ਹੀਥਰੋ ਹਵਾਈ ਅੱਡੇ ਨਾਲ ਭਾਰਤੀ ਕਾਰੋਬਾਰੀ ਦੀ ਕਾਨੂੰਨ ਜੰਗ ਜਾਰੀ


ਲੰਡਨ, 19 ਜੂਨ (ਪੋਸਟ ਬਿਊਰੋ)- ਭਾਰਤੀ ਮੂਲ ਦਾ ਹੋਟਲ ਕਾਰੋਬਾਰੀ ਸੁਰਿੰਦਰ ਅਰੋੜਾ ਨੌਂ ਮੰਜ਼ਿਲਾ ਪਾਰਕਿੰਗ ਬਣਾਏ ਜਾਣ ਦੇ ਆਪਣੇ ਅਧਿਕਾਰ ਲਈ ਬ੍ਰਿਟੇਨ ਦੇ ਹੀਥਰੋ ਹਵਾਈ ਅੱਡੇ ਖਿਲਾਫ ਕਾਨੂੰਨ ਲੜਾਈ ਲੜ ਰਿਹਾ ਹੈ।
ਸੰਡੇ ਟਾਈਮਜ਼ ਦੀ ਰਿਪੋਰਟ ਅਨੁਸਾਰ ਸੁਰਿੰਦਰ ਅਰੋੜਾ ਨਾਂ ਦਾ ਭਾਰਤੀ ਮੂਲ ਦਾ ਹੋਟਲ ਮਾਲਕ ਹੀਥਰੋ ਵਿੱਚ ਆਪਣੀ ਜ਼ਮੀਨ ਉਤੇ ਨੌਂ ਮੰਜ਼ਿਲਾ ਕਾਰ ਪਾਰਕਿੰਗ ਬਣਾਉਣਾ ਚਾਹੁੰਦਾ ਹੈ। ਦੂਜੇ ਪਾਸੇ ਹੀਥਰੋ ਹਵਾਈ ਅੱਡਾ ਲਿਮਟਿਡ ਨੇ ਦਾਅਵਾ ਕੀਤਾ ਹੈ ਕਿ ਉਸਾਰੀ ਕਰਨ ਦਾ ਅਧਿਕਾਰ ਸਿਰਫ ਉਸ ਕੋਲ ਹੈ। ਅਰੋੜਾ ਨੇ ਹਵਾਈ ਅੱਡੇ ਦੇ ਇਸ ਦਾਅਵੇ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ। ਸਥਾਨਕ ਯੋਜਨਾ ਨਿਯਮਾਂ ਅਨੁਸਾਰ ਹਵਾਈ ਅੱਡੇ ‘ਚ ਵੱਧ ਤੋਂ ਵੱਧ 42 ਹਜ਼ਾਰ ਕਾਰਾਂ ਲਈ ਪਾਰਕਿੰਗ ਦੀ ਇਜਾਜ਼ਤ ਹੈ। ਪੰਜਾਬ ‘ਚ ਜਨਮੇ ਸੁਰਿੰਦਰ ਅਰੋੜਾ ਦਾ ਮੰਨਣਾ ਹੈ ਕਿ ਇਹ ਹੱਦ ਸਮੁੱਚੇ ਹਵਾਈ ਅੱਡੇ ਲਈ ਹੈ, ਜਿਸ ਦੇ ਇਕ ਹਿੱਸੇ ‘ਤੇ ਹੀ ਉਹ ਪਾਰਕਿੰਗ ਬਣਾਉਣਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੂੰ ਵੀ ਕਾਰ ਪਾਰਕਿੰਗ ਬਣਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।