ਹਿੰਦੂ ਨੇਤਾ ਵਿਪਿਨ ਸ਼ਰਮਾ ਦੇ ਕਤਲ ਨੂੰ ਨਵਾਂ ਮੋੜ, ਸਾਰਜ ਨੇ ਆਪਣੇ ਸਿਰ ਜਿ਼ਮੇਵਾਰੀ ਲੈ ਲਈ


ਅੰਮ੍ਰਿਤਸਰ, 13 ਨਵੰਬਰ, (ਪੋਸਟ ਬਿਊਰੋ)- ਇਸ ਸ਼ਹਿਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਕੇਸ ਵਿੱਚ ਓਦੋਂ ਨਵਾਂ ਮੋੜ ਆ ਗਿਆ, ਜਦੋਂ ਇਸ ਕਤਲ ਲਈ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਸਾਰਜ ਮਿੰਟੂ ਵਲੋਂ ਫੇਸਬੁੱਕ ਉੱਤੇ ਪਾਈ ਇੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ। ਚਰਚਾ ਹੋਈ ਇਸ ਪੋਸਟ ਵਿੱਚ ਉਸ ਨੇ ਕਿਹਾ ਕਿ ਕਿਸੇ ਧਾਰਮਿਕ ਕਾਰਨ ਨਹੀਂ, ਆਪਣੇ ਦੋਸਤ ਦੇ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਉਨ੍ਹਾਂ ਕਤਲ ਕੀਤਾ ਹੈ ਅਤੇ ਇਸ ਨਾਲ ਇਹ ਕਤਲ ਕਿਸੇ ਹੋਰ ਕਾਰਨ ਨਹੀਂ, ਰੰਜਸ਼ ਵਿੱਚ ਕੀਤਾ ਕਤਲ ਹੀ ਮੰਨਿਆ ਜਾਵੇ।
ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਇਹੀ ਗੱਲ ਕਹਿ ਚੁੱਕੇ ਹਨ ਕਿ ਇਹ ਗੈਂਗਸਟਰਾਂ ਦੀ ਆਪਸੀ ਰੰਜਸ਼ ਵਿੱਚ ਹੋਏ ਕਤਲ ਦਾ ਮਾਮਲਾ ਹੈ ਤੇ ਇਸ ਵਿੱਚ ਧਰਮ ਤੇ ਰਾਜਨੀਤੀ ਵਰਗਾ ਕੋਈ ਮੁੱਦਾ ਨਹੀਂ ਹੈ। ਸਾਰਜ ਮਿੰਟੂ ਨੇ ਫੇਸਬੁੱਕ ਸਟੇਟਸ ਅਪਡੇਟ ਵਿੱਚ ਕਿਹਾ ਕਿ 30 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਕਤਲ ਹੋਇਆ ਹੈ, ਉਹ ਉਸ ਨੇ ਕੀਤਾ ਹੈ ਤਾਂ ਕਿ ਵਿਪਨ ਸ਼ਰਮਾ ਨੂੰ ਉਸ ਦੀ ਗ਼ਲਤੀ ਦੀ ਸਜ਼ਾ ਮਿਲ ਸਕੇ। ਉਸ ਨੇ ਕਿਹਾ ਕਿ ਉਸ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਵਿਪਿਨ ਸ਼ਰਮ ਨੇ ਇਕ ਪੁਲਿਸ ਵਾਲੇ ਦੀ ਹੱਤਿਆ ਕਰਵਾਈ ਸੀ, ਜੋ ਉਸ ਦੇ ਦੋਸਤ ਦਾ ਬਾਪ ਸੀ। ਸਾਰਜ ਨੇ ਕਿਹਾ ਕਿ ਜੇ ਕਿਸੇ ਨੂੰ ਯਕੀਨ ਨਾ ਹੋਵੇ ਤਾਂ ਪੁਲਿਸ ਜਾਂਚ ਕਰਵਾਈ ਜਾਵੇ। ਉਸ ਨੇ ਕਿਹਾ ਹੈ ਕਿ ਇਸ ਕਤਲ ਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ, ਇਹ ਸਾਡੀ ਆਪਸੀ ਰੰਜਸ਼ ਦਾ ਕਤਲ ਸੀ।
ਦੂਸਰੇ ਪਾਸੇ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਸਾਰਜ ਸਿੰਘ ਮਿੰਟੂ ਨਾਂਅ ਦਾ ਗੈਂਗਸਟਰ ਪਿਛਲੇ ਚਾਰ ਮਹੀਨਿਆਂ ਤੋਂ ਇਲਾਕੇ ਵਿੱਚ ਘੁੰਮ ਰਿਹਾ ਸੀ। ਪੁਲਿਸ ਦੀ ਨਾਕਾਮੀ ਦਾ ਅੰਦਾਜ਼ਾ ਏਥੋਂ ਲਾਇਆ ਜਾ ਸਕਦਾ ਹੈ ਕਿ ਕਈ ਕਤਲਾਂ, ਲੁੱਟਾਂ ਖੋਹਾਂ ਲਈ ਲੋੜੀਂਦੇ ਗੈਂਗਸਟਰ ਦੇ ਅੰਮ੍ਰਿਤਸਰ ਵਿੱਚ ਸ਼ਰ੍ਹੇਆਮ ਘੁੰਮਣ ਦੇ ਬਾਵਜੂਦ ਪੁਲਿਸ ਉਸ ਦੀ ਸੂਹ ਰੱਖਣ ਜਾਂ ਉਸ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋਈ।
ਗੈਂਗਸਟਰ ਸਾਰਜ ਮਿੰਟੂ ਵਲੋਂ ਹੁਣ ਫੇਸਬੁੱਕ ਤੋਂ ਪਾਈ ਪੋਸਟ ਬਾਰੇ ਪੁਲਿਸ ਇਹ ਯਕੀਨ ਕਰਨ ਨੂੰ ਤਿਆਰ ਨਹੀਂ ਕਿ ਪੋਸਟ ਉਸੇ ਨੇ ਅਪਲੋਡ ਕੀਤੀ ਹੈ ਜਾ ਕਿਸੇ ਹੋਰ ਨੇ। ਪੁਲਿਸ ਸੂਤਰਾਂ ਮੁਤਾਬਕ ਇਹ ਝੂਠੀ ਹੋ ਸਕਦੀ ਹੈ ਤੇ ਹੋ ਸਕਦਾ ਹੈ ਕਿ ਪੁਲਿਸ ਜਾਂਚ ਨੂੰ ਉਲਝਾਉਣ ਦੀ ਮਨਸ਼ਾ ਨਾਲ ਇਹ ਕੋਸ਼ਿਸ਼ ਹੋਵੇ। ਇਸ ਤੋਂ ਪਹਿਲਾਂ ਵੀ ਗੈਂਗਸਟਰਾਂ ਵਲੋਂ ਫੇਸਬੁੱਕ ਅਪਡੇਟ ਕਰਨ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਇਹ ਵਿਦੇਸ਼ਾਂ ਤੋਂ ਅਪਡੇਟ ਹੋਣ ਬਾਰੇ ਪਤਾ ਲਗਦਾ ਰਿਹਾ ਹੈ, ਜੋ ਖ਼ੁਦ ਗੈਂਗਸਟਰਾਂ ਵਲੋਂ ਨਹੀਂ, ਉਨ੍ਹਾਂ ਦੇ ਵਿਦੇਸ਼ੀ ਬੈਠੇ ਦੋਸਤਾਂ ਵੱਲੋਂ ਚਲਾਈਆਂ ਜਾਂਦੀਆਂ ਸਨ।