ਹੇਠਾਂ ਉੱਤੇ ਦਸ ਜੋੜੇ ਕੱਪੜੇ ਪਾ ਕੇ ਫਲਾਈਟ ਵਿੱਚ ਚੜ੍ਹਨ ਲੱਗਾ ਰੋਕ ਦਿੱਤਾ ਗਿਆ

ਰੇਆਨ ਕਾਰਨੇ ਵਿਲੀਅਮਸ

ਲੰਡਨ, 17 ਜਨਵਰੀ (ਪੋਸਟ ਬਿਊਰੋ)- ਹਵਾਈ ਜਹਾਜ਼ ਵਿਚ ਮੁਸਾਫਰਾਂ ਨੂੰ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਪਰ ਮਿਥੀ ਹੱਦ ਤੋਂ ਵੱਧ ਸਾਮਾਨ ਲਿਜਾਣ ਵਾਲਿਆਂ ਨੂੰ ਇਸ ਦਾ ਵੱਧ ਕਿਰਾਇਆ ਦੇਣਾ ਪੈਂਦਾ ਹੈ। ਲੰਡਨ ਵਿਚ ਰਹਿਣ ਵਾਲੇ ਇਕ ਆਦਮੀ ਦੀ ਫਲਾਈਟ ਦੋ ਵਾਰੀ ਇਸ ਲਈ ਰੱਦ ਹੋ ਗਈ ਕਿ ਇਹ ਵਿਅਕਤੀ ਵਾਧੂ ਸਾਮਾਨ ਦਾ ਕਿਰਾਇਆ ਦੇਣ ਤੋਂ ਬਚਣ ਲਈ 10 ਜੋੜੇ ਕੱਪੜੇ ਪਹਿਨ ਕੇ ਹਵਾਈ ਜਹਾਜ਼ ਅੰਦਰ ਚੜ੍ਹ ਗਿਆ ਸੀ।
ਰੇਆਨ ਕਾਰਨੇ ਵਿਲੀਅਮਸ, ਜਿਸ ਨੂੰ ਇਸ ਅਜੀਬ ਘਟਨਾ ਪਿੱਛੋਂ ‘ਰੇਆਨ ਹਵਾਈ’ ਦਾ ਨਾਂ ਦਿੱਤਾ ਗਿਆ ਹੈ, ਨੂੰ ਬੁੱਧਵਾਰ ਨੂੰ ਕੇਫਲਾਵਿਕ ਹਵਾਈ ਅੱਡੇ ਉੱਤੇ ਉਡਾਣ ਲਈ ਬੋਰਡਿੰਗ ਪਾਸ ਦਿੱਤੇ ਜਾਣ ਤੋਂ ਨਾਂਹ ਕਰ ਦਿੱਤੀ ਗਈ। ਉਹ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿਚ ਆਈਸਲੈਂਡ ਤੋਂ ਲੰਡਨ ਜਾ ਰਿਹਾ ਸੀ। ਸਾਮਾਨ ਦਾ ਕਿਰਾਇਆ ਬਚਾਉਣ ਲਈ ਉਸ ਨੇ 8 ਜੋੜੀ ਪੈਂਟਾਂ ਅਤੇ 10 ਕਮੀਜ਼ਾਂ ਪਾਈਆਂ ਹੋਈਆਂ ਸਨ। ਇਸ ਲਈ ਰੇਆਨ ਨੂੰ ਬ੍ਰਿਟੇਨ ਦੀ ਫਲਾਈਟ ਲੈਣ ਤੋਂ ਰੋਕ ਦਿੱਤਾ ਗਿਆ। ਇਸ ਪਿੱਛੋਂ ਰੇਆਨ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਉੁੱਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਇਸ ਨੂੰ ਨਸਲੀ ਹਰਕਤ ਦੱਸਿਆ। ਦੂਸਰੇ ਪਾਸੇ ਬ੍ਰਿਟਿਸ਼ ਏਅਰਵੇਜ਼ ਨੇ ਸਫਾਈ ਦਿੱਤੀ ਕਿ ਇਸ ਵਿਚ ਕੋਈ ਨਸਲੀ ਭੇਦਭਾਵ ਨਹੀਂ ਕੀਤਾ ਗਿਆ। ਫਿਰ ਇਜ਼ੀ ਜੈੱਟ ਦੀ ਫਲਾਈਟ ਵਿਚ ਰੇਆਨ ਨੇ ਦੁਬਾਰਾ ਲੰਡਨ ਜਾਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰੀ ਵੀ ਰੇਆਨ ਨੂੰ ਉਡਾਣ ਦੀ ਇਜਾਜ਼ਤ ਨਹੀਂ ਮਿਲੀ। ਰੇਆਨ ਨੇ ਟਵੀਟ ਕੀਤਾ ਕਿ ਦੋ ਦਿਨਾਂ ਵਿਚ ਦੋ ਫਲਾਈਟਾਂ ਵਿਚ ਬਿਨਾ ਕਿਸੇ ਕਾਰਨ ਉਸ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਖੀਰ ਰੇਆਨ ਨਾਰਵੇ ਏਅਰਲਾਈਨਜ਼ ਦੀ ਫਲਾਈਟ ਲੈ ਕੇ ਬ੍ਰਿਟੇਨ ਪਹੁੰਚੇ। ਉਂਜ ਇਹ ਪਹਿਲਾ ਮਾਮਲਾ ਨਹੀਂ, ਜਦੋਂ ਕਿਸੇ ਯਾਤਰੀ ਨੇ ਇੰਨੇ ਕੱਪੜੇ ਪਹਿਨ ਕੇ ਜਹਾਜ਼ ਵਿਚ ਸਫਰ ਕੀਤਾ ਹੋਵੇ। ਇਸ ਤੋਂ ਪਹਿਲਾਂ ਸਾਲ 2015 ਵਿਚ ਸਕਾਟਲੈਂਡ ਦੇ ਗਾਇਕ ਜੇਮਜ਼ ਮੈਕਐਲਵਰ 12 ਜੋੜੇ ਕੱਪੜੇ ਪਹਿਨ ਕੇ ਲੰਡਨ ਤੋਂ ਗਲਾਸਗੋ ਦੀ ਫਲਾਈਟ ਵਿਚ ਸਵਾਰ ਹੋਏ ਸਨ।