ਹੁਣ ‘ਲੈਂਡ ਆਫ ਲੁੰਗੀ’ ਵਿੱਚ ਨਜ਼ਰ ਆਉਣਗੇ ਅਕਸ਼ੈ ਕੁਮਾਰ

akshay kumar
ਅਕਸ਼ੈ ਕੁਮਾਰ ‘ਪੈਡਮੈਨ’, ‘ਗੋਲਡ’, ‘ਕੇਸਰ’ ਅਤੇ ‘2.0’ ਦੇ ਬਾਅਦ ਆਪਣੀ ਅਗਲੀ ਫਿਲਮ ਦੀ ਤਿਆਰੀ ਵਿੱਚ ਲੱਗਣ ਵਾਲੇ ਹਨ। ਇਸ ਦਾ ਨਾਂਅ ਹੈ ‘ਲੈਂਡ ਆਫ ਲੁੰਗੀ’ (ਐੱਲ ਓ ਐੱਲ), ਜੋ 2014 ਵਿੱਚ ਆਈ ਸਾਊਥ ਦੀ ਫਿਲਮ ‘ਵੀਰਮ’ ਦਾ ਰੀਮੇਕ ਹੈ। ‘ਵੀਰਮ’ ਵਿੱਚ ਸਾਊਥ ਦੇ ਸੁਪਰ ਸਟਾਰ ਅਜਿਤ ਕੁਮਾਰ ਨੇ ਮੁੱਖ ਕਿਰਦਾਰ ਨਿਭਾਇਆ ਸੀ। ‘ਲੈਂਡ ਆਫ ਲੁੰਗੀ’ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰਨ ਵਾਲੇ ਹਨ ਅਤੇ ਇਸ ਦਾ ਨਿਰੇਦਸ਼ਨ ਸਾਜਿਦ-ਫਰਹਾਦ ਦੀ ਜੋੜੀ ਵਿੱਚੋਂ ਫਰਹਾਦ ਕਰਨਗੇ। ‘ਵੀਰਮ’ ਵਿੱਚ ਇੱਕ ਪਿੰਡ ਦੀ ਕਹਾਣੀ ਸੀ, ਇਸ ਲਈ ‘ਲੈਂਡ ਆਫ ਲੁੰਗੀ’ ਦੇ ਵੀ ਪਿੰਡ ਦੇ ਪਿਛੋਕੜ ‘ਤੇ ਹੋਣ ਦੀ ਸੰਭਾਵਨਾ ਹੈ।
ਪਹਿਲਾਂ ‘ਟਾਇਲੇਟ : ਏਕ ਪ੍ਰੇਮ ਕਥਾ’ ਅਤੇ ਇੱਕ ‘ਪੈਡਮੈਨ’ ਸੋਸ਼ਲ ਇਸ਼ੂ ਨਾਲ ਜੁੜੀਆਂ ਬੈਕ ਟੂ ਬੈਕ ਇਨ੍ਹਾਂ ਫਿਲਮਾਂ ਨੂੰ ਕਰਨ ਪਿੱਛੋਂ ਇੰਡਸਟਰੀ ਵਿੱਚ ਚਰਚਾ ਸੀ ਕਿ ਅਕਸ਼ੈ ਕੁਮਾਰ ਹੁਣ ਸੋਸ਼ਲ ਇਸ਼ੂ ਨਾਲ ਜੁੜੀਆਂ ਫਿਲਮਾਂ ਹੀ ਕਰਨਗੇ, ਪਰ ਏਦਾਂ ਨਹੀਂ ਹੋਇਆ। ਅਕਸ਼ੈ ਨੇ ਇੱਕ ਅਲੱਗ ਤਰ੍ਹਾਂ ਦੀ ਫਿਲਮ ਚੁਣੀ ਹੈ, ਜੋ ਕਾਫੀ ਇੰਟਰਟੇਨਿੰਗ ਹੋਵੇਗੀ। ਦੱਸਣਾ ਯੋਗ ਹੈ ਕਿ 2013 ਵਿੱਚ ‘ਬੌਸ’ ਦੇ ਬਾਅਦ ਅਕਸ਼ੈ ਨੇ ਸਾਊਥ ਦੀ ਕਿਸੇ ਵੀ ਫਿਲਮ ਦੇ ਹਿੰਦੀ ਰੀਮੇਕ ਵਿੱਚ ਕੰਮ ਨਹੀਂ ਕੀਤਾ। ਸਾਜਿਦ-ਫਰਹਾਦ ਦੀ ਜੋੜੀ ਨੇ ‘ਗੋਲਮਾਲ ਰਿਟਰਨਸ’, ‘ਆਲ ਦਿ ਬੈਸਟ : ਫਨ ਬਿਗੇਨਸ’, ‘ਹਾਊਸਫੁਲ 2’, ‘ਰੈਡੀ’, ‘ਗੋਲਮਾਲ 3’, ‘ਸਿੰਘਮ’ ਅਤੇ ‘ਬੋਲ ਬੱਚਨ’ ਆਦਿ ਫਿਲਮਾਂ ਲਿਖੀਆਂ। ਫਰਹਾਦ ਤੇ ਅਕਸ਼ੈ ਦੋਵੇਂ ਇੱਕ-ਦੂਸਰੇ ਨਾਲ ਕੰਫਰਟੇਬਲ ਹਨ। ਅਕਸ਼ੈ ਅਤੇ ਸਾਜਿਦ ਨਾਡਿਆਡਵਾਲਾ ਦੀ ਤਾਂ ਦੋਵਾਂ ਦੀ ਸਾਂਝੀ ਇਹ ਨੌਵੀਂ ਫਿਲਮ ਹੈ।
‘ਵੀਰਮ’ ਵਿੱਚ ਅਜਿਤ ਨੇ ਵੱਡੇ ਭਰਾ ਦਾ ਕਿਰਦਾਰ ਨਿਭਾਇਆ ਸੀ, ਜਿਸ ਦੇ ਤਿੰਨ ਛੋਟੇ ਭਰਾ ਹੁੰਦੇ ਹਨ। ਆਪਣੇ ਭਰਾਵਾਂ ਦੀ ਦੇਖਭਾਲ ਲਈ ਵੱਡਾ ਭਰਾ ਵਿਆਹ ਨਾ ਕਰਨ ਦਾ ਫੈਸਲਾ ਕਰਦਾ ਹੈ। ਅਜਿਹੇ ਵਿੱਚ ਤਿੰਨੇ ਭਰਾ ਵੀ ਵਿਆਹ ਨਾ ਕਰਨ ਦਾ ਫੈਸਲਾ ਲੈਂਦੇ ਹਨ, ਪਰ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਆੜੇ ਆ ਜਾਂਦੀਆਂ ਹਨ। ਇਸ ਦੇ ਬਾਅਦ ਤਿੰਨੇ ਭਰਾ ਵੱਡੇ ਭਰਾ ਨੂੰ ਪਿਆਰ ਦੇ ਚੱਕਰ ਵਿੱਚ ਪਾਉਣ ਦੀ ਕੋਸ਼ਿਸ਼ ਕਰਨ ਲੱਗਦੇ ਹਨ, ਤਾਂ ਕਿ ਉਨ੍ਹਾਂ ਦੇ ਰਸਤੇ ਸਾਫ ਹੋ ਸਕਣ। ਇਸ ਦੌਰਾਨ ਕੁਝ ਬੁਰੇ ਲੋਕ ਰੁਕਾਵਟ ਬਣਦੇ ਹਨ। ਇਥੋਂ ਹੀ ਕਹਾਣੀ ਅੱਗੇ ਵਧਦੀ ਹੈ।