ਹਿਮਾਲਿਆ ਸਰ ਕਰਨ ਗਏ ਬੀ ਐੱਸ ਜਵਾਨ ਆਪਣੇ ਨਾਲ 700 ਕਿਲੋ ਕੂੜਾ ਵੀ ਲਿਆਏ


ਹਲਦਾਨੀ, 1 ਜੂਨ (ਪੋਸਟ ਬਿਊਰੋ)- ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਦੇ ਪਰਬਤਾਰੋਹੀਆਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ‘ਤੇ ਤਿਰੰਗਾ ਲਹਿਰਾਉਣ ਦੇ ਨਾਲ ਸਵੱਛ ਭਾਰਤ ਮੁਹਿੰਮ ਵੀ ਚਲਾਈ ਹੈ। ਇਹ 15 ਮੈਂਬਰੀ ਟੀਮ ਜਦ ਸਿਖਰ ਤੋਂ ਮੁੜੀ ਤਾਂ ਹਿਮਾਲਿਆ ਤੋਂ ਸੱਤ ਕੁਇੰਟਲ ਕੂੜਾ ਵੀ ਇਕੱਠਾ ਕਰ ਕਰ ਲਿਆਈ ਹੈ।
ਐਵਰੈਸਟ ਫਤਹਿ ਕਰਨ ਵਾਲੀ ਬੀ ਐੱਸ ਐੱਫ ਟੀਮ ਦੀ ਕਮਾਂਡ ਕੁਮਾਊਂ ਦੇ ਪਦਮਸ੍