ਹੁਣ ਮੈਂ ਰਿਲੈਕਸ ਹੋ ਗਈ ਹਾਂ : ਕਲਕੀ ਕੋਚਲਿਨ

kalki
ਆਪਣੀ ਲੁਕਸ ਦੀ ਬਜਾਏ ਦਮਦਾਰ ਅਭਿਨੈ ਦੀ ਬਦੌਲਤ ਫਿਲਮ ਨਗਰੀ ਵਿੱਚ ਖੁਦ ਨੂੰ ਸਥਾਪਤ ਕਰਨ ਚੁੱਕੀ ਕਲਕੀ ਇਨ੍ਹੀਂ ਦਿਨੀਂ ਰੰਗਮੰਚ ਨੂੰ ਆਪਣਾ ਜ਼ਿਆਦਾ ਸਮਾਂ ਦੇਣਾ ਪਸੰਦ ਕਰ ਰਹੀ ਹੈ। ਹਾਲਾਂਕਿ ਫਿਲਮਾਂ ਵਿੱਚ ਵੀ ਉਸ ਦੀ ਮੌਜੂਦਗੀ ਲਗਾਤਾਰ ਬਣੀ ਹੋਈ ਹੈ। ਹੁਣੇ ਜਿਹੇ ਉਹ ਫਿਲਮ ‘ਮੰਤਰਾ’ ਵਿੱਚ ਦਿਖਾਈ ਦਿੱਤੀ ਸੀ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ‘ਮੰਤਰਾ’ ਵਿੱਚ ਤੁਹਾਡਾ ਕਿਰਦਾਰ ਕੀ ਹੈ?
– ਫਿਲਮ ‘ਮੰਤਰਾ’ ਵਿੱਚ ਮੇਰੇ ਕਿਰਦਾਰ ਦਾ ਨਾਂਅ ਪ੍ਰੀਆ ਕਪੂਰ ਹੈ, ਜੋ ਇੱਕ ਸ਼ੈਫ ਹੈ, ਪਰ ਆਪਣੇ ਮਾਤਾ-ਪਿਤਾ ਦੇ ਉਲਝੇ ਹੋਏ ਰਿਸ਼ਤਿਆਂ ਤੋਂ ਪ੍ਰੇਸ਼ਾਨ ਹੈ। ਮੇਰਾ ਕਿਰਦਾਰ ਅੱਜ ਦੇ ਜ਼ਮਾਨੇ ਦੀ ਵਰਕਿੰਗ, ਮਿਡਲ ਕਲਾਸ, ਆਜ਼ਾਦ ਤੇ ਆਰਥਿਕ ਰੂਪ ਨਾਲ ਮਜ਼ਬੂਤ ਲੜਕੀ ਦਾ ਹੈ, ਜੋ ਪਰਵਾਰਕ ਭਾਵੁਕ ਰਿਸ਼ਤਿਆਂ ਦੀ ਵਜ੍ਹਾ ਨਾਲ ਅੰਦਰੋਂ ਟੁੱਟੀ ਹੋਈ ਹੈ। ਮਿਡਲ ਕਲਾਸ ਸੁਸਾਇਟੀ ਦੀ ਅਜਿਹੀ ਲੜਕੀ, ਜੋ ਆਰਥਿਕ ਰੂਪ ਨਾਲ ਮਜ਼ਬੂਤ ਹੈ, ਪਰ ਪਰਵਾਰਕ ਇਮੋਸ਼ਨਲ ਰਿਸ਼ਤਿਆਂ ਬਾਰੇ ਉਲਝੀ ਹੋਈ ਹੈ। ਘਰੇਲੂ ਹਿੰਸਾ, ਆਪਣੀ ਆਜ਼ਾਦੀ ਤੇ ਅਧਿਕਾਰ ਲਈ ਲੜਨ ਵਾਲਾ ਕਿਰਦਾਰ ਹੈ।
* ਲੰਬੇ ਸਮੇਂ ਤੋਂ ਤੁਸੀਂ ਬਾਲੀਵੁੱਡ ‘ਚ ਸਰਗਰਮ ਹੋ, ਕੀ ਕਹਿਣਾ ਚਾਹੋਗੇ ਆਰਟ ਅਤੇ ਵਪਾਰਕ ਫਿਲਮਾਂ ਦੇ ਬਾਰੇ?
