ਹੁਣ ਥੀਏਟਰਾਂ ਵਿੱਚ ਦਿਸੇਗਾ ‘ਮਿਜਵਾਂ’ ਦਾ ਸਫਰ


ਮੰਨੀ-ਪ੍ਰਮੰਨੀ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਐੱਨ ਜੀ ਓ ‘ਮਿਜਵਾਂ’ ਵੈਲਫੇਅਰ ਸੁਸਾਇਟੀ’ ਨੇ ਮਲਟੀਪਲੈਕਸ ਚੇਨ ਨਾਲ ਹੱਥ ਮਿਲਾਇਆ ਹੈ। ਇਸ ਦੇ ਤਹਿਤ ਇਨ੍ਹਾਂ ਮਲਟੀਪਲੈਕਸਾਂ ਵਿੱਚ ਦਿਖਾਈ ਜਾ ਰਹੀ ਹਰ ਫਿਲਮ ਤੋਂ ਪਹਿਲਾਂ ‘ਮਿਜਵਾਂ’ ਦੀ 60 ਸੈਕਿੰਡ ਦੀ ਫਿਲਮ ਦਿਖਾਈ ਜਾਏਗੀ, ਉਹ ਵੀ ਰਾਸ਼ਟਰੀ ਗੀਤ ਤੋਂ ਪਹਿਲਾਂ। ਸ਼ਬਾਨਾ ਆਜ਼ਮੀ ਨੂੰ ਭਰੋਸਾ ਹੈ ਕਿ ਇਸ ਦੇ ਜ਼ਰੀਏ ‘ਮਿਜਵਾਂ’ ਦੇ ਤਹਿਤ ਹਾਸ਼ੀਏ ‘ਤੇ ਪਏ ਲੋਕਾਂ ਨੂੰ ਮਿਲ ਰਹੀ ਮਦਦ ਦੀ ਗੱਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇਗੀ।
ਵਰਨਣ ਯੋਗ ਹੈ ਕਿ ਇਸ ਫਾਊਂਡੇਸ਼ਨ ਦੇ ਜ਼ਰੀਏ ਸ਼ਬਾਨਾ ਆਪਣੇ ਜੱਦੀ ਪਿੰਡ ਦੀ ਔਰਤਾਂ ਅਤੇ ਲੜਕੀਆਂ ਨੂੰ ਪਿਛਲੇ ਅੱਠ ਸਾਲਾਂ ਤੋਂ ਪੜ੍ਹਾ ਰਹੀ ਹੈ। ਉਹ ਭਵਿੱਖ ਵਿੱਚ ਉਥੇ ਡਿਗਰੀ ਤੇ ਪ੍ਰੋਫੈਸ਼ਨਲ ਕੋਰਸ ਦੇ ਨਾਲ ਕਾਲਜ ਵੀ ਖੋਲ੍ਹਣਾ ਚਾਹੁੰਦੀ ਹੈ। ਇਸ ਸਭ ਲਈ ਰਕਮ ਇਕੱਠੀ ਕਰਨ ਲਈ ਉਹ ਮੁੰਬਈ ਵਿੱਚ ਸਾਲਾਨਾ ਫੈਸ਼ਨ ਸ਼ੋਅ ਆਯੋਜਤ ਕਰਦੀ ਹੈ। ਇਸ ਵਾਰ ਇਸ ਕੰਮ ਵਿੱਚ ਮਲਟੀਪਲੈਕਸ ਚੇਨ ਨਾਲ ਜੁੜ ਕੇ ਸ਼ਬਾਨਾ ਬੜੀ ਖੁਸ਼ ਹੈ। ਉਸ ਨੇ ਕਿਹਾ, ‘ਮੇਰੇ ਅੱਬਾ ਦਾ ਮੰਨਣਾ ਸੀ ਕਿ ਭਾਰਤ ਦੀ ਆਰਥਿਕ ਪ੍ਰਗਤੀ ਕੇਵਲ ਗ੍ਰਾਮੀਣ ਭਾਰਤ ਤੱਕ ਪਹੁੰਚ ਕੇ ਹੋ ਸਕਦੀ ਹੈ, ਜਿੱਥੇ 80 ਫੀਸਦੀ ਲੋਕ ਰਹਿੰਦੇ ਹਨ, ਉਨ੍ਹਾਂ ਤੱਕ ਮੌਕੇ ਪਹੁੰਚਦੇ ਨਹੀਂ। ਉਨ੍ਹਾਂ ਦੇ ਇਹ ਸ਼ਬਦ ਮੇਰੇ ਲਈ ਮੰਤਰ ਦਾ ਕੰਮ ਕਰਦੇ ਹਨ।”