ਹੁਣ ਮੇਰਾ ਸਮਾਂ ਆਇਐ : ਸ਼ਰਧਾ ਕਪੂਰ

shardha kapoor
ਬੀ ਟਾਊਨ ‘ਚ ‘ਆਸ਼ਿਕੀ ਗਰਲ’ ਦੇ ਨਾਂਅ ਨਾਲ ਮਸ਼ਹੂਰ ਸ਼ਰਧਾ ਕਪੂਰ ਦੀਆਂ ਪਿਛਲੀਆਂ ਕੁਝ ਫਿਲਮਾਂ ਬੇਸ਼ੱਕ ਫਲਾਪ ਰਹੀਆਂ ਹੋਣ, ਇਸ ਦੇ ਬਾਵਜੂਦ ਇਨ੍ਹੀਂ ਦਿਨੀਂ ਉਹ ਕਾਫੀ ਬਿਜ਼ੀ ਚੱਲ ਰਹੀ ਹੈ। ਉਹ ਇਕੱਠੇ ਕਈ ਫਿਲਮਾਂ ਕਰ ਰਹੀ ਹੈ। ਉਸ ਨੂੰ ਫਿਲਮਾਂ ‘ਚ ਆਪਣਾ ਸਿੰਗਿੰਗ ਟੇਲੈਂਟ ਦਿਖਾਉਣ ਦਾ ਵੀ ਮੌਕਾ ਮਿਲ ਰਿਹਾ ਹੈ। ਉਸ ਦੀ ਅਗਲੀ ਫਿਲਮ ‘ਹਸੀਨਾ ਪਾਰਕਰ’ ਲਈ ਉਸ ਨੂੰ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ। ਪੇਸ਼ ਹਨ ਸ਼ਰਧਾ ਨਾਲ ਹੋਈ ਗੱਲਬਾਤ ਦੇ ਅੰਸ਼ :
* ਸਭ ਤੋਂ ਪਹਿਲਾਂ ਤੁਸੀਂ ਆਪਣੀ ਫਿਲਮ ‘ਹਸੀਨਾ ਪਾਰਕਰ’ ਬਾਰੇ ਦੱਸੋ?
– ‘ਹਸੀਨਾ ਪਾਰਕਰ’ ਦੇ ਨਿਰਦੇਸ਼ਕ ਅਪੂਰਵ ਲਖੀਆ ਹਨ, ਜਿਨ੍ਹਾਂ ਨਾਲ ਮੈਂ ਪਹਿਲਾਂ ਵੀ ਦੋ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਹ ਇੱਕ ਬਾਇਓਪਿਕ ਫਿਲਮ ਹੈ, ਜਿਸ ਦਾ ਕੇਂਦਰ ਹੈ ਦਾਊਦ ਇਬਰਾਹੀਮ ਦੀ ਭੈਣ ਹਸੀਨਾ। ਕਿਉਂਕਿ ਮੈਂ ਹਮੇਸ਼ਾ ਤੋਂ ਹੀ ਬਾਇਓਪਿਕ ਕਰਨਾ ਚਾਹੁੰਦੀ ਸੀ, ਇਸ ਲਈ ਜਦੋਂ ਇਹ ਫਿਲਮ ਮੇਰੇ ਕੋਲ ਆਈ, ਮੈਂ ਇਸ ਨੂੰ ਸਵੀਕਾਰ ਕਰਨ ਵਿੱਚ ਦੇਰ ਨਹੀਂ ਲਾਈ ਕਿਉਂਕਿ ਹਸੀਨਾ ਨੇ ਆਪਣੀ ਜ਼ਿੰਦਗੀ ‘ਚ ਕਈ ਲੋਕਾਂ ਨੂੰ ਗੁਆਇਆ ਤੇ ਉਸ ਦੀ ਜ਼ਿੰਦਗੀ ਬੇਹੱਦ ਮੁਸ਼ਕਲ ਤੇ ਚੈਲੰਜ ਵਾਲੀ ਸੀ, ਇਸੇ ਕਰ ਕੇ ਮੇਰੀ ਇਸ ਫਿਲਮ ਵਿੱਚ ਦਿਲਚਸਪੀ ਜਾਗੀ। ਉਂਝ ਕਿਸੇ ਫਿਲਮ ‘ਚ ਕੇਂਦਰੀ ਪਾਤਰ ਨਿਭਾਉਣ ਦਾ ਮੌਕਾ ਮਿਲ ਰਿਹਾ ਸੀ ਤਾਂ ਭਲਾ ਇਨਕਾਰ ਕਿਉਂ ਕਰਦੀ।
* ਤੁਹਾਡਾ ਭਰਾ ਸਿਧਾਰਥ ਕਪੂਰ ਵੀ ਇਸ ਫਿਲਮ ‘ਚ ਕੰਮ ਕਰ ਰਿਹਾ ਹੈ। ਉਨ੍ਹਾਂ ਬਾਰੇ ਕੀ ਆਖੋਗੇ? ਇਸ ਵਿਚਲੇ ਆਪਣੇ ਕਿਰਦਾਰ ਲਈ ਕੀ ਤੁਸੀਂ ਵੀ ਖਾਸ ਮਿਹਨਤ ਕੀਤੀ ਸੀ?
– ਹਾਂ, ਸਿਧਾਂਤ ਇਸ ਫਿਲਮ ਵਿੱਚ ਦਾਊਦ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਰੋਲ ਲਈ ਉਸ ਨੇ ਖੁਦ ਡਾਇਰੈਕਟਰ ਅਪੂਰਵ ਲਖੀਆ ਨਾਲ ਗੱਲ ਕੀਤੀ ਸੀ। ਹਾਲਾਂਕਿ ਪਹਿਲਾਂ ਉਨ੍ਹਾਂ ਨੇ ਇਸ ਨੂੰ ਟਾਲ ਦਿੱਤਾ ਸੀ, ਪਰ ਪਿੱਛੋਂ ਇਸ ਰੋਲ ਲਈ ਉਹ ਮੰਨ ਗਏ। ਇਸ ਫਿਲਮ ਵਿੱਚ ਹਸੀਨਾ ਦੇ ਕਿਰਦਾਰ ਵਿੱਚ ਜਾਣ ਲਈ ਮੈਂ ਹਸੀਨਾ ਦੇ ਪਰਵਾਰ ਨਾਲ ਕਾਫੀ ਸਮਾਂ ਗੁਜ਼ਾਰਿਆ। ਇਸ ਰੋਲ ਲਈ ਮੈਨੂੰ ਸਿਲੀਕਾਨ ਬਾਲਸ ਮੂੰਹ ਵਿੱਚ ਦਬਾ ਕੇ ਡਾਇਲਗ ਬੋਲਣੇ ਪਏ। ਨਾਲ ਹੀ ਮੈਂ ਕਾਫੀ ਵਜ਼ਨ ਵੀ ਵਧਾਇਆ।
* ਤੁਹਾਡੇ ਹਿੱਸੇ ਵਿੱਚ ਕਈ ਹਿੱਟ ਫਿਲਮਾਂ ਹਨ, ਪਰ ਪਿਛਲੀਆਂ ਕੁਝ ਫਿਲਮਾਂ ਕਾਮਯਾਬ ਨਹੀਂ ਰਹੀਆਂ। ਅਸਫਲਤਾ ਨੂੰ ਕਿਸ ਰੂਪ ਨਾਲ ਲੈਂਦੇ ਹੋ?
