ਹਿੰਦੂ ਕੁੜੀ ਦੀ ਲਾਸ਼ ਦਫਨਾਏ ਜਾਣ ਤੋਂ ਚਾਰ ਕੁ ਸਾਲ ਬਾਅਦ ਫੈਸਲਾ ਬਦਲਿਆ

ਢਾਕਾ, 16 ਅਪ੍ਰੈਲ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿਚ ਇਕ ਇਹੋ ਜਿਹੀ ਹਿੰਦੂ ਲੜਕੀ ਦੀ ਲਾਸ਼ ਨੂੰ ਉਸ ਦੇ ਪਤੀ ਨਾਲ ਦਫਨਾਉਣ ਦਾ ਆਦੇਸ਼ ਦਿੱਤਾ ਹੈ, ਜਿਸ ਨੇ 4 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਸ ਲੜਕੀ ਨੇ ਧਰਮ ਪਰਿਵਰਤਨ ਕਰ ਕੇ ਇਸਲਾਮ ਅਪਨਾਇਆ ਸੀ। ਕੋਰਟ ਦੇ ਇਸ ਆਦੇਸ਼ ਨਾਲ ਦੂਜੇ ਧਰਮ ਵਿਚ ਵਿਆਹ ਬਾਰੇ ਚੱਲ ਰਹੇ ਵਿਵਾਦ ਉੱਤੇ ਵੀ ਰੋਕ ਲੱਗ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਹੁਸਨੇ ਆਰਾ ਲਾਜੂ ਨੇ ਹੁਮਾਯੂੰ ਫਰੀਦ ਨਾਲ ਸਾਲ 2013 ਵਿਚ ਵਿਆਹ ਕਰਨ ਮਗਰੋਂ ਇਸਲਾਮ ਅਪਣਾ ਲਿਆ ਸੀ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਫਿਰ ਹਿੰਦੂ ਧਰਮ ਅਪਣਾ ਲਿਆ ਸੀ। ਦੋਵਾਂ ਦੇ ਪਰਿਵਾਰਾਂ ਨੇ ਮੁਸਲਿਮ ਤੇ ਹਿੰਦੂ ਵਿਚਾਲੇ ਵਿਆਹ ਦਾ ਵਿਰੋਧ ਕੀਤਾ ਤੇ ਵਿਆਹ ਤੋੜਨ ਦਾ ਦਬਾਅ ਪਾਇਆ ਸੀ। ਲੜਕੀ ਦੇ ਪਿਤਾ ਨੇ ਪੁਲਸ ਕੋਲ ਲੜਕੇ ਵਿਰੁੱਧ ਅਗਵਾ ਕਰਨ ਦਾ ਕੇਸ ਤੱਕ ਫਾਈਲ ਕਰ ਦਿੱਤਾ। ਝਗੜੇ ਤੋਂ ਤੰਗ ਆ ਕੇ ਸਾਲ 2014 ਵਿਚ ਲੜਕੀ ਦੇ ਪਤੀ ਨੇ ਖੁਦਕੁਸ਼ੀ ਕਰ ਲਈ ਸੀ, ਪਰ ਜਦੋਂ ਉਸ ਦੀ ਪਤਨੀ ਨੇ ਸਿਰਫ 2 ਮਹੀਨੇ ਬਾਅਦ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਤਾਂ ਇਹ ਮਾਮਲਾ ਸੁਰਖੀਆਂ ਵਿਚ ਆਇਆ। ਲੜਕੀ ਦੇ ਪਰਿਵਾਰ ਵਾਲੇ ਮਾਮਲੇ ਨੂੰ ਲੈ ਕੇ ਅਦਾਲਤ ਪਹੁੰਚੇ ਕਿ ਆਖਿਰ ਉਸ ਨੂੰ ਦਫਨਾਇਆ ਕਿਵੇਂ ਜਾ ਸਕਦਾ ਹੈ।
ਵਰਨਣ ਯੋਗ ਹੈ ਕਿ ਬੰਗਲਾ ਦੇਸ਼ ਵਿਚ ਦੂਜੇ ਧਰਮ ਵਿਚ ਵਿਆਹ ਕਰਵਾਉਣ ਦੇ ਕੇਸ ਬਹੁਤ ਘੱਟ ਬਾਹਰ ਆਉਂਦੇ ਹਨ। ਇਸ ਲਈ ਇਸ ਕੇਸ ਉੱਤੇ ਸਾਰਿਆਂ ਦੀ ਕਰੀਬੀ ਨਜ਼ਰ ਸੀ। ਲੜਕੀ ਦੇ ਪਰਿਵਾਰ ਨੇ ਹਿੰਦੂ ਰੀਤੀ-ਰਿਵਾਜ ਨਾਲ ਉਸ ਦਾ ਅੰਤਮ ਸੰਸਕਾਰ ਕਰਨ ਦੀ ਮੰਗ ਕੀਤੀ, ਜਦ ਕਿ ਲੜਕੇ ਵਾਲਿਆਂ ਨੇ ਉਸ ਨੂੰ ਪਤੀ ਦੀ ਕਬਰ ਨਾਲ ਦਫਨਾਉਣ ਦੀ ਮੰਗ ਕੀਤੀ। ਇਹ ਕੇਸ ਦੇਸ਼ ਦੀ ਸੁਪਰੀਮ ਕੋਰਟ ਵਿਚ ਪਹੁੰਚਿਆ, ਜਿੱਥੇ ਵੀਰਵਾਰ ਨੂੰ ਕੋਰਟ ਨੇ ਆਦੇਸ਼ ਦਿੱਤਾ ਕਿ ਕਿਉਂਕਿ ਲੜਕੀ ਨੇ ਇਸਲਾਮ ਧਰਮ ਅਪਣਾ ਲਿਆ ਸੀ, ਇਸ ਲਈ ਉਸ ਦੀ ਲਾਸ਼ ਨੂੰ ਦਫਨਾਇਆ ਜਾਣਾ ਚਾਹੀਦਾ ਹੈ। ਪਰਿਵਾਰ ਵਾਲਿਆਂ ਨੇ ਇਹ ਦਾਅਵਾ ਕੀਤਾ ਸੀ ਕਿ ਲੜਕੀ ਨੇ ਦੁਬਾਰਾ ਹਿੰਦੂ ਧਰਮ ਅਪਣਾ ਲਿਆ ਸੀ। ਕੋਰਟ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਲੜਕੀ ਦੀ ਲਾਸ਼ ਨੂੰ ਮੁਰਦਾਘਰ ਤੋਂ ਦੋ ਦਿਨ ਦੇ ਅੰਦਰ ਬਾਹਰ ਕੱਢਿਆ ਜਾਵੇ। ਕੋਰਟ ਨੇ ਆਦੇਸ਼ ਦਿੱਤਾ ਕਿ ਲਾਸ਼ ਦਫਨਾਏ ਜਾਣ ਦੌਰਾਨ ਪੁਲਸ ਸੁਰੱਖਿਆ ਦਿੱਤੀ ਜਾਵੇ।