ਹੁਣ ਕੁਰਦਿਸ਼ ਸੈਨਾਵਾਂ ਨੂੰ ਹਥਿਆਰ ਨਹੀਂ ਦੇਵੇਗਾ ਕੈਨੇਡਾ: ਜਨਰਲ ਜੌਨਾਥਨ ਵੈਂਸ

ਓਟਵਾ, 12 ਜੂਨ (ਪੋਸਟ ਬਿਊਰੋ) : ਕੈਨੇਡਾ ਦੇ ਉੱਘੇ ਸੈਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦਾ ਕਈ ਮਿਲੀਅਨ ਡਾਲਰ ਦੇ ਹਥਿਆਰ ਇਰਾਕ ਵਿੱਚ ਕੁਰਦਿਸ਼ ਸੈਨਾ ਨੂੰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨਾਲ ਲੜਨ ਨੂੰ ਦੇਣ ਦਾ ਕੋਈ ਇਰਾਦਾ ਨਹੀਂ ਹੈ।
ਜਨਰਲ ਜੌਨਾਥਨ ਵੈਂਸ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਯੋਜਨਾ ਹਾਲ ਦੀ ਘੜੀ ਕਿਸੇ ਵੀ ਤਰ੍ਹਾਂ ਸਿਰੇ ਨਹੀਂ ਚੜ੍ਹ ਸਕਦੀ। ਪਿਛਲੇ ਸਾਲ, ਫੈਡਰਲ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਕੁਰਦਿਸ਼ ਸੈਨਿਕਾਂ ਨੂੰ ਰਾਈਫਲਾਂ, ਮਸ਼ੀਨ ਗੰਨਜ਼, ਗ੍ਰਨੇਡ ਲਾਂਚਰਸ ਤੇ ਐਂਟੀ ਟੈਂਕ ਮਿਜ਼ਾਈਲਾਂ ਦੇਣਗੇ। ਕੈਨੇਡਾ ਵੱਲੋਂ ਇਹ ਐਲਾਨ ਖਿੱਤੇ ਵਿੱਚੋਂ ਆਈਐਸਆਈਐਸ ਨੂੰ ਖਤਮ ਕਰਨ ਲਈ ਕੀਤਾ ਗਿਆ ਸੀ।
ਪਰ ਵੈਂਸ ਨੇ ਆਖਿਆ ਕਿ ਇਸ ਯੋਜਨਾ ਦਾ ਜਿਹੜਾ ਟੀਚਾ ਸੀ ਕਿ ਆਈਐਸਆਈਐਸ ਤੋਂ ਮੋਸੁਲ ਨੂੰ ਖੋਹਣਾਂ ਆਦਿ ਬਿਨਾਂ ਹਥਿਆਰ ਉਨ੍ਹਾਂ ਨੂੰ ਦਿੱਤੇ ਬਿਨਾਂ ਹੀ ਪੂਰਾ ਹੋ ਗਿਆ, ਇਸ ਲਈ ਇਸ ਦੀ ਹੁਣ ਕੋਈ ਲੋੜ ਨਹੀਂ ਰਹਿ ਜਾਂਦੀ। ਉਨ੍ਹਾਂ ਆਖਿਆ ਕਿ ਇਹ ਵਿਸ਼ਾ ਕੋਈ ਸਾਡੀ ਨੀਤੀ ਨਾਲ ਨਹੀਂ ਸੀ ਜੁੜਿਆ ਹੋਇਆ ਸਗੋਂ ਇਹ ਤਾਂ ਸਮੇਂ ਦੀ ਲੋੜ ਦੇ ਹਿਸਾਬ ਨਾਲ ਲਿਆ ਜਾਣ ਵਾਲਾ ਫੈਸਲਾ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਦੋਂ ਇਹ ਹਥਿਆਰ ਖਰੀਦੇ ਗਏ ਤਾਂ ਓਨੇ ਚਿਰ ਨੂੰ ਇਰਾਕੀ ਤੇ ਕੁਰਦਿਸ਼ ਸੈਨਾਵਾਂ ਵਿੱਚ ਸਬੰਧ ਕਾਫੀ ਵਿਗੜ ਚੁੱਕੇ ਸਨ ਤੇ ਕੁਰਦਾਂ ਨੇ ਉੱਤਰੀ ਇਰਾਕ ਵਿੱਚ ਅਜ਼ਾਦ ਸਟੇਟ ਲਈ ਹੰਭਲਾ ਵੀ ਮਾਰ ਲਿਆ ਸੀ। ਕੁਰਦਾਂ ਲਈ ਖਰੀਦੇ ਇਹ ਹਥਿਆਰ ਮਾਂਟਰੀਅਲ ਵਿੱਚ ਕੈਨੇਡੀਅਨ ਫੋਰਸਿਜ਼ ਸਪਲਾਈ ਡੀਪੂ ਵਿੱਚ ਸਟੋਰ ਕੀਤੇ ਪਏ ਹਨ। ਪਿਛਲੇ ਮਹੀਨੇ ਕੰਜ਼ਰਵੇਟਿਵਾਂ ਨੇ ਸਰਕਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਇਹ ਹਥਿਆਰ ਤੇ ਫੌਜੀ ਸਾਜ਼ੋ ਸਮਾਨ ਯੂਕਰੇਨ ਨੂੰ ਦੇ ਦਿੱਤਾ ਜਾਵੇ। ਕੰਜ਼ਰਵੇਟਿਵ ਕ੍ਰਿਟਿਕ ਜੇਮਜ਼ ਬੇਜਾਨ ਨੇ ਆਖਿਆ ਕਿ ਹੁਣ ਇਨ੍ਹਾਂ ਹਥਿਆਰਾਂ ਉੱਤੇ ਮਿੱਟੀ ਪੈ ਰਹੀ ਹੈ ਤਾਂ ਇਨ੍ਹਾਂ ਨੂੰ ਯੂਕਰੇਨ ਵਿੱਚ ਹਿੰਸਾ ਰੋਕਣ ਲਈ ਦੇ ਦਿੱਤਾ ਜਾਣਾ ਚਾਹੀਦਾ ਹੈ।