ਹੁਣ ਹੈ ਡਾਇਨਾ ਦੀ ਵਾਰੀ

ਇਸ ਸਾਲ ਬਾਲੀਵੁੱਡ ਦੇ ਵੱਡੇ ਹੀਰੋ ਤਜਰਬਿਆਂ ਦੇ ਮੂਡ ‘ਚ ਨਜ਼ਰ ਆ ਰਹੇ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਇਸ ਸਾਲ ਸਲਮਾਨ ਖਾਨ ਵਰਗਾ ਅਦਾਕਾਰ ਵੀ ਟੌਪ ਲੀਗ ‘ਚ ਸ਼ਾਮਲ ਹੀਰੋਇਨਾਂ ਦੀ ਬਜਾਏ ਨਵੀਆਂ ਹੀਰੋਇਨਾਂ ਨੂੰ ਮੌਕਾ ਦੇ ਰਿਹਾ ਹੈ। ਸਲਮਾਨ ਖਾਨ ਨਾਲ ਕੰਮ ਕਰਨ ਲਈ ਬਾਲੀਵੁੱਡ ਦੀਆਂ ਸਾਰੀਆਂ ਵੱਡੀਆਂ ਹੀਰੋਇਨਾਂ ਬੇਤਾਬ ਹਨ, ਪਰ ਅੱਜ ਕੱਲ੍ਹ ਉਹ ਕਿਸੇ ਨੂੰ ਵੀ ਭਾਅ ਦੇਣ ਦੇ ਮੂਡ ਵਿੱਚ ਨਹੀਂ। ਉਸ ਨੇ ਸਭ ਨੂੰ ਝਟਕਾ ਦਿੰਦਿਆਂ ਫਿਲਮ ‘ਕਾਕਟੇਲ’ ਵਿੱਚ ਆਪਣੀ ਅਦਾਕਾਰੀ ਨਾਲ ਵਾਹ-ਵਾਹ ਲੁੱਟ ਚੁੱਕੀ ਨਵੀਂ ਅਦਾਕਾਰਾ ਡਾਇਨਾ ਪੈਂਟੀ’ ‘ਤੇ ਦਾਅ ਲਾਇਆ ਹੈ।
ਡਾਇਨਾ ਹੁਣ ਸੋਹੇਲ ਖਾਨ ਦੀ ਸਲਮਾਨ ਸਟਾਰਰ ਫਿਲਮ ‘ਰਾਧੇ’ ਵਿੱਚ ਨਜ਼ਰ ਆਏਗੀ। ਕਿਹਾ ਜਾਂਦਾ ਹੈ ਕਿ ਇਹ ਫਿਲਮ ਇਸ ਸਾਲ ਈਦ ‘ਤੇ ਪ੍ਰਦਰਸ਼ਤ ਹੋਵੇਗੀ। ਪਿਛਲੇ ਕਈ ਸਾਲਾਂ ਤੋਂ ਈਦ ‘ਤੇ ਰਿਲੀਜ਼ ਹੋਈ ਸਲਮਾਨ ਦੀ ਹਰ ਫਿਲਮ ਬਲਾਕ ਬਾਸਟਰ ਸਿੱਧ ਹੋਈ ਹੈ। ਅਜਿਹੇ ਵਿੱਚ ਡਾਇਨਾ ਦੀ ਖੁਸ਼ਕਿਸਮਤੀ ਨਾਲ ਹਰ ਨਵੀਂ ਅਦਾਕਾਰਾ ਨੂੰ ਈਰਖਾ ਹੋ ਸਕਦੀ ਹੈ। ਸਾਲ 2005 ਵਿੱਚ ਮਾਡਲਿੰਗ ਨਾਲ ਕਰੀਅਰ ਸ਼ੁਰੂ ਕਰਨ ਵਾਲੀ ਡਾਇਨਾ ਨੂੰ ਬੀਤੇ ਸਾਲ ਬਾਲੀਵਿੁੱਡ ‘ਚ ਡੈਬਿਊ ਕਰਨ ਵਾਲੀਆਂ ਨਵੀਆਂ ਹੀਰੋਇਨਾਂ ਵਿੱਚੋਂ ਸਭ ਤੋਂ ਵੱਧ ਟੈਲੇਂਟਿਡ ਅਦਾਕਾਰਾ ਵਜੋਂ ਦੇਖਿਆ ਜਾ ਰਿਹਾ ਹੈ, ਜੋ ਆਪਣੀ ਪਹਿਲੀ ਫਿਲਮ ‘ਕਾਕਟੇਲ’ ਵਿੱਚ ਸੈਫ ਅਲੀ ਖਾਨ ਅਤੇ ਦੀਪਿਕਾ ਪਾਦੁਕੋਣ ਵਰਗੇ ਸਿਤਾਰਿਆਂ ਦੇ ਹੁੰਦਿਆਂ ਵਾਹ-ਵਾਹ ਖੱਟਣ ਵਿੱਚ ਸਫਲ ਰਹੀ। ਉਂਝ ਡਾਇਨਾ ਆਪਣੀ ਸ਼ੁਰੂਆਤੀ ਸਫਲਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਗੰਭੀਰ ਹੈ ਤੇ ਇਸ ਦਾ ਪਤਾ ਉਸ ਵੱਲੋਂ ਕੀਤੀ ਜਾਂਦੀ ਆਪਣੀਆਂ ਫਿਲਮਾਂ ਦੀ ਚੋਣ ਤੋਂ ਲੱਗਣ ਲੱਗਾ ਹੈ। ਲੱਗਦਾ ਹੈ ਕਿ ਫਿਲਹਾਲ ਉਹ ਵੱਡੇ ਸਿਤਾਰਿਆਂ ਅਤੇ ਵੱਡੇ ਬੈਨਰ ਦੀਆਂ ਫਿਲਮਾਂ ਦਾ ਪੱਲਾ ਫੜ ਕੇ ਹੀ ਆਪਣੇ ਕਦਮ ਅੱਗੇ ਵਧਾਉਣ ਬਾਰੇ ਸੋਚ ਰਹੀ ਹੈ।