ਹੁਣ ਨਹੀਂ ਤਾਂ ਕਦੋਂ ਹੋਵੇਗੀ ਉਂਟੇਰੀਓ ਵਿੱਚ ਡਰੱਗ ਐਮਰਜੰਸੀ?

26 Drug emergencyਟੋਰਾਂਟੋ ਦੇ ਇੱਕ ਡਾਕਟਰ ਦਾ ਬੀਤੇ ਦਿਨ ਟਵੀਟ ਸੀ, “ਮੇਰੇ ਮਰੀਜ਼ ਅੱਜ ਕੱਲ ਫੈਂਟਾਨਿਲ ਤੋਂ ਕੁੱਝ ਵਧੇਰੇ ਹੀ ਡਰੇ ਹੋਏ ਹਨ ਜੋ ਸੋਚਦੇ ਹਨ ਕਿ ਮਰਨ ਦੀ ਅਗਲੀ ਵਾਰੀ ਬੱਸ ਉਹਨਾਂ ਦੀ ਹੈ। ਇੱਕ ਵਿਚਾਰੇ ਨੇ ਤਾਂ ਜਾਂਦੇ ਹੋਏ ਇਹ ਸੋਚ ਕੇ ‘ਅਲਵਿਦਾ’ ਆਖਿਆ, ਖੌਰੇ ਮੁੜ ਕੇ ਮਿਲਣਾ ਹੈ ਜਾਂ ਨਹੀਂ”। ਉਂਟੇਰੀਓ ਵਿੱਚ ਫੈਂਟਾਨਿਲ ਅਤੇ ਹੋਰ ਨਸਿ਼ਆਂ ਕਾਰਣ ਹਾਲਾਤ ਇਸ ਕਦਰ ਮਾੜੇ ਹੋ ਚੁੱਕੇ ਹਨ ਕਿ ਕੱਲ ਟੋਰਾਂਟੋ ਦੇ ਬੋਰਡ ਆਫ ਹੈਲਥ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉਂਟੇਰੀਓ ਸਰਕਾਰ ਨੂੰ ਸਿਫ਼ਾਰਸ਼ ਕੀਤੀ ਕਿ ਪ੍ਰੋਵਿੰਸ ਵਿੱਚ ਐਮਰਜੰਸੀ ਐਲਾਨੀ ਜਾਣੀ ਚਾਹੀਦੀ ਹੈ। ਪਰ ਸਰਕਾਰ ਆਖ ਰਹੀ ਹੈ ਕਿ ਐਮਰਜੰਸੀ ਦੀ ਕੋਈ ਲੋੜ ਨਹੀਂ ਹੈ।

ਹਫਤਾ ਕੁ ਪਹਿਲਾਂ ਉਂਟੇਰੀਓ ਭਰ ਤੋਂ 700 ਤੋਂ ਵੱਧ ਸਿਹਤ ਸੰਭਾਲ ਵਰਕਰਾਂ (health care workers) ਨੇ ਪ੍ਰੀਮੀਅਰ ਕੈਥਲਿਨ ਵਿੱਨ ਨੂੰ ਉਂਟੇਰੀਓ ਵਿੱਚ ਐਮਰਜੰਸੀ ਐਲਾਨਣ ਲਈ ਬੇਨਤੀ ਕਰਨ ਵਾਲਾ ਇੱਕ ਪੱਤਰ ਸੌਂਪਿਆ ਸੀ। ਹੈਲਥ ਕੇਅਰ ਵਰਕਰਾਂ ਨੂੰ ਫਿ਼ਕਰ ਹੈ ਕਿ ਨਸਿ਼ਆਂ ਦੀ ਲੋੜੋਂ ਵੱਧ ਮਾਤਰਾ ਵਿੱਚ ਸੇਵਨ ਕਰਨ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਬਦੌਲਤ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਹ ਪੱਤਰ ਈ ਮੇਲ ਜਾਂ ਡਾਕ ਰਾਹੀਂ ਨਹੀਂ ਦਿੱਤਾ ਗਿਆ ਸਗੋਂ ਉਂਟੇਰੀਓ ਭਰ ਦੇ 59 ਕਸਬਿਆਂ ਅਤੇ ਸ਼ਹਿਰਾਂ ਤੋਂ ਚੱਲ ਕੇ ਆਏ ਇਹਨਾਂ 700 ਹੈਲਥ ਕੇਅਰ ਵਰਕਰਾਂ ਵੱਲੋਂ ਨਿੱਜੀ ਰੂਪ ਵਿੱਚ ਕੁਈਨ ਪਾਰਕ ਜਾ ਕੇ ਪ੍ਰੀਮੀਅਰ ਵਿੱਨ ਦੇ ਹੱਥੀਂ ਸੌਂਪਿਆ ਗਿਆ ਸੀ। ਪ੍ਰੀਮੀਅਰ ਤੋਂ ਇਲਾਵਾ ਇਹ ਪੱਤਰ ਹੋਰਾਂ ਤੋਂ ਇਲਾਵਾ ਸਿਹਤ ਮੰਤਰੀ ਐਰਿਕ ਹੌਸਕਿਨਸ, ਫੈਡਰਲ ਸਿਹਤ ਮੰਤਰੀ, ਉਂਟੇਰੀਓ ਦੇ ਚੀਫ ਮੈਡੀਕਲ ਅਫ਼ਸਰ, ਪਬਲਿਕ ਹੈਲਥ ਉਂਟੇਰੀਓ ਦੇ ਪ੍ਰਧਾਨ ਅਤੇ ਉਂਟੇਰੀਓ ਦੀ ਗਵਰਨਰ ਜਨਰਲ ਨੂੰ ਵੀ ਦਿੱਤਾ ਗਿਆ।
ਜਿਸ ਦਿਨ ਇਹ ਪੱਤਰ ਦਿੱਤਾ ਗਿਆ, ਉਸਤੋਂ ਅਗਲੇ ਹੀ ਦਿਨ ਪ੍ਰੋਵਿੰਸ਼ੀਅਲ ਸਰਕਾਰ ਨੇ ਡਰੱਗਾਂ ਦੀ ਦਰਵਰਤੋਂ ਨਾਲ ਹੋਣ ਵਾਲੀਆਂ ਮੌਤਾਂ ਕਾਰਣ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ 222 ਮਿਲੀਅਨ ਡਾਲਰ ਦੀ ਰਾਸ਼ੀ ਨਿਰਧਾਰਤ ਕਰ ਦਿੱਤੀ ਸੀ। ਪਰ ਸਰਕਾਰ ਆਖ ਰਹੀ ਹੈ ਕਿ ਐਮਰਜੰਸੀ ਦੀ ਕੋਈ ਲੋੜ ਨਹੀਂ ਹੈ।

2016 ਵਿੱਚ ਉਂਟੇਰੀਓ ਵਿੱਚ 865 ਮੌਤਾਂ ਹੋਣ ਦੇ ਬਾਵਜੂਦ ਸਿਹਤ ਮੰਤਰੀ ਐਰਿਕ ਹੌਸਕਿਨਸ ਅਤੇ ਪ੍ਰੀਮੀਅਰ ਕੈਥਲਿਨ ਵਿੱਨ ਲਈ ਹਾਲੇ ਐਮਰਜੰਸੀ ਨਹੀਂ ਵਾਲੀ ਸਥਿਤੀ ਨਹੀਂ ਆਈ ਹੈ। 2016 ਵਿੱਚ ਨਸਿ਼ਆਂ ਕਾਰਣ ਹੋਣ ਵਾਲੀਆਂ ਮੌਤਾਂ ਵਿੱਚ 2015 ਨਾਲੋਂ 19% ਵਾਧਾ ਹੋਇਆ ਸੀ। ਕੈਨੇਡੀਅਨ ਇਨਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ ਵੱਲੋਂ ਕਰਵਾਈ ਗਈ ਇੱਕ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਦਹਾਕੇ ਨਾਲੋਂ ਹੁਣ 53% ਵੱਧ ਲੋਕ ਅਫੀਮ ਆਧਾਰਿਤ (ਫੈਂਟਾਨਿਲ ਆਦਿ) ਨਸਿ਼ਆਂ ਕਾਰਣ ਹਸਪਤਾਲਾਂ ਵਿੱਚ ਭਰਤੀ ਹੋ ਰਹੇ ਹਨ। ਇਸ ਸਟੱਡੀ ਮੁਤਾਬਕ ਅਪਰੈਲ 2016 ਤੋਂ ਮਾਰਚ 2017 ਦੇ ਦਰਮਿਆਨ ਉਂਟੇਰੀਓ ਦੇ ਹਸਪਤਾਲਾਂ ਵਿੱਚ ਹਰ ਰੋਜ਼ ਪੰਜ ਵਿਅਕਤੀ ਅਫੀਮ ਆਧਾਰਿਤ ਨਸਿ਼ਆਂ ਦੀ ਦੁਰਵਰਤੋਂ ਕਾਰਣ ਭਰਤੀ ਹੋਏ ਸੀ। ਖਬਰਾਂ ਹਨ ਕਿ ਇਹਨਾਂ ਵਿੱਚੋਂ ਔਸਤਨ ਦੋ ਦੀ ਮੌਤ ਹੋ ਜਾਂਦੀ ਹੈ। ਇਸ ਸੱਭ ਕੁੱਝ ਦੇ ਬਾਵਜੂਦ ਸਰਕਾਰ ਲਈ ਹਾਲੇ ਐਮਰਜੰਸੀ ਵਾਲੀ ਸਥਿਤੀ ਨਹੀਂ ਬਣੀ ਹੈ।

ਸਿਹਤ ਖੇਤਰ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਦਾ ਮੰਨਣਾ ਹੈ ਕਿ ਉਂਟੇਰੀਓ ਵਿੱਚ ਐਮਰਜੰਸੀ ਲਾਉਣ ਵਿੱਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ। ਬੀ ਸੀ ਵਿੱਚ ਇੱਕ ਸਾਲ ਪਹਿਲਾਂ ਐਮਰਜੰਸੀ ਲਾ ਦਿੱਤੀ ਗਈ ਸੀ। ਐਮਰਜੰਸੀ ਨਾ ਲਾਉਣ ਬਾਬਤ ਸਿਹਤ ਮੰਤਰੀ ਹੌਸਕਿਨਸ ਦਾ ਤਰਕ ਹੈ ਕਿ ਅਜਿਹਾ ਕਰਨ ਨਾਲ ਸਥਿਤੀ ਨਾਲ ਨਿਪਟਣ ਵਾਸਤੇ ਉਸਦੇ ਵਿਭਾਗ ਨੂੰ ਕੋਈ ਵਧੇਰੇ ਅਖ਼ਤਿਆਰ ਮਿਲਣ ਵਾਲੇ ਨਹੀਂ।

ਨਿੱਤ ਦਿਨ ਖਰਾਬ ਹੁੰਦੀ ਜਾ ਰਹੀ ਸਥਿਤੀ ਦੇ ਮੱਦੇਨਜ਼ਰ ਹੈਲਥ ਕੇਅਰ ਪ੍ਰੋਫੈਸ਼ਨਲਾਂ ਨੂੰ ਚਿੰਤਾ ਹੋ ਰਹੀ ਹੈ ਕਿ ਐਮਰਜੰਸੀ ਨਾ ਲਾਉਣ ਦਾ ਭਾਵ ਹੈ ਸਰਕਾਰ ਵੱਲੋਂ ਸਥਿਤੀ ਦੀ ਗੰਭੀਰਤਾ ਨੂੰ ਅੱਖੋਂ ਪਰੋਖੇ ਕਰਨਾ। ਐਮਰਜੰਸੀ ਐਲਾਨਣ ਨਾਲ ਜਿੱਥੇ ਇਸ ਮੰਤਵ ਵਾਸਤੇ ਵਧੇਰੇ ਫੰਡ ਅਲਾਟ ਕਰਨ ਦੀ ਸੰਭਾਵਨਾ ਵੱਧ ਜਾਵੇਗੀ, ਉੱਥੇ ਸਮੁੱਚਾ ਸਿਸਟਮ ਇੱਕ ਜਵਾਬਦੇਹੀ ਦੇ ਤਾਣੇਬਾਣੇ ਅੰਦਰ ਆ ਜਾਵੇਗਾ। ਸੰਕਟਮਈ ਸਥਿਤੀਆਂ ਨਾਲ ਸਿੱਝਣ ਵਾਸਤੇ ਸਿਸਟਮ ਦੀ ਜਵਾਬਦੇਹੀ ਨਿਰਧਾਰਤ ਕਰਨੀ ਬਹੁਤ ਲਾਜ਼ਮੀ ਹੋ ਜਾਂਦੀ ਹੈ ਜਿਸਤੋਂ ਸਰਕਾਰ ਭੱਜਣ ਦੀ ਕੋਸਿ਼ਸ਼ ਵਿੱਚ ਹੈ। ਸਰਕਾਰ ਨੂੰ ਆਪਣੀ ਜੁੰਮੇਵਾਰੀ ਤੋਂ ਭੱਜਣ ਦੀ ਥਾਂ ਸਥਿਤੀ ਨੂੰ ਕਬੂਲਣ ਦੀ ਲੋੜ ਹੈ ਤਾਂ ਜੋ ਨਸ਼ੇ ਤੋਂ ਮੁਕਤ ਹੋ ਚੁੱਕੇ ਵਿਅਕਤੀਆਂ, ਪ੍ਰਭਾਵਿਤ ਪਰਿਵਾਰਾਂ ਅਤੇ ਕਮਿਊਨਿਟੀਆਂ ਵਿੱਚ ਸੁਨੇਹਾ ਜਾ ਸਕੇ ਕਿ ਉਹਨਾਂ ਦੇ ਜੀਵਨ ਦੀ ਸਰਕਾਰ ਉੱਨੀ ਹੀ ਬੁੱਕਤ ਪਾਉਂਦੀ ਹੈ ਜਿੰਨੀ ਕਿ ਹੋਰਾਂ ਦੀ।