ਹੁਣ ਕਿੱਥੇ ਰਹੀ ਅੱਲ੍ਹੜ ਉਮਰ ਵਾਲੀ ਉਹ ‘ਦੀਵਾਨਗੀ’

-ਕਰਣ ਥਾਪਰ
ਪੁਰਾਣੇ ਜ਼ਮਾਨੇ ‘ਚ ਇੱਕ ਗੀਤ ਚੱਲਦਾ ਸੀ ਼ੋਵੲ ਸਿ ਨਿ ਟਹੲ ਅਰਿ, ਪਰ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ‘ਚ ਅਜਿਹੀ ਸਥਿਤੀ ਨਹੀਂ ਹੈ। ਅਸੀਂ ਬੇਸ਼ੱਕ ‘ਕਾਮਸੂਤਰ’ ਦੇ ਯੁੱਗ ਵਿੱਚ ਪ੍ਰੇਮ ਲੀਲਾ ਦੀ ਕਲਾ ਵਿੱਚ ਕਿੰਨੀ ਵੀ ਮੁਹਾਰਤ ਹਾਸਲ ਕਿਉਂ ਨਾ ਕੀਤੀ ਹੋਵੇ, ਪਰ ਹੁਣ ਉਹ ਪ੍ਰਾਪਤੀਆਂ ਅਤੀਤ ਦਾ ਹਿੱਸਾ ਬਣ ਕੇ ਰਹਿ ਗਈਆਂ ਹਨ। ਅੱਜਕੱਲ੍ਹ ਅਸੀਂ ਲਵ ਜੇਹਾਦ ਦਾ ਰੌਲਾ ਸੁਣਦੇ ਹਾਂ ਅਤੇ ਯੋਗੀ ਜੀ ਮਹਾਰਾਜ, ਭਾਵ ਯੋਗੀ ਆਦਿੱਤਿਆਨਾਥ ਦੇ ਐਂਟੀ ਰੋਮੀਓ ਦਸਤਿਆਂ ਨੇ ਰੋਮਾਂਸ ਦਾ ਸਾਰਾ ਜੋਸ਼ ਠੰਢਾ ਕਰ ਕੇ ਰੱਖ ਦਿੱਤਾ ਹੈ ਜਾਂ ਦਬਾ ਹੀ ਦਿੱਤਾ ਹੈ।
ਭਾਰਤੀ ਜੂਲੀਅਟਸ (ਪੰਜਾਬੀਆਂ ਦੀਆਂ ਹੀਰਾਂ) ਹੋ ਸਕਦਾ ਹੈ ਆਪਣੇ ਰੋਮੀਓ ਦੇ ਵਿਛੋੜੇ ਵਿੱਚ ਕਰੁਲਾਉਂਦੀਆਂ ਹੋਣ ਕਿ ‘ਰੋਮੀਓ ਓ ਰੋਮੀਓ! ਤਸੀਂ ਕਿੱਥੇ ਗੁਆਚ ਗਏ?’ ਮੈਨੂੰ ਨਹੀਂ ਲੱਗਾ ਕਿ ਉਨ੍ਹਾਂ ਦੀ ਦੁਹਾਈ ਸੁਣ ਕੇ ਕੋਈ ਰੋਮੀਓ ਪ੍ਰਗਟ ਹੋਵੇਗਾ। ਇਸ਼ਕ-ਮੁਹੱਬਤ ਦੀ ਜਗ੍ਹਾ ਹੁਣ ਡਰ ਨੇ ਲੈ ਲਈ ਹੈ। ਅਕਲਮੰਦ ਰੋਮੀਓ ਤਾਂ ਘਰ ‘ਚ ਮੰਮੀ ਦੀਆਂ ਅੱਖਾਂ ਸਾਹਮਣੇ ਹੀ ਰਹਿਣਾ ਪਸੰਦ ਕਰੇਗਾ।
ਜ਼ਰਾ ਇਨ੍ਹਾਂ ਪ੍ਰੇਸ਼ਾਨ ਕਰਨ ਵਾਲੇ ਤੱਥਾਂ ‘ਤੇ ਨਜ਼ਰ ਮਾਰੋ: ਯੋਗੀ ਜੀ ਦੇ ਐਂਟੀ ਰੋਮੀਓ ਦਸਤਿਆਂ ਨੇ ਹੁਣ ਤੱਕ 21,37,520 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਵਿੱਚੋਂ 9,33,099 ਨੂੰ ਚਿਤਾਵਨੀ ਦਿੱਤੀ ਗਈ ਹੈ, ਜਦ ਕਿ 3003 ਦੇ ਵਿਰੁੱਧ 1706 ਸ਼ਿਕਾਇਤਾਂ (ਐੱਫ ਆਰ ਆਰ) ਦਰਜ ਕਰਾਈਆਂ ਗਈਆਂ ਹਨ। ਇਹ ਸ਼ਿਕਾਇਤਾਂ 22 ਮਾਰਚ ਤੋਂ 15 ਦਸੰਬਰ 2017 ਤੱਕ ਦਰਜ ਹੋਈਆਂ ਹਨ, ਭਾਵ ਔਸਤਨ ਰੋਜ਼ਾਨਾ ਛੇ ਐੱਫ ਆਈ ਆਰ। ਐਂਟੀ ਰੋਮੀਓ ਦਸਤੇ ਵਿੱਚ ਇੱਕ ਸਬ ਇੰਸਪੈਕਟਰ ਅਤੇ ਦੋ ਕਾਂਸਟੇਬਲ ਹੁੰਦੇ ਹਨ, ਜਿਹੜੇ ਯੂ ਪੀ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਿਨੇਮਾਘਰਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ਦੇ ਗੇੜੇ ਮਾਰਦੇ ਰਹਿੰਦੇ ਹਨ। ਨਤੀਜਾ ਇਹ ਨਿਕਲਿਆ ਹੈ ਕਿ ਘੱਟੋ-ਘੱਟ ਯੂ ਪੀ ਵਿੱਚ ਕੋਈ ਅਜਿਹੀ ਜਗ੍ਹਾ ਨਹੀਂ ਬਚੀ, ਜਿੱਥੇ ‘ਦੋ ਦੀਵਾਨੇ’ ਇੱਕ ਦੂਜੇ ਦਾ ਹੱਥ ਫੜ ਕੇ ਟਹਿਲ ਸਕਣ। ਅੱਲ੍ਹੜ ਅਵਸਥਾ ਦੇ ਵੇਗ ‘ਤੇ ਇੱਕ ਤਰ੍ਹਾਂ ਨਾਲ ਸਖਤ ਪਹਿਰਾ ਲੱਗ ਗਿਆ ਹੈ।
ਇਸ ਦੇ ਉਲਟ ਮੈਨੂੰ ਹੁਣ ਤੱਕ ਉਹ ਦਿਨ ਚੇਤੇ ਹਨ, ਜਦੋਂ ਵੈਲੇਨਟਾਈਨ ਡੇ ਦੇ ਮੌਕੇ ਪਹਿਲੀ ਵਾਰ ਮੈਨੂੰ ਇੱਕ ਲਾਲ ਸੁਰਖ ਗੁਲਾਬ ਦਾ ਫੁੱਲ ਭੇਂਟ ਕੀਤਾ ਗਿਆ ਸੀ। ਇਹ 30 ਸਾਲ ਪੁਰਾਣੀ ਗੱਲ ਹੈ। ਉਨ੍ਹਾਂ ਦਿਨੀਂ ਮੈਂ ਲੰਡਨ ਦੇ ਵੀਕਐਂਡ ਟੀ ਵੀ ਦਾ ਪ੍ਰੋਡਿਊਸਰ ਹੁੰਦਾ ਸੀ। ਦੁਪਹਿਰ ਨੂੰ ਫੋਨ ਵੱਜਿਆ, ਜੋ ਮੰਜ਼ਿਲ ਹੇਠਾਂ ਬਣੀ ਰਿਸੈਪਸ਼ਨ ਤੋਂ ਆਇਆ ਸੀ। ਫੋਨ ਸੁਣਿਆ ਤਾਂ ਆਵਾਜ਼ ਆਈ, ‘‘ਕਰਣ, ਤੁਸੀਂ ਇਸ ਗੱਲ ‘ਤੇ ਭਰੋਸਾ ਨਹੀਂ ਕਰੋਗੇ, ਪਰ ਅੱਜ ਤੁਹਾਡੇ ਲਈ ਖਾਸ ਤੌਰ ‘ਤੇ ਵੈਲੇਨਟਾਈਨ ਗੁਲਾਬ ਆਇਆ ਹੈ।”
ਕੁਝ ਮਿੰਟਾਂ ਬਾਅਦ ਰਿਸੈਪਸ਼ਨ ਤੋਂ ਇੱਕ ਚਹਿਕਦੀ ਹੋਈ ਔਰਤ ਮੇਰੇ ਕਮਰੇ ਵਿੱਚ ਦਾਖਲ ਹੋਈ। ਉਸ ਦੇ ਅੱਗੇ ਵਧੇ ਹੋਏ ਸੱਜੇ ਹੱਥ ਵਿੱਚ ਸਿਰਫ ਇੱਕ ਗੁਲਾਬ ਫੜਿਆ ਹੋਇਆ ਸੀ ਤੇ ਨਾਲ ਛੋਟਾ ਜਿਹਾ ਕਾਰਡ ਲਟਕ ਰਿਹਾ ਸੀ, ਜਿਸ ‘ਤੇ ਲਿਖਿਆ ਹੋਇਆ ਸੀ, ‘‘ਬੁੱਝੋ, ਕਿਸ ਨੇ ਭੇਜਿਆ ਹੈ?”