– ਮੈਂ ਖੁਸ਼ ਹਾਂ ਕਿ ਮੈਨੂੰ ਆਪਣੇ ਕਰੀਅਰ ਦੇ ਆਰਥਿਕ ਦੌਰ ਵਿੱਚ ਹੀ ਸਫਲਤਾ ਦੇਖਣ ਦਾ ਮੌਕਾ ਮਿਲ ਗਿਆ। ਇਸ ਨਾਲ ਮੈਨੂੰ ਧੀਰਜ ਰੱਖਣਾ ਅਤੇ ਇਸ ਨੂੰ ਹੈਂਡਲ ਕਰਨਾ ਆ ਗਿਆ। ਜਦੋਂ ਤੁਹਾਡੀ ਫਿਲਮ ਨਹੀਂ ਚੱਲਦੀ ਤਾਂ ਕਈ ਲੋਕ ਤੁਹਾਨੂੰ ਕਹਿੰਦੇ ਹਨ ਕਿ ਮੈਂ ਮਨ੍ਹਾ ਕੀਤਾ ਸੀ ਕਿ ਇਹ ਫਿਲਮ ਨਹੀਂ ਚੱਲੇਗੀ, ਫਿਰ ਤੂੰ ਕਿਉਂ ਕੀਤੀ ਤੇ ਜਦੋਂ ਫਿਲਮ ਚੱਲ ਜਾਂਦੀ ਹੈ ਤਾਂ ਉਹੀ ਕਹਿੰਦੇ ਹਨ ਕਿ ਦੇਖਿਆ, ਮੈਂ ਕਿਹਾ ਸੀ ਕਿ ਇਹ ਫਿਲਮ ਜ਼ਰੂਰ ਚੱਲੇਗੀ, ਇਸ ਲਈ ਤੁਹਾਨੂੰ ਲੋਕਾਂ ਦੀਆਂ ਗੱਲਾਂ ‘ਤੇ ਧਿਆਨ ਨਾ ਦੇ ਕੇ ਜਿਹੋ ਜਿਹੇ ਹੋ, ਉਹੋ ਜਿਹੇ ਹੀ ਰਹਿਣਾ ਚਾਹੀਦੈ ਅਤੇ ਖੁਦ ਹੀ ਸਹੀ ਫੈਸਲੇ ਲੈਣੇ ਚਾਹੀਦੇ ਹਨ।
* ‘ਆਸ਼ਿਕੀ 2’ ਤੁਹਾਡੇ ਲਈ ਟਰਨਿੰਗ ਪੁਆਇੰਟ ਰਹੀ, ਇਹ ਗੱਲ ਆਖੀ ਜਾ ਸਕਦੀ ਹੈ?
– ਹਾਂ, ਇਹ ਇੰਡਸਟਰੀ ਬਹੁਤ ਵੱਡੀ ਹੈ, ਇਥੇ ਹਰ ਕਿਸੇ ਲਈ ਕੰਮ ਹੈ। ਨਵੇਂ-ਨਵੇਂ ਡਾਇਰੈਕਟਰ ਵੀ ਨਵੀਂ ਸੋਚ ਅਤੇ ਨਵੀਂ ਸਕ੍ਰਿਪਟ ਨਾਲ ਆ ਰਹੇ ਹਨ। ਹਰ ਕਿਸੇ ਨੂੰ ਹਰ ਤਰ੍ਹਾਂ ਦੇ ਐਕਟਰ ਚਾਹੀਦੇ ਹਨ। ਇਸ ਵਿੱਚ ਕੰਪੀਟੀਸ਼ਨ ਹੋਵੇ ਤਾਂ ਹੋਰ ਚੰਗਾ ਹੈ। ਇਸ ਨਾਲ ਉਭਰਨ ਦਾ ਮੌਕਾ ਮਿਲਦਾ ਹੈ। ਸੱਚ ਇਹ ਹੈ ਕਿ ‘ਆਸ਼ਿਕੀ 2’ ਦੇ ਡਾਇਰੈਕਟਰ ਮੋਹਿਤ ਸੂਰੀ ਮੇਰੇ ਘਰ ਕਿਸੇ ਹੋਰ ਫਿਲਮ ਦੀ ਗੱਲ ਕਰਨ ਆਏ ਸਨ। ਮੈਂ ਉਸ ਵੇਲੇ ਚਸ਼ਮਾ ਲਗਾਇਆ ਹੋਇਆ ਸੀ ਅਤੇ ਜੂੜਾ ਕੀਤਾ ਹੋਇਆ ਸੀ। ਉਹ ਲੁਕ ਮੋਹਿਤ ਨੂੰ ਪਸੰਦ ਆ ਗਈ ਅਤੇ ਉਨ੍ਹਾਂ ਨੇ ‘ਆਸ਼ਿਕੀ 2’ ਦੀ ਆਫਰ ਦੇ ਦਿੱਤੀ।
* ਜਦੋਂ ਲਕ ਤੁਹਾਡਾ ਸਾਥ ਨਹੀਂ ਦਿੰਦਾ ਤਾਂ ਕੀ ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋ?
– ਹਾਂ, ਜਦੋਂ ਮੈਂ ਦੂਜੀਆਂ ਅਭਿਨੇਤਰੀਆਂ ਨੂੰ ਅੱਗੇ ਵਧਦੀਆਂ ਦੇਖਦੀ ਸਾਂ ਤਾਂ ਮੈਨੂੰ ਅਸੁਰੱਖਿਆ ਮਹਿਸੂਸ ਹੁੰਦੀ ਸੀ, ਪਰ ਜਦੋਂ ਮੋਹਿਤ ਸੂਰੀ (‘ਆਸ਼ਿਕੀ 2’) ਅਤੇ ਵਿਸ਼ਾਲ ਸਰ (‘ਹੈਦਰ’) ਨੇ ਆਪਣੀਆਂ ਫਿਲਮਾਂ ਲਈ ਮੈਨੂੰ ਚੁਣ ਲਿਆ ਤਾਂ ਜਾਪਿਆ ਕਿ ਹੁਣ ਮੇਰਾ ਸਮਾਂ ਆ ਗਿਆ ਹੈ। ਇਸ ਦੌਰਾਨ ਮੈਂ ਖੁਦ ਨੂੰ ਸਮਝਾਉਂਦੀ ਰਹੀ ਕਿ ਅੱਗੇ ਵਧੋ। ਐਕਟਿੰਗ ਮੇਰਾ ਬਚਪਨ ਦਾ ਸੁਫਨਾ ਸੀ। ਉਮੀਦ ਹੈ ਕਿ ਕਿਸੇ ਦਿਨ ਮੈਨੂੰ ਐਵਾਰਡ ਵੀ ਮਿਲੇਗਾ।
* ਕੀ ਇਸ ਨਾਲ ਤੁਹਾਡੇ ਉੱਤੇ ਪ੍ਰਫਾਰਮੈਂਸ ਦਾ ਪ੍ਰੈਸ਼ਰ ਵੀ ਹੁੰਦਾ ਹੈ?
– ਪ੍ਰੈਸ਼ਰ ਉਦੋਂ ਹੁੰਦਾ ਹੈ, ਜਦੋਂ ਮੈਂ ਕੁਝ ਅਜਿਹਾ ਕਰਦੀ, ਜੋ ਮੈਨੂੰ ਪਸੰਦ ਨਾ ਹੁੰਦਾ। ਡਾਂਸਿੰਗ ਤਾਂ ਮੈਨੂੰ ਬਹੁਤ ਪਸੰਦ ਹੈ। ਮੈਂ ਬਚਪਨ ‘ਚ ਬਹੁਤ ਸਾਰੇ ਡਾਂਸ ਕੰਪੀਟੀਸ਼ਨਜ਼ ਵਿੱਚ ਹਿੱਸਾ ਲਿਆ ਹੈ। ਮੈ ਹੁਣ ਤੱਕ ਅਜਿਹੀਆਂ ਫਿਲਮਾਂ ਹੀ ਕੀਤੀਆਂ ਹਨ, ਜਿਨ੍ਹਾਂ ‘ਚ ਬੱਸ ਠੁਮਕਾ ਲਾਉਣਾ ਹੁੰਦਾ ਸੀ।