ਹੁਣ ਪਾਕਿਸਤਾਨੀ ਕ੍ਰਿਕਟਰ ਸ਼ਰਜੀਲ ਖਾਨ ਸਪਾਟ ਫਿਕਸਿੰਗ ਕੇਸ ‘ਚ ਫਸਿਆ

Sharjeel-Khan-AP-380ਲਾਹੌਰ, 31 ਅਗਸਤ (ਪੋਸਟ ਬਿਊਰੋ)- ਪਾਕਿਸਤਾਨ ਦੇ ਟੈਸਟ ਬੱਲੇਬਾਜ਼ ਸ਼ਰਜੀਲ ਖਾਨ ‘ਤੇ ਸਪਾਟ ਫਿਕਸਿੰਗ ਮਾਮਲੇ ‘ਚ ਉਨ੍ਹਾਂ ਦੀ ਭੂਮਿਕਾ ਲਈ ਪੰਜ ਸਾਲ ਦੀ ਪਾਬੰਦੀ ਲਾ ਦਿੱਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਦੀ ਭਿ੍ਰਸ਼ਟਾਚਾਰ ਰੋਕੂ ਕਮੇਟੀ ਨੇ ਸ਼ਰਜੀਲ ਨੂੰ ਪੰਜ ਧਾਰਾਵਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ। ਇਸ ਕਮੇਟੀ ਵੱਲੋਂ ਕੱਲ੍ਹ ਜਾਰੀ ਇਕ ਆਦੇਸ਼ ਅਨੁਸਾਰ ਸ਼ਰਜੀਲ ‘ਤੇ ਪੰਜ ਸਾਲ ਦੀ ਪਾਬੰਦੀ ਦੋ ਪੜਾਅਵਾਂ ‘ਚ ਲਾਈ ਜਾਵੇਗੀ।
ਜਾਂਚ ਕਮੇਟੀ ਨੇ ਕਿਹਾ ਕਿ ਪਹਿਲੇ ਢਾਈ ਸਾਲ ਲਈ ਸ਼ਰਜੀਲ ਸਸਪੈਂਡ ਰਹੇਗਾ ਅਤੇ ਉਹ ਕੋਈ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਮੈਚ ਨਹੀਂ ਖੇਡ ਸਕੇਗਾ। ਇਸ ਦੇ ਬਾਅਦ ਉਸ ਦੀ ਵਾਪਸੀ ਉੱਤੇ ਨਜ਼ਦੀਕੀ ਨਜ਼ਰ ਰੱਖੀ ਜਾਵੇਗੀ। ਇਹ ਪਾਬੰਦੀ ਇਸ ਸਾਲ 10 ਫਰਵਰੀ ਤੋਂ ਪ੍ਰਭਾਵੀ ਹੋਵੇਗੀ। ਤਦ ਸ਼ਰਜੀਲ ਨੂੰ ਪਾਕਿਸਤਾਨ ਸੁਪਰ ਲੀਗ ‘ਚ ਇਸਲਾਮਾਬਾਦ ਯੂਨਾਈਟਿਡ ਤੇ ਪੇਸ਼ਾਵਰ ਜਲਮੀ ਵਿਚਾਲੇ ਉਦਘਾਟਨੀ ਮੈਚ ‘ਚ ਫਿਕਸਿੰਗ ‘ਚ ਸ਼ਾਮਲ ਪਾਇਆ ਗਿਆ ਸੀ। ਸ਼ਰਜੀਲ ਨੇ ਉਸ ਮੈਚ ‘ਚ ਚਾਰ ਗੇਂਦਾਂ ‘ਤੇ ਇਕ ਦੌੜ ਬਣਾਈ। ਦੋ ਗੇਂਦਾਂ ‘ਤੇ ਉਸ ਨੇ ਕੋਈ ਦੌੜ ਨਹੀਂ ਬਣਾਈ ਤੇ ਚੌਥੀ ਗੇਂਦ ‘ਤੇ ਉਹ ਆਊਟ ਹੋ ਗਿਆ। ਇਸ ਫਿਕਸਿੰਗ ‘ਚ ਕਿਹਾ ਜਾ ਰਿਹਾ ਹੈ ਕਿ ਲਤੀਫ ਦਾ ਹੱਥ ਹੈ। ਪਾਕਿਸਤਾਨ ਸੁਪਰ ਲੀਗ ਦੇ ਪਹਿਲੇ ਹੀ ਦਿਨ ਸ਼ਰਜੀਲ ਖਾਨ ਤੇ ਖਾਲਿਦ ਲਤੀਫ ਨੂੰ ਸ਼ੱਕੀ ਵਿਅਕਤੀਆਂ ਨਾਲ ਸੰਪਰਕ ਦੇ ਬਾਅਦ ਪੀ ਸੀ ਬੀ ਨੇ ਮੁਅੱਤਲ ਕਰ ਦਿੱਤਾ ਸੀ। ਸਪਾਟ ਫਿਕਸਿੰਗ ਦੇ ਦੋਸ਼ਾਂ ‘ਚ ਉਸ ਨੂੰ ਤਦ ਦੁਬਈ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਖਾਲਿਦ ਲਤੀਫ ‘ਤੇ ਵੀ ਸਪਾਟ ਫਿਕਸਿੰਗ ਦਾ ਦੋਸ਼ ਹੈ, ਪਰ ਉਸ ਦੇ ਖਿਲਾਫ ਪਾਬੰਦੀ ਦੀ ਖਬਰ ਨਹੀਂ ਆਈ। ਸ਼ਰਜੀਲ ਨੂੰ ਲਾਹੌਰ ਹਾਈ ਕੋਰਟ ਦੇ ਸਾਬਕਾ ਜੱਜ ਅਸਗਰ ਹੈਦਰ ਦੀ ਅਗਵਾਈ ਵਾਲੀ ਬੈਂਚ ਨੇ ਸਜ਼ਾ ਸੁਣਾਈ ਹੈ। ਸ਼ਰਜੀਲ ਨੇ ਹੁਣ ਤੱਕ ਇਕ ਟੈਸਟ, 25 ਇਕ ਦਿਨਾ ਤੇ 25 ਟੀ-20 ਮੈਚ ਖੇਡੇ ਹਨ।