ਮੇਰੇ ਦਿਮਾਗ ਵਿੱਚ ਅਜਿਹਾ ਕੋਈ ਵਿਚਾਰ ਨਹੀਂ ਆ ਰਿਹਾ ਸੀ, ਜਿਸ ਤੋਂ ਪਤਾ ਲੱਗਦਾ ਕਿ ਫੁੱਲ ਕਿੱਥੋਂ ਤੋੜਿਆ ਹੈ। ਇਸੇ ਕਾਰਨ ਇਹ ਪ੍ਰਸੰਗ ਉਤਸੁਕਤਾ ਭਰਿਆ ਸੀ। ਮੈਂ ਮਨ ਹੀ ਮਨ ਖੁਦ ਨੂੰ ਕਿਹਾ ਕਿ ਮੇਰਾ ਕੋਈ ਅਣਪਛਾਤਾ ਪ੍ਰਸ਼ੰਸਕ ਹੈ। ਮੇਰੇ ਸਾਥੀ ਮੁਲਾਜ਼ਮਾਂ ਨੇ ਮੇਰੇ ਨਾਲ ਹਾਸਾ-ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ ਤੇ ਤੁਰੰਤ ਤੁੱਕੇਬਾਜ਼ੀ ਸ਼ੁਰੂ ਹੋ ਗਈ: ‘ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫੁੱਲ ਕਿਸ ਨੇ ਭੇਜਿਆ ਹੈ?’
ਮੈਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਫੁੱਲ ਭੇਜਣ ਵਾਲੇ ਦਾ ਅੰਦਾਜ਼ਾ ਨਹੀਂ ਲਾ ਸਕਿਆ। ਮੈਂ ਫੋਨ ਚੁੱਕਿਆ ਤੇ ਨਿਸ਼ਾ ਦਾ ਨੰਬਰ ਮਿਲਾ ਕੇ ਬੋਲਿਆ, ‘ਅੰਦਾਜ਼ਾ ਲਾਓ ਕਿ ਮੈਨੂੰ ਅਣਪਛਾਤਾ ਲਾਲ ਗੁਲਾਬ ਕਿੱਥੋਂ ਆਇਆ ਹੈ? ਤੇਰੇ ਖਿਆਲ ‘ਚ ਇਹ ਭੇਜਣ ਵਾਲਾ ਕੌਣ ਹੈ?”
ਨਿਸ਼ਾ ਖਿੜਖਿੜਾ ਕੇ ਹੱਸੀ। ਉਹ ਬੜੀ ਪ੍ਰਸੰਨ ਲੱਗਦੀ ਸੀ, ਪਰ ਉਸ ਨੇ ਵੀ ਨਹੀਂ ਦੱਸਿਆ ਕਿ ਮੇਰੀ ਅਣਪਛਾਤੀ ਪ੍ਰਸ਼ੰਸਕ ਕੌਣ ਹੈ? ਉਂਝ ਦਿਨ ਭਰ ਖੁਸ਼ੀ ਦੇ ਮਾਰੇ ਮੇਰੇ ਪੈਰ ਜ਼ਮੀਨ ‘ਤੇ ਨਹੀਂ ਲੱਗ ਰਹੇ ਸਨ। ਮੈਂ ਤਾਂ ਜਿਵੇਂ ਹਵਾ ਵਿੱਚ ਤੈਰ ਰਿਹਾ ਸੀ। ਉਸ ਦਿਨ ਮੈਂ ਮੁਸ਼ਕਲ ਨਾਲ ਹੀ ਕਿਸੇ ਕੰਮ ਨੂੰ ਅਹਿਮੀਅਤ ਦੇ ਸਕਿਆ ਸੀ ਤੇ ਪੂਰਾ ਦਿਨ ਕਈ ਤਰ੍ਹਾਂ ਦੀਆਂ ਕਲਪਨਾਵਾਂ ‘ਚ ਲੰਘ ਗਿਆ।
ਸ਼ਾਮ ਨੂੰ ਜਦੋਂ ਘਰ ਪਹੁੰਚਿਆ ਤਾਂ ਉਸ ਗੁਲਾਬ ਨੂੰ ਬਲੌਰ ਦੇ ਇੱਕ ਫੁੱਲਦਾਨ ‘ਚ ਟਿਕਾ ਦਿੱਤਾ ਤੇ ਉਸ ਫੁੱਲਦਾਨ ਨੂੰ ਡਰਾਇੰਗ ਰੂਮ ਵਿੱਚ ਰੱਖੇ ਮੇਜ਼ ‘ਤੇ ਰੱਖ ਦਿੱਤਾ। ਨਿਸ਼ਾ ਦੱਬੇ ਪੈਰੀਂ ਮੇਰੇ ਪਿੱਛੇ-ਪਿੱਛੇ ਆਈ ਸੀ ਤੇ ਮੈਨੂੰ ਦੇਖ ਕੇ ਬੋਲੀ, ‘‘ਲੱਗਦਾ ਹੈ, ਬਹੁਤ ਖੂਸ਼ ਹੋ?” ਉਸ ਦੇ ਚਿਹਰੇ ‘ਤੇ ਸ਼ਰਾਰਤੀ ਮੁਸਕਾਨ ਸੀ। ਮੈਂ ਬੋਲਿਆ, ‘‘ਮੈਨੂੰ ਕੋਈ ਅਣਪਛਾਤੀ ਪ੍ਰਸ਼ੰਸਕ ਮਿਲੀ ਹੈ। ਦੁਪਹਿਰ ਤੋਂ ਮੈਂ ਇਹੋ ਸੋਚ ਕੇ ਹੈਰਾਨ ਹਾਂ ਕਿ ਉਹ ਕੌਣ ਹੈ?”
ਇੰਨੀ ਗੱਲ ਨਾਲ ਨਿਸ਼ਾ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਹ ਬੋਲੀ, ‘‘ਓਏ ਕਮਲਿਆ, ਫੁੱਲ ਤਾਂ ਮੈਂ ਭੇਜਿਆ ਸੀ ਵੈਲੇਨਟਾਈਨ ਡੇ ‘ਤੇ, ਹੋਰ ਕਿਸ ਨੇ ਭੇਜਣਾ ਸੀ।”
ਜਦੋਂ ਕੁਝ ਪਲਾਂ ਬਾਅਦ ਮੈਂ ਸਦਮੇ ‘ਚੋਂ ਬਾਹਰ ਆਇਆ ਤਾਂ ਨਿਸ਼ਾ ਨੇ ਫੋਨ ਚੁੱਕ ਕੇ ਇਹ ਕਿੱਸਾ ਮੇਰੇ ਸਾਰੇ ਦੋਸਤਾਂ ਨਾਲ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਇਹ ਮਜ਼ਾਕ ਮੇਰੀ ਕੀਮਤ ‘ਤੇ ਕੀਤਾ ਗਿਆ ਸੀ, ਪਰ ਮੈਂ ਬਹੁਤ ਅਹਿਸਾਨਮੰਦ ਸੀ ਕਿ ਘੱਟੋ-ਘੱਟ ਛੇ ਘੰਟਿਆਂ ਤੱਕ ਅੰਦਾਜ਼ਾ ਨਾ ਲਾ ਸਕਣ ਕਾਰਨ ਮੈਂ ਕਿੰਨਾ ਰੋਮਾਂਚਿਤ ਰਿਹਾ।
ਅਜਿਹਾ ਮਾਸੂਮੀਅਤ ਭਰਿਆ ਮਨੋਰੰਜਨ ਯੋਗੀ ਤੇ ਉਨ੍ਹਾਂ ਦੇ ਐਂਟੀ ਰੋਮੀਓ ਦਸਤੇ ਅਤੇ ਲਵ ਜੇਹਾਦ ਨੇ ਸਾਡੇ ਕੋਲੋਂ ਖੋਹ ਲਿਆ ਹੈ। ਜਦੋਂ ਤੁਸੀਂ ਨਤੀਜਿਆਂ ਬਾਰੇ ਚਿੰਤਾ ਕਰਦੇ ਹੋ ਤਾਂ ਤੁਸੀਂ ਆਸ਼ਿਕੀ ਦਾ ਮਜ਼ਾ ਨਹੀਂ ਲੈ ਸਕਦੇ। ਜਦੋਂ ਚਾਰੇ ਪਾਸੇ ਪੁਲਸ ਦਾ ਪਹਿਰਾ ਹੋਵੇ ਤਾਂ ਅੱਲ੍ਹੜ ਉਮਰ ਦੀ ਦੀਵਾਨਗੀ ਖੰਭ ਲਾ ਕੇ ਕਿਤੇ ਉਡ ਜਾਂਦੀ ਹੈ। ਯਾਰੋ, ਦੁਨੀਆ ਹੁਣ ਕਿੰਨੀ ਖੁਸ਼ੀ-ਵਿਹੂਣੀ ਹੋ ਗਈ ਹੈ।