ਫਿਲਮ ਦਾ ਨਿਰਦੇਸ਼ਨ ਅਬਰਾ ਚੱਕਰਵਰਤੀ ਅਤੇ ਪੱਤਰਕਾਰ ਰਾਮਕਮਲ ਮੁਖਰਜੀ ਨੇ ਮਿਲ ਕੇ ਕੀਤਾ ਹੈ। ‘ਧੂਮ’ ਅਤੇ ‘ਯੁਵਾ’ ਵਰਗੀਆਂ ਮਲਟੀਸਟਾਰਰ ਫਿਲਮਾਂ ਲਈ ਪਛਾਣੀ ਜਾਣ ਵਾਲੀ ਈਸ਼ਾ ਨੇ 2002 ਵਿੱਚ ‘ਕੋਈ ਮੇਰੇ ਦਿਲ ਸੇ ਪੂਛੇ’ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 2012 ਵਿੱਚ ਬੁਆਏਫਰੈਂਡ ਭਰਤ ਤਖਤਾਨੀ ਨਾਲ ਵਿਆਹ ਕਰਨ ਦੇ ਬਾਅਦ ਉਹ ਫਿਲਮਾਂ ਤੋਂ ਪੂਰੀ ਤਰ੍ਹਾਂ ਗਾਇਬ ਹੋ ਗਈ ਸੀ।