ਹੁਣ ਪਿੰਡ ਨਹੀਂ ਜਾ ਹੋਣਾ

ਬੜਾ ਮਨ ਕਰਦਾ ਹੈ ਆਪਣੇ ਪਿੰਡ ਜਾਵਾਂ | ਇਸ ਦੀਆਂ ਗਲੀਆਂ ਨੂੰ ਸਜਦਾ ਕਰਾਂ ਜਿਨ੍ਹਾਂ ਨੇ ਮੇਰੇ ਬਚਪਨ ਦੀਆਂ ਯਾਦਾਂ ਨੂੰ ਸੰਭਾਲਿਆ ਹੋਇਆ ਏ | ਆਪਣੇ ਪਿੱਤਰੀ ਘਰ ਵਿਚ ਫੈਲੀ ਹੋਈ ਗੰਧ ਨੂੰ ਆਪਣੇ ਅੰਦਰ ‘ਚ ਉਤਾਰਾਂ ਜਿਸ ਨੇ ਮੇਰੇ ਮੱਥੇ ਵਿਚ ਸੁੱਚੇ ਸੁਪਨੇ ਧਰੇ ਸਨ | ਇਸ ਦੀ ਕੋਠੜੀ ਵਿਚ ਕਦਮ ਰੱਖਾਂ ਜਿਥੇ ਕਦੇ ਬੱਚੇ ਹੁੰਦਿਆਂ ਜੇਠ-ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਨੂੰ ਨੀਂਦ ਦਾ ਅਨੰਦ ਮਾਣਿਆ ਸੀ | ਇਸ ਦੀ ਲੱਕੜ ਦੀ ਪੌੜੀ ਦੀ ਯਾਦ ਤਾਜ਼ੀ ਕਰਾਂ ਜੋ ਆਪਣੀ ਹੋਂਦ ਤਾਂ ਗਵਾ ਚੁੱਕੀ ਹੈ ਪਰ ਮੇਰੇ ਚੇਤਿਆਂ ਵਿਚ ਸੱਜਰਾ ਹੈ ਬਾਪ ਦਾ ਕੁਇੰਟਲ ਦੀ ਬੋਰੀ ਪਿੱਠ ‘ਤੇ ਲੈ ਕੇ ਕੋਠੇ ਤੋਂ ਉਤਰਨਾ ਅਤੇ ਪਿੰਡੋਂ ਬਾਹਰ ਖੜੇ੍ਹ ਗੱਡੇ ‘ਤੇ ਲੱਦਣਾ | ਮਨ ਬੜਾ ਕਰਦਾ ਏ ਕਿ ਉਸ ਚੁਬਾਰੇ ਦੀਆਂ ਕੰਧਾਂ ਨੂੰ ਆਪਣੇ ਮੱਥੇ ਨਾਲ ਛੁਹਾਵਾਂ ਜਿਥੇ ਕਦੇ ਸਿਆਲ ਦੀ ਰੁੱਤੇ ਬੋਰੀਆਂ ਲਟਕਾ ਕੇ ਪੜ੍ਹਦਾ ਹੁੰਦਾ ਸਾਂ ਅਤੇ ਬਲਬ ਨਾਲ ਹੀ ਆਪਣੇ ਠਰੇ ਹੱਥਾਂ ਨੂੰ ਨਿੱਘੇ ਕਰਦਿਆਂ, ਪੜ੍ਹਦਿਆਂ-ਪੜ੍ਹਦਿਆਂ ਕੁੱਕੜ ਪਹਿਲੀ ਬਾਂਗ ਦੇ ਦਿੰਦਾ ਹੁੰਦਾ ਸੀ | ਚੁਬਾਰੇ ਦਾ ਢਾਂਚਾ ਤਾਂ ਖੜ੍ਹਾ ਹੋ ਗਿਆ ਸੀ ਪਰ ਆਰਥਿਕ ਮੰਦਹਾਲੀ ਨੇ ਬੂਹੇ ‘ਤੇ ਬਾਰੀਆਂ ਲਾਉਣ ਦੀ ਗੁੰਜਾਇਸ਼ ਨਹੀਂ ਸੀ ਰਹਿਣ ਦਿੱਤੀ | ਹੁਣ ਯਾਦ ਆਉਾਦਾ ਹੈ ਕਿ ਕਠਿਨਾਈਆਂ ਵਿਚ ਪੜ੍ਹਨ ਦਾ ਹੀ ਕਿ੍ਸ਼ਮਾ ਸੀ ਕਿ ਉਸ ਸਾਲ ਯੂਨੀਵਰਸਿਟੀ ਦਾ ਵਜ਼ੀਫਾ ਮਿਲ ਗਿਆ ਸੀ | ਪਰ ਭਰਾਵਾਂ ਨੇ ਬਾਹਰ ਫਿਰਨੀ ‘ਤੇ ਕੋਠੀ ਪਾਉਾਦੇ ਸਾਰ ਹੀ ਪਿੰਡ ਵਿਚਲਾ ਘਰ ਵੇਚ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਉਸ ਘਰ ਨਾਲ ਜੁੜੀਆਂ ਯਾਦਾਂ ਨੇ ਸੁੰਨ ਵੱਟ ਲਈ ਸੀ | ਸੋਚਦਾ ਹਾਂ ਜੇ ਪਿੰਡ ਜਾ ਕੇ ਵੀ ਆਪਣੇ ਪੁਰਾਣੇ ਘਰ ਦੀਆਂ ਸਰਦਲਾਂ ਨੂੰ ਨਤਮਸਤਕ ਨਾ ਹੋ ਸਕਿਆ, ਚੁਬਾਰੇ ਦੇ ਬੂਹੇ-ਬਾਰੀਆਂ ਨੂੰ ਗਲੇ ਮਿਲ ਨਹੀਂ ਸਕਾਂਗਾ ਜਾਂ ਲੱਕੜ ਦੀ ਪੌੜੀ ਦੀ ਅਚੇਤ ਵਿਚ ਵੱਸੀ ਯਾਦ ਨੂੰ ਨਵਿਆ ਨਹੀਂ ਸਕਾਂਗਾ ਤਾਂ ਪਿੰਡ ਜਾਣ ਦੇ ਕੀ ਅਰਥ ਰਹਿ ਜਾਂਦੇ ਨੇ?

ਕਦੇ ਯਾਦ ਕਰਦਾ ਹਾਂ ਕਿ ਘਰਦਿਆਂ ਨੇ ਪੁਰਾਣੇ ਰੇਡੀਓ ਨੂੰ ਵੇਚ ਕੇ ਪੁਰਾਣਾ ਸਾਈਕਲ ਲੈ ਦਿੱਤਾ ਸੀ ਤਾਂ ਕਿ ਦੂਸਰੇ ਪਿੰਡ ਪੜ੍ਹਨ ਜਾਣ ਸਮੇਂ, ਤੁਰਨ ਦੀ ਬਜਾਏ ਸਾਈਕਲ ‘ਤੇ ਜਾਣਾ ਅਸਾਨ ਰਹੇਗਾ | ਬਾਪ ਦਾ ਵਾਹੀ ਦੇ ਨਾਲ-ਨਾਲ ਗੱਡਾ ਵਾਹੁਣਾ ਅਤੇ ਆਪਣੇ ਬੱਚਿਆਂ ਦੀ ਸੋਚ ਵਿਚ ਮਿਹਨਤ ਅਤੇ ਸੁਹਿਰਦਤਾ ਦਾ ਜਾਗ ਲਾਉਣਾ, ਸਾਡੀਆਂ ਕਿਸਮਤ ਰੇਖਾਵਾਂ ਹੀ ਤਾਂ ਬਣ ਗਿਆ ਸੀ | ਹੁਣ ਇਹ ਇਕ ਸੁਪਨੇ ਵਾਂਗ ਜਾਪਦਾ ਏ ਜਦ ਮੈਂ ਪਿੰਡ ਦੇ ਹਰ ਜੁਆਕ ਦੇ ਕੰਨ ਵਿਚ ਕੋੋਕੇ, ਹੱਥਾਂ ਵਿਚ ਮੋਬਾਈਲ ਅਤੇ ਹੇਠਾਂ ਮੋਟਰਸਾਈਕਲ ਦੇਖਦਾ ਹਾਂ | ਪਿੰਡ ਦੇ ਗੱਭਰੂਆਂ ਨੂੰ ਉਡੀਕਦੇ ਖੇਤ ਆਖਰ ਨੂੰ ਵਿਕਾਊ ਹੋ ਗਏ ਨੇ ਅਤੇ ਤੜਫ ਕੇ ਰਹਿ ਗਈ ਏ ਜ਼ਮੀਨ ਨੂੰ ਸੰਭਾਲ ਕੇ ਰੱਖਣ ਵਾਲੀ ਪੁਰਖਿਆਂ ਦੀ ਦਿਲੀ ਹਸਰਤ | ਖੇਤਾਂ ‘ਚ ਜਦ ਕਾਲੋਨੀ ਉਗ ਆਵੇ, ਇਸ ਦੀਆਂ ਬਰੂਹਾਂ ਤੱਕ ਪੱਥਰਾਂ ਦਾ ਜੰਗਲ ਫੈਲ ਜਾਵੇ ਅਤੇ ਇਸ ਦੀ ਅਮੀਰ ਵਿਰਾਸਤ ਨੂੰ ਸ਼ਹਿਰੀਕਰਨ ਖਾ ਜਾਵੇ ਤਾਂ ਪਿੰਡ ਆ ਕੇ ਕਿਹੜੇ ਖੇਤਾਂ ਨੂੰ ਗੇੜਾ ਮਾਰਨ ਦਾ ਸੋਚ ਸਕਦਾ ਹਾਂ | ਖੇਤ ‘ਚ ਹੁਣ ਕਿਹੜਾ ਸ਼ਰੀਕਾਂ ਨੇ ਵੜਨ ਦੇਣਾ ਹੈ | ਤੁਸੀਂ ਪਿੰਡ ‘ਤੋਂ ਬਾਹਰ ਪੈਰ ਪੁੱਟੋ ਸਹੀ, ਪਿੰਡ ਨਾਲ ਤੁਹਾਡੀ ਹਰ ਸਾਂਝ ਅਤੇ ਅਮਾਨਤ ਨੂੰ ਕਬਰ ਵਿਚ ਡੁੰਘਾ ਦਬਾ ਦਿੱਤਾ ਜਾਂਦਾ ਹੈ | ਫਿਰ ਸੋਚਦਾ ਹਾਂ, ਚਲੋ ਭਰਮ ਬਣਿਆ ਹੀ ਰਹੇ ਤਾਂ ਚੰਗਾ ਹੈ |
ਬਰਸਾਤਾਂ ਦੇ ਦਿਨੀਂ ਝੜੀਆਂ ਲਗਦੀਆਂ ਸਨ, ਪਿੰਡਾਂ ਦੀਆਂ ਕੱਚੀਆਂ ਗਲੀਆਂ ‘ਚ ਹਰ ਪਾਸੇ ਪਾਣੀ ਹੀ ਪਾਣੀ ਹੁੰਦਾ ਸੀ | ਰੱਬ ਦੀ ਰਜ਼ਾ ਵਿਚ ਰਹਿੰਦੇ ਮਾਲਕਾਂ ਦੇ ਫਾਕਿਆਂ ਦੇ ਨਾਲ-ਨਾਲ, ਡੰਗਰ ਵੀ ਫਾਕਾ ਕੱਟਦੇ ਸਨ | ਕਦੇ-ਕਦਾਈਾ ਮੀਂਹ ‘ਚ ਡਿੱਗੇ ਢਾਰੇ ਕਿਸੇ ਗਰੀਬ ਲਈ ਨਵੀਂ ਮੁਸੀਬਤ ਲੈ ਕੇ ਆਉਾਦੇ ਸਨ | ਖੂਹਾਂ ਦੇ ਪਾਣੀ ਧਰਤੀ ਤੋਂ ਹੱਥ ਕੁ ਹੀ ਨੀਵੇਂ ਰਹਿ ਜਾਂਦੇ ਸਨ | ਪਰ ਹੁਣ ਤਾਂ ਮੀਂਹ ਵੀ ਪੰਜਾਬ ਤੋਂ ਦੁਖੀ ਹੋ ਕੇ ਦੂਰ ਤੁਰ ਗਏ ਹਨ ਅਤੇ ਅਸੀਂ ਇਸ ਦੇ ਪਾਣੀ ਨੂੰ ਪਤਾਲ ਤੱਕ ਹੜੱਪ ਕਰ ਚੁੱਕੇ ਹਾਂ | ਪਾਣੀ ਵਿਹੂਣੇ ਪਿੰਡ ਬਾਰੇ ਤਾਂ ਮੈਂ ਕਦੇ ਕਿਆਸ ਵੀ ਨਹੀਂ ਸੀ ਕੀਤਾ ਅਤੇ ਨਾ ਹੀ ਸੋਚਿਆ ਸੀ ਪਿੰਡ ਦੀਆਂ ਖੂਹੀਆਂ, ਟਿਊਬਵੈੱਲ ਅਤੇ ਨਲਕੇ ਖਾਰੇ ਤੇ ਜ਼ਹਿਰੀਲੇ ਹੋਣ ਦਾ ਸੰਤਾਪ ਹੰਢਾਉਣਗੇ | ਮਨ ‘ਚ ਆਉਾਦਾ ਏ ਇਨ੍ਹਾਂ ਅੰਮਿ੍ਤ ਦੇ ਸੁੱਕੇ ਸੋਮਿਆਂ ਲਈ ਹਾਅ ਦਾ ਨਾਅਰਾ ਮਾਰਾਂ | ਪਰ ਕੌਣ ਸੁਣਦਾ ਏ ਸੰਵੇਦਨਾ ਭਰੀ ਹਾਕ ਨੂੰ, ਜਦ ਹਰ ਵਿਅਕਤੀ ਨਿੱਜੀ ਮੁਫਾਦ ਨੂੰ ਪਹਿਲ ਦੇਣ ਲੱਗ ਪਵੇ | ਲ਼ਾਲਚਪੁਣੇ ਕਾਰਨ ਮਾਨਵਤਾ ਦੇ ਸਰੋਕਾਰ ਖੁਦਕੁਸ਼ੀ ਕਰ ਲੈਂਦੇ ਨੇ | ਅਜਿਹਾ ਹੀ ਮੇਰੇ ਪਿੰਡ ਦੀ ਪਾਕ ਫਿਜ਼ਾ ਵਿਚ ਹੋ ਰਿਹਾ ਏ |
ਚੇਤਿਆਂ ‘ਚ ਵੱਸੇ ਪਿੰਡ ਵਿਚ ਹਰ ਬੱਚਾ ਸਭ ਦਾ ਸਾਂਝਾ ਹੁੰਦਾ ਸੀ ਅਤੇ ਕੋਈ ਵੀ ਵਡੇਰਾ ਤੁਹਾਡੀ ਗ਼ਲਤੀ ‘ਤੇ ਕੰਨ ਮਰੋੜ ਸਕਦਾ ਸੀ, ਤੁਹਾਡੇ ਮੌਰਾਂ ਵਿਚ ਮੁੱਕੇ ਧਰ ਸਕਦਾ ਸੀ, ਪੇਪਰ ਵਾਲੇ ਦਿਨ ਦਹੀਂ ਖਾ ਕੇ ਜਾਣ ਦੀ ਨਸੀਹਤ ਦੇ ਸਕਦਾ ਸੀ ਜਾਂ ਉਚੇਰੀ ਸਿੱਖਿਆ ਲੈਣ ਲਈ ਸੇਧ ਦੇ ਸਕਦਾ ਸੀ ਜਿਸ ਦਾ ਹਰ ਕੋਈ ਸਤਿਕਾਰ ਕਰਦਾ ਸੀ | ਇਕ ਬੱਚੇ ਦੀ ਪ੍ਰਾਪਤੀ ਸਾਰੇ ਪਿੰਡ ਲਈ ਮਾਣ ਹੁੰਦੀ ਸੀ | ਉਹ ਇਕ-ਦੂਸਰੇ ਨਾਲ ਖੁਸ਼ੀ ਨੂੰ ਸਾਂਝਾ ਕਰਨਾ ਪਰਮ ਧਰਮ ਸਮਝਦੇ ਸਨ | ਪਿੰਡ ਵਿਚ ਹਰ ਧੀ ਪਿੰਡ ਦੀ ਧੀ ਹੁੰਦੀ ਸੀ | ਗਰੀਬ-ਗੁਰਬੇ ਦੀ ਮਦਦ ਕਰਨਾ ਹਰ ਇਕ ਦਾ ਫਰਜ਼ ਹੁੰਦਾ ਸੀ | ਵਿਆਹ, ਪਾਠ, ਕੁੜਮਾਈ ਸਮੇਤ ਹਰ ਸਮਾਗਮ, ਸਭ ਦਾ ਸਾਂਝਾ ਹੁੰਦਾ ਸੀ ਅਤੇ ਇਸ ਦੀ ਸਫਲਤਾ ਲਈ ਸਾਰੇ ਇਕੱਠੇ ਹੁੰਦੇ ਸਨ | ਸੋਚਦਾ ਹਾਂ ਇਹ ਕੇਹੇ ਵਕਤ ਆ ਗਏ ਨੇ ਕਿ ਪਿੰਡ ਦੀ ਧੀ ਨੂੰ ਮਾਸ਼ੂਕ/ਪਤਨੀ ਬਣਾਉਣ ਲੱਗਿਆਂ, ਪਿੰਡ ਦੇ ਗਭਰੀਟ ਦੇਰ ਨਹੀਂ ਲਾਉਾਦੇ | ਕਿਸੇ ਦੇ ਜੁਆਕ ਨੂੰ ਨਸ਼ਿਆਂ ‘ਚ ਲਾ ਕੇ ਸ਼ਰੀਕ ਦੀ ਜ਼ਮੀਨ ਵਿਕਾਉਣ ਅਤੇ ਉਸ ਨੂੰ ਕੰਗਾਲ ਕਰਨ ਦੀ ਬਿਰਤੀ ਹਰ ਸ਼ਖਸ ਵਿਚ ਭਾਰੂ ਏ | ਪਿੰਡ ਦੇ ਲਾਗੀ ਦਰਾਂ ‘ਚੋਂ ਹੀ ਦੁਰਕਾਰੇ ਜਾਂਦੇ ਨੇ | ਬੜਾ ਚੇਤਾ ਆਉਾਦਾ ਏ ਗੋਹਾ-ਕੂੜਾ ਕਰਨ ਵਾਲੀ ਤਾਈ ਚਿੰਤੀ ਦੇ ਘਰ ਜਾਣਾ, ਕੰਬਦੇ ਹੱਥਾਂ ਦੀ ਅਸੀਸ ਲੈਣਾ ਅਤੇ ਪਿੱਤਲ ਦੇ ਗਿਲਾਸ ਵਿਚ ਸੁੜਾਕਿਆਂ ਨਾਲ ਚਾਹ ਪੀਣਾ | ਮਾਂ ਵਰਗਾ ਪਿਆਰ ਕਰਨ ਵਾਲੀਆਂ ਚਿੰਤੀਆਂ ਹੁਣ ਕਿੱਥੇ ਰਹਿ ਗਈਆਂ ਨੇ ਅਤੇ ਨਾ ਹੀ ਹੁਣ ਜੁਆਕ ਘਰ ਵਿਚ ਕੰਮ ਕਰਨ ਵਾਲੀਆਂ ਨਾਲ ਮੋਹ ਅਤੇ ਸਤਿਕਾਰ ਨਾਲ ਪੇਸ਼ ਆਉਾਦੇ ਨੇ | ਉਨ੍ਹਾਂ ਲਈ ਵੱਡਿਆਂ ਸੰਗ ਯਾਰੀ ਹੀ ਸਮਾਜਿਕ ਰੁਤਬੇ ਦਾ ਬਿੰਬ ਏ | ਪਿੰਡ ਦੇ ਚੌਗਿਰਦੇ ਵਿਚ ਫੈਲੀ ਹੋਈ ਆਪਾ-ਮਾਰੂ ਸੋਚ ਨੇ ਪਿੰਡ ਨੂੰ ਹੀ ਦੂਸ਼ਿਤ ਕਰ ਦਿੱਤਾ ਏ | ਇਸ ਪਲੀਤ ਵਾਤਾਵਰਨ ਵਿਚ ਜਾ ਕੇ ਮੈਨੂੰ ਕੀ ਹਾਸਲ ਹੋਵੇਗਾ? ਇਸ ਸਦਮੇ ਵਰਗੇ ਸੱਚ ਦਾ ਸਾਹਮਣਾ ਕਰਨ ਤੋਂ ਮੈਂ ਘਾਬਰਦਾ ਹਾਂ ਅਤੇ ਪਿੰਡ ਵੰਨੀਂ ਜਾਣ ਤੋਂ ਤਿ੍ਹਣ ਲੱਗ ਪੈਂਦਾ ਹਾਂ |
ਪਿੰਡ ਵਿਚ ਦਿਨ-ਦਿਹਾਰ ‘ਤੇ ਘਰ ਦੀ ਕੱਢੀ ਦਾਰੂ ਪੀ ਕੇ ਲਲਕਾਰੇ ਮਾਰਨਾ, ਸਿਰ ਪਾੜਨਾ ਜਾਂ ਕਤਲ ਕਰਨਾ, ਇਕ ਨਾਂਹ-ਪੱਖੀ ਵਰਤਾਰਾ ਹੁੰਦਾ ਸੀ | ਹਰ ਦੀਵਾਲੀ ਜਾਂ ਤਿਉਹਾਰ ‘ਤੇ ਗਲੀਆਂ ‘ਚ ਖੜਕਦੀਆਂ ਡਾਂਗਾਂ ਅਤੇ ਪੈਂਦੇ ਲਲਕਾਰੇ ਪਿੰਡ ਦੇ ਸੱਭਿਆਚਾਰ ਦਾ ਹਿੱਸਾ ਤਾਂ ਹੁੰਦੇ ਸਨ ਪਰ ਕਿਸੇ ਸਾਂਝੇ ਕਾਰਜ ਲਈ ਕੋਈ ਕਦੇ ਵੀ ਰੁਕਾਵਟ ਨਹੀਂ ਸੀ ਬਣਦਾ | ਬਿਗਾਨੇ ਵਿਹੜੇ ‘ਚੋਂ ਜਾਮਣਾਂ ਤੋੜਨਾ, ਅੰਬਰ ਜੇਡ ਉੱਚੀਆਂ ਖਜੂਰਾਂ ‘ਤੇ ਚੜ੍ਹ ਕੇ ਖਜੂਰਾਂ ਲਾਹੁਣਾ ਜਾਂ ਕਿਸੇ ਦੇ ਕੱਚੇ ਅਮਰੂਦ ਤੋੜਨਾ, ਬਚਪਨੀ ਸ਼ਰਾਰਤਾਂ ਦਾ ਅਧਾਰ ਸੀ | ਪਰ ਕੋਈ ਗੁੱਸਾ ਨਹੀਂ ਸੀ ਕਰਦਾ ਸਿਰਫ ਰੋਅਬਦਾਰ ਝਿੜਕਾਂ ਜ਼ਰੂਰ ਪੈਂਦੀਆਂ ਸਨ ਜਿਸਦਾ ਅਲਬੇਲਾ ਬਚਪਨਾ ਬਹੁਤ ਲੁਤਫ ਉਠਾਉਾਦਾ ਸੀ | ਹੁਣ ਤਾਂ ਪਿੰਡ ਨਿੱਕੇ ਦਾਇਰਿਆਂ ਵਿਚ ਸੁੰਗੜ ਗਿਆ ਏ | ਸਮਾਜਿਕ ਵੰਡ ਤਾਂ ਕਦੇ ਪਿੰਡਾਂ ਵਿਚ ਹੁੰਦੀ ਸੀ ਪਰ ਹੁਣ ਰਾਜਨੀਤਕ ਅਤੇ ਧਾਰਮਿਕ ਵੰਡ ਨੇ ਪਿੰਡ ਦੀ ਪਾਕੀਜ਼ਗੀ ਨੂੰ ਲੀਰੋ-ਲੀਰ ਕਰ ਦਿੱਤਾ ਏ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰ ਦਿੱਤਾ ਏ | ਮੇਰੇ ਕੋਲ ਦੇਖ ਨਹੀਂ ਹੋਣਾ ਆਪਣਿਆਂ ਹੱਥੋਂ ਆਪਣਿਆਂ ਦਾ ਚੀਰਹਰਨ, ਆਪਣਿਆਂ ਦੀ ਰੁਲਦੀ ਪੱਗ ਦੇ ਲੰਗਾਰ ਅਤੇ ਆਪਣੀ ਧਾਰਮਿਕ ਆਸਥਾ ਦੀ ਉੱਚਮਤਾ ਲਈ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਬਿਰਤੀ | ਵੱਖ-ਵੱਖ ਅਕੀਦਿਆਂ ਨੂੰ ਸਰਬ-ਸੁੱਖਨ ਦੀ ਕਾਮਨਾ ਕਰਨ ਵਾਲੇ ਬਜ਼ੁਰਗ ਕਬਰਾਂ ‘ਚ ਸਮਾ ਗਏ ਨੇ ਅਤੇ ਉਨ੍ਹਾਂ ਨਾਲ ਹੀ ਸੂਲੀ ‘ਤੇ ਚੜ੍ਹ ਗਈ ਏ ਸਰਬੱਤ ਦੇ ਭਲੇ ਦੀ ਲੋਚਾ |
ਹਰ ਦਮ ਕੁਦਰਤ ਦੀ ਸੰਗਤ ਮਾਣਨ ਵਾਲੇ ਪਿੰਡ ਦੇ ਭੋਲੇ-ਭਾਲੇ ਲੋਕ, ਕੁਦਰਤ ‘ਚੋਂ ਹੀ ਆਪਣਾ ਜੀਵਨ ਕਿਆਸਦੇ ਸਨ | ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਦਾ ਸ਼ੁਕਰ ਮਨਾਉਾਦੇ, ਬੇਫਿਕਰੀ ਦੇ ਆਲਮ ਵਿਚ ਢੋਲੇ ਦੀਆਂ ਲਾਉਾਦੇ ਸਨ | ਮੇਰੇ ਪਿੰਡ ਵਿਚ ਇਹ ਕੇਹੀ ਵਾਅ ਵੱਗੀ ਏ ਕਿ ਅਸੀਂ ਕੁਦਰਤ ਦੀਆਂ ਕੀਮਤੀ ਨਿਸ਼ਾਨੀਆਂ ਨੂੰ ਖੁਰਦ-ਬੁਰਦ ਕਰਨ ਦੇ ਆਹਰ ਵਿਚ, ਰੁੱਖਾਂ ਅਤੇ ਕੁੱਖਾਂ ਦਾ ਮਲੀਆ-ਮੇਟ ਕਰਨ ਦੇ ਰਾਹ ਤੁਰ ਪਏ ਹਾਂ | ਖੇਤਾਂ ਵਿਚ ਅੱਜਕਲ੍ਹ ਫਸਲ-ਰੂਪੀ ਖੁਸ਼ਹਾਲੀ ਨਹੀਂ ਸਗੋਂ ਖੁਦਕੁਸ਼ੀਆਂ ਉੱਗਦੀਆਂ ਨੇ | ਜੀਵਨ ਬਖਸ਼ਣ ਵਾਲੀਆਂ ਨਿਆਮਤਾਂ ਧਰਤ, ਪਾਣੀ ਅਤੇ ਹਵਾ, ਹੁਣ ਜੀਵ ਸੰਸਾਰ ਦੀ ਤਲੀ ‘ਤੇ ਮੌਤ ਖੁਣ ਰਹੀਆਂ ਨੇ | ਪਰਿੰਦੇ ਅੱਜਕਲ੍ਹ ਭਗਵਾਨ ਦੇ ਗੁਣ ਨਹੀਂ ਗਾਉਾਦੇ ਸਗੋਂ ਉਨ੍ਹਾਂ ਦੇ ਬੋਲਾਂ ਵਿਚ ਮਰਸੀਆ ਪਨਪਦਾ ਏ | ਦਰਿਆਵਾਂ ਦੀ ਰਵਾਨਗੀ, ਨਿਸ਼ਾਰ ‘ਚੋਂ ਡੁੱਲ੍ਹਦੇ ਪਾਣੀ ਦੇ ਸੰਗੀਤ ਅਤੇ ਹੱਲ ਵੱਗਦੇ ਬਲਦਾਂ ਦੀਆਂ ਟੱਲੀਆਂ ਨਾਲ ਕੁਦਰਤ ਸੰਗ ਇਕਸੁਰਤਾ ਅਲੋਪ ਹੋ ਚੁੱਕੀ ਹੈ | ਮੇਰੇ ਪਿੰਡ ਦੇ ਵਾਸੀ ਅਹਿਸਾਸ ਵਿਹੂਣੇ ਹੋ ਜਾਣਗੇ, ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ | ਹੁਣ ਮੈਂ ਕਿਵੇਂ ਦੇਖਾਂਗਾ ਆਪਣੇ ਹੀ ਸਾਹਾਂ ‘ਤੇ ਕਤਲਗਾਹਾਂ ਉਸਾਰ ਰਹੇ ਹਮ-ਗਰਾਈਆਂ ਨੂੰ |
ਮੇਰੇ ਖਿਆਲਾਂ ਵਿਚ ਵੱਸਿਆ ਪਿੰਡ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ? ਕਿੱਧਰ ਤੁਰ ਗਏ ਨੇ ਪੇਂਡੂਆਂ ਦੀ ਪਾਕੀਜ਼ਗੀ ਦੇ ਕਿੱਸੇ? ਕਿਸ ਨੇ ਅਗਵਾ ਕਰ ਲਈਆਂ ਨੇ ਬਜ਼ੁਰਗ ਮਾਵਾਂ ਦੀਆਂ ਅਸੀਸਾਂ ਭਰੀਆਂ ਠੰਢੜੀਆਂ ਛਾਵਾਂ?  ਕਿਹਨੇ ਬਜ਼ੁਰਗਾਂ ਦੀਆਂ ਅਸ਼ੀਰਵਾਦਾਂ ਵਿਚ ਹਿਚਕੀਆਂ ਬੀਜੀਆਂ? ਕਿਸ ਨੇ ਪਿੰਡ ਦੀ ਅਸੀਮ ਆਸਥਾ ਨੂੰ ਖੇਰੂੰ ਖੇਰੂੰ ਕੀਤਾ ਏ? ਆਰਤੀ, ਅਜ਼ਾਨ ਅਤੇ ਅਰਦਾਸ ਸੰਗ ਰੂਹ ‘ਚੋਂ ਅਕੀਦਤ ਭੇਟ ਕਰਨ ਵਾਲੇ ਬਜ਼ੁਰਗ ਜਦ ਪਿੰਡ ‘ਚੋਂ ਰੁੱਖਸਤ ਕਰ ਜਾਣ ਤਾਂ ਵਲਗਣਾਂ ਵਿਚ ਸਾਹ ਘੁੱਟਦਾ ਏ | ਭਲਾ! ਢਲਦੀ ਉਮਰੇ ਮੈੈਂ ਆਪਣੇ ਸਾਹਾਂ ਨੂੰ ਕਾਲ ਕੋਠੜੀ ਵਿਚ ਕੈਦ ਕਿੰਝ ਕਰਾਂ |