– ਮੈਂ ਬਾਲੀਵੁੱਡ ‘ਚ ਲਗਭਗ 10 ਸਾਲ ਤੋਂ ਜ਼ਿਆਦਾ ਸਮਾਂ ਬਿਤਾ ਲਿਆ ਹੈ। ਪਹਿਲਾਂ ਮੇਰੇ ਲਈ ਇਹ ਜਗ੍ਹਾ ਨਵੀਂ ਸੀ ਤਾਂ ਮੈਂ ਆਪਣੀ ਇਮੇਜ਼ ਨੂੰ ਲੈ ਕੇ ਚਿੰਤਤ ਰਹਿੰਦੀ ਸੀ, ਸੋਚਦੀ ਸੀ ਕਿ ਇਹ ਫਿਲਮ ਨਗਰੀ ਮੇਰੇ ਬਾਰੇ ਕੀ ਸੋਚ ਰਹੀ ਹੋਵੇਗੀ? ਹੁਣ ਮੈਂ ਰਿਲੈਕਸ ਹੋ ਗਈ ਹਾਂ। ਜਿੱਥੋਂ ਤੱਕ ਬਾਲੀਵੁੱਡ ਦਾ ਸਵਾਲ ਹੈ ਇਹ ਬਹੁਤ ਗਣਿਤ ਪੂਰਨ ਬਿਜ਼ਨਸ ਹੈ, ਜਿਸ ਦੀਆਂ ਕਈ ਪਰਤਾਂ ਹਨ, ਜਿੱਥੇ ਇੱਕ ਅਭਿਨੇਤਾ ਨੂੰ ਉਸ ਦੇ ਬਾਕਸ ਆਫਿਸ ‘ਚ ਕਮਾਈ ਕਰਨ ਦੇ ਆਧਾਰ ‘ਤੇ ਤੋਲਿਆ ਜਾਂਦਾ ਹੈ। ਜਦੋਂ ਤੱਕ ਫਿਲਮ ਨਗਰੀ ਵਿੱਚ ਫਿਲਮ ਤੋਂ ਵੱਧ ਪੈਸਾ ਕਮਾਉਣ ਦੀ ਧਾਰਨਾ ਨਹੀਂ ਬਦਲੇਗੀ ਉਦੋਂ ਤੱਕ ਆਰਟ ਸਿਨੇਮਾ ਨੂੰ ਮਜ਼ਬੂਤੀ ਅਤੇ ਤਵੱਜੋਂ ਨਹੀਂ ਮਿਲੇਗੀ, ਇਹੀ ਨਜ਼ਰੀਆ ਹੈ, ਜੋ ਆਰਟ ਅਤੇ ਵਪਾਰਕ ਫਿਲਮ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ।
* ਤੁਸੀਂ ਕਿਹੜੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੋਗੇ?
– ਮੈਂ ਹਮੇਸ਼ਾ ਤੋਂ ‘ਸਿਸਟਰ ਨਿਵੇਦਿਤਾ’ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਸਾਂ। ਜੇ ਬਾਲੀਵੁੱਡ ਵਿੱਚ ਕਦੇ ਸਿਸਟਰ ਨਿਵੇਦਿਤਾ’ ਦੀ ਜ਼ਿੰਦਗੀ ‘ਤੇ ਫਿਲਮ ਬਣੇਗੀ ਤਾਂ ਉਸ ਦੀ ਕਾਸਟਿੰਗ ਵਿੱਚ ਮੇਰੇ ਇਲਾਵਾ ਕੋਈ ਹੋਰ ਨਹੀਂ ਹੋਵੇਗਾ। ਕਿਉਂਕਿ ਸਿਸਟਰ ਨਿਵੇਦਿਤਾ ਇੰਗਲਿਸ਼ ਵੂਮੈਨ ਦਾ ਕਿਰਦਾਰ ਹੈ। ਉਹ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਹਿੰਦੋਸਤਾਨ ਸ਼ਿਫਟ ਹੋ ਗਈ ਸੀ। ਬਾਅਦ ‘ਚ ਉਸ ਨੇ ਹਿੰਦੋਸਥਾਨ ‘ਚ ਕਈ ਥਾਵਾਂ ‘ਤੇ ਸਕੂਲ ਖੋਲ੍ਹੇ। ਮੇਰੀ ਮਾਂ ਸਿਸਟਰ ਨਿਵੇਦਿਤਾ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹੈ ਅਤੇ ਮੈਂ ਉਸ ਦੀ ਬਹੁਤ ਵੱਡੀ ਫੈਨ ਹਾਂ।
* ਤੁਹਾਡੀ ਮਨਪਸੰਦ ਪੁਰਾਣੀ ਫਿਲਮ ਕਿਹੜੀ ਹੈ?
– ਮੈਂ ਗੁਰੂਦੱਤ ਅਤੇ ਵਹੀਦਾ ਰਹਿਮਾਨ ਦੀ ਫਿਲਮ ‘ਪਿਆਸਾ’ ਦੀ ਰੀਮੇਕ ਵਿੱਚ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ‘ਪਿਆਸਾ’ ਦੀ ਰੀਮੇਕ ਜ਼ਰੂਰ ਬਣਾਉਣੀ ਚਾਹੀਦੀ ਹੈ ਤਾਂ ਕਿ ਇੱਕ ਵਾਰ ਫਿਰ ਤੋਂ ਲੋਕ ਇੱਕ ਬਿਹਤਰੀਨ ਕਹਾਣੀ ਦੇਖ ਸਕਣ, ਉਹ ਵੀ ਨਵੇਂ ਅੰਦਾਜ਼ ਨਾਲ। ‘ਪਿਆਸਾ’ ਇੱਕ ਬਹੁਤ ਖੂਬਸੂਰਤ, ਲਵਲੀ, ਸਿੰਪਲ ਅਤੇ ਬ੍ਰਿਲੀਅੰਟ ਫਿਲਮ ਹੈ। ਉਸ ਦੇ ਸਾਰੇ ਗਾਣੇ ਬਹੁਤ ਸੁਰੀਲੇ ਅਤੇ ਸਾਰਥਕ (ਮੀਨਿੰਗਫੁਲ) ਹਨ। ‘ਪਿਆਸਾ’ ਦੀ ਕਹਾਣੀ ‘ਚ ਪਿਆਰ, ਇਮੋਸ਼ਨ ਅਤੇ ਮਾਨਵਤਾ ਦਾ ਖੂਬਸੂਰਤ ਤਾਣਾ ਬਾਣਾ ਹੈ।
* ਆਜ਼ਾਦੀ ਦੇ ਕੀ ਮਤਲਬ ਹਨ ਤੁਹਾਡੇ ਲਈ? ਸੋਸ਼ਲ ਮੀਡੀਆ ਬਾਰੇ ਕੀ ਵਿਚਾਰ ਹੈ?
– ਜੀਵਨ ਵਿੱਚ ਕਰਨ ਨੂੰ ਬਹੁਤ ਕੁਝ ਹੈ, ਪਰ ਜਦੋਂ ਵੀ ਕੋਈ ਨਵੀਂ ਆਜ਼ਾਦੀ ਮਿਲਦੀ ਹੈ ਤਾਂ ਉਸ ਨਾਲ ਬਹੁਤ ਸਾਰੀ ਜ਼ਿੰਮੇਵਾਰੀ ਵੀ ਹੁੰਦੀ ਹੈ। ਅਜਿਹਾ ਹੀ ਸੋਸ਼ਲ ਮੀਡੀਆ ਨਾਲ ਹੈ, ਜਿੱਥੇ ਕਿਸੇ ਨੂੰ ਵੀ, ਕਦੇ ਤੇ ਕਿਤੇ ਵੀ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਪਰ ਸੱਚੀ ਗੱਲ ਇਹ ਹੈ ਕਿ ਅਸੀਂ ਇਹ ਜਾਣਦੇ ਨਹੀਂ ਕਿ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਦੀ ਵਰਤੋਂ ਕਿਵੇਂ ਕਰਨੀ ਹੈ। ਟਵਿੱਟਰ ‘ਤੇ ਫੇਸਬੁਕ ‘ਤੇ ਲਿਖਣ ਤੇ ਦੱਸਣ ਲਈ ਲੋਕਾਂ ਕੋਲ ਦਿਨ ਵਿੱਚ 20 ਚੀਜ਼ਾਂ ਹਨ। ਇਹ ਪਲੇਟਫਾਰਮ ਲੋਕਾਂ ਦੀ ਪ੍ਰਸਨਲ ਆਵਾਜ਼ ਹੈ। ਇਹ ਤੁਸੀਂ ਸੋਚਣਾ ਹੈ ਕਿ ਤੁਸੀਂ ਕਿਹੜੀਆਂ ਨਿੱਜੀ ਗੱਲਾਂ ਕਰਨੀਆਂ ਹਨ।
* ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਨਾਲ ਕਿਵੇਂ ਨਿਪਟਦੇ ਹੋ?
– ਮੈਂ ਸੋਸ਼ਲ ਮੀਡੀਆ ਨੂੰ ਇੰਜੁਆਏ ਕਰਦੀ ਹਾਂ। ਜਦੋਂ ਕਦੇ ਮੈਨੂੰ ਟਰੋਲ ਕੀਤਾ ਜਾਂਦਾ ਹੈ ਤਾਂ ਮੈਂ ਹਾਸੇ-ਮਜ਼ਾਕ ਵਿੱਚ ਲੈਂਦੀ ਹਾਂ ਅਤੇ ਉਸੇ ਅੰਦਾਜ਼ ਵਿੱਚ ਜਵਾਬ ਵੀ ਦਿੰਦੀ ਹਾਂ। ਮੈਂ ਟਵਿੱਟਰ ‘ਤੇ ਹੋਣ ਵਾਲੀ ਆਪਣੀ ਆਲੋਚਨਾ ਤੋਂ ਸਿੱਖਣ ਦਾ ਕੰਮ ਕਰਦੀ ਹਾਂ ਅਤੇ ਬਾਅਦ ਵਿੱਚ ਇਹੀ ਸਿੱਖੀਆਂ ਹੋਈਆਂ ਚੀਜ਼ਾਂ ਆਪਣੀ ਐਕਟਿੰਗ ਵਿੱਚ ਇਸਤੇਮਾਲ ਕਰਦੀ ਹਾਂ, ਜਿਸ ਨੂੰ ਵੱਧ ਤੋਂ ਵੱਧ ਲੋਕ ਦੇਖਣ ਆਉਂਦੇ ਹਨ।