ਹਿੰਦੂ ਵਿਦਿਆਰਥੀਆਂ ਨੂੰ ਬੀਫ ਪਰੋਸਣ ਵਾਲਾ ਠੇਕੇਦਾਰ ਬਰਖਾਸਤ

beef
ਢਾਕਾ, 20 ਅਪ੍ਰੈਲ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਪ੍ਰਸਿੱਧ ਢਾਕਾ ਯੂਨੀਵਰਸਿਟੀ ਵਿੱਚ ਠੇਕੇ ਉੱਤੇ ਲੈ ਕੇ ਕੈਂਟੀਨ ਚਲਾਉਣ ਵਾਲੇ ਵਿਅਕਤੀ ਨੂੰ ਹਿੰਦੂ ਵਿਦਿਆਰਥੀਆਂ ਨੂੰ ਬੀਫ਼ ਪਰੋਸਣ ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਮੀਡੀਆ ਖ਼ਬਰਾਂ ਮੁਤਾਬਕ ਯੂਨੀਵਰਸਿਟੀ ਨੇ ਇਸ ਘਟਨਾ ਦੀ ਜਾਂਚ ਲਈ ਇਕ ਕਮੇਟੀ ਬਣਾਈ ਹੈ, ਜਿਸ ਨੂੰ ਇਕ ਹਫ਼ਤੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਚੌਥਾ ਦਰਜ਼ਾ ਕਰਮਚਾਰੀ ਜਾਕਿਰ ਹੁਸੈਨ, ਜਿਹੜਾ ਫਾਈਨ ਆਰਟਸ ਦੀ ਕੈਂਟੀਨ ਦਾ ਠੇਕੇਦਾਰ ਸੀ, ਨੂੰ ‘ਪਾਹੇਲਾ ਬੈਸ਼ਾਖ’ ਉਤਸਵ ਮੌਕੇ ਗੜਬੜ ਪੈਦਾ ਕਰਨ ਲਈ ਐਤਵਾਰ (16 ਅਪ੍ਰੈਲ) ਨੂੰ ਬਰਖਾਸਤ ਕਰ ਦਿੱਤਾ ਗਿਆ। ਪਾਹੇਲਾ ਬੈਸ਼ਾਖ ਮੌਕੇ ਹਜ਼ਾਰਾਂ ਵਿਦਿਆਰਥੀ ਬੰਗਲਾ ਦੇਸ਼ ਵਿੱਚ ਨਵਾਂ ਸਾਲ ਦਾ ਜਸ਼ਨ ਮਨਾਉਣ ਲਈ ਕੈਂਪਸ ਵਿੱਚ ਇਕੱਠੇ ਹੁੰਦੇ ਹਨ।
ਫ਼ੈਕਲਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਬਾਰੇ ਵਿਚਾਰ ਕਰਦੇ ਹੋਏ ਕਿ ਬੀਫ਼ ਹਿੰਦੂਆਂ ਲਈ ਮਨ੍ਹਾ ਹੈ, ਉਨ੍ਹਾਂ ਦੀ ਕੈਂਟੀਨ ਵਿੱਚ ਬੀਫ਼ ਨੂੰ ਕਦੇ ਮਨਜ਼ੂਰੀ ਨਹੀਂ ਦਿੱਤੀ ਗਈ। ਇਕ ਨਿਊਜ਼ ਚੈਨਲ ਨੇ ਅਧਿਕਾਰੀ ਅਮਜ਼ਦ ਅਲੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ‘ਉਹ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾ ਕੈਂਟੀਨ ਚਲਾ ਰਿਹਾ ਸੀ।’ ਪੂਰੀ ਰਾਤ ‘ਮੰਗਲ ਸ਼ੋਭਾ ਯਾਤਰਾ’ ਦੀਆਂ ਤਿਆਰੀਆਂ ਕਰਨ ਦੇ ਬਾਅਦ ਵਿਦਿਆਰਥੀਆਂ ਨੇ ਸਵੇਰੇ ਨਾਸ਼ਤੇ ਲਈ ਤੇਹਰੀ ਦਾ ਆਰਡਰ ਦਿੱਤਾ। ਖ਼ਬਰਾਂ ਮੁਤਾਬਕ ਜ਼ਾਕਿਰ ਨੇ ਬੀਫ ਨਾਲ ਤੇਹਰੀ ਬਣਾਉਣ ਦੀ ਗੱਲ ਮੰਨੀ, ਪਰ ਨਾਲ ਉਸ ਨੇ ਦੋਸ਼ ਲਾਇਆ ਬੰਗਲਾ ਦੇਸ਼ ਵਿਦਿਆਰਥੀ ਲੀਗ ਦੇ ਨੇਤਾ ‘ਸੋਹਾਗ’ ਅਤੇ ਪਾਹੇਲਾ ਬੈਸ਼ਾਖ ਸਮਾਰੋਹ ਕਮੇਟੀ ਦੇ ਉਸ ਦੇ ਸਾਥੀਆਂ ਨੇ ਜਾਣ ਬੁੱਝ ਕੇ ਬੀਫ ਤੇਹਰੀ ਦਾ ਆਡਰ ਦਿੱਤਾ ਤੇ ਆਪਣੇ ਹਿੰਦੂ ਸਾਥੀਆਂ ਨੂੰ ਖਵਾਇਆ। ਜ਼ਾਕਿਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਏਦਾਂ ਇਸ ਲਈ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਫੰਡ ਦੇਣ ਦੀ ਮੰਗ ਨਹੀਂ ਮੰਨੀ।