ਕਦੇ ਪਿੰਡ ਵਿਚ ਕੁਝ ਘਰ, ਪਾੜਿ੍ਹਆਂ ਦੇ ਘਰ ਨਾਲ ਜਾਣੇ ਜਾਂਦੇ ਸਨ | ਜੁਆਕਾਂ ਦੇ ਮਨਾਂ ਵਿਚ ਆਪਣੇ ਘਰ ਨੂੰ ਵੀ ਪਾੜਿ੍ਹਆਂ ਦਾ ਘਰ ਬਣਾਉਣ ਦਾ ਸੁਪਨਾ ਹੁੰਦਾ ਸੀ | ਪਰ ਹੁਣ ਤਾਂ ਜੁਆਕਾਂ ਨੂੰ ਪੜ੍ਹਾਈ ਭੁੱਲ ਚੁੱਕੀ ਹੈ | ਹੁਣ ਉਨ੍ਹਾਂ ਨੇ ਨੇਕਨੀਤੀ ਨਾਲ ਘਰ ਦੀਆਂ ਸੰਗਮਰਮਰੀ ਕੰਧਾਂ ਸਿਰਜਣ ਦੀ ਬਜਾਏ, ਨਸ਼ਿਆਂ ਦੀ ਤਸਕਰੀ, ਲੁੱਟਾਂ-ਖੋਹਾਂ ਜਾਂ ਬੇਈਮਾਨੀ ਨੂੰ ਆਪਣਾ ਇਮਾਨ ਬਣਾ ਲਿਆ ਏ | ਪਾੜਿ੍ਹਆਂ ਦੇ ਘਰ ਇਕ ਨੁੱਕਰ ਵਿਚ  ਸੁੰਗੜ ਕੇ ਦਿਸਣੋਂ ਹਟ ਗਏ ਨੇ ਅਤੇ ਸਿਰਫ ਬਹੁ-ਮੰਜ਼ਲੀ ਕੋਠੀਆਂ ਹੀ ਨਜ਼ਰ ਆਉਾਦੀਆਂ ਨੇ ਜਿਨ੍ਹਾਂ ਵਿਚੋਂ ਕੁਝ ਤਾਂ ਵਿਦੇਸ਼ਾਂ ਵਿਚ ਵੱਸਿਆਂ ਨੇ ਪਿੱਤਰੀ ਮੋਹ ਦੀ ਪੂਰਨਤਾ ਲਈ ਪਾਈਆਂ ਨੇ ਅਤੇ ਬਾਕੀਆਂ ਨੇ ਜ਼ਮੀਨਾਂ ਵੇਚ ਕੇ ਜਾਂ ਬਲੈਕ/ਭਿ੍ਸ਼ਟਾਚਾਰ ਦੀ ਮੋਟੀ ਕਮਾਈ ਨਾਲ | ਜੀ ਤਾਂ ਬੜਾ ਕਰਦਾ ਏ ਕਿ ਪਾੜਿ੍ਹਆਂ ਦੇ ਘਰ ਨੂੰ ਆਖਰੀ ਸਜਦਾ ਹੀ ਕਰ ਆਵਾਂ ਪਰ ਮੈਨੂੰ ਅਜਿਹੇ ਘਰਾਂ ਦੇ ਖੰਡਰਾਂ ਦੀ ਵੀ ਸੂਹ ਨਹੀਂ ਮਿਲਦੀ |
ਬੜੀਆਂ ਦੁਆਵਾਂ ਕੀਤੀਆਂ, ਲਿਲਕੜੀਆਂ ਲਈਆਂ, ਪਰ ਪਿੰਡ ਤਾਂ ਸੁਣਦਾ ਹੀ ਨਹੀਂ | ਜਦ ਕਦੇ ਪਿੰਡ ਨੇ ਕਰਵਟ ਲਈ ਤਾਂ ਪਿੰਡ ਜ਼ਰੂਰ ਜਾਵਾਂਗਾ | ਪਰ ਹਾਲੇ ਪਿੰਡ ਜਾਣ ਨੂੰ ਜੀਅ ਨਹੀਂ ਕਰਦਾ | ਤੁਸੀਂ ਦੱਸਣਾ ਕਿੰਝ ਮੈਂ ਪਿੰਡ ਨੂੰ ਜਾਵਾਂ |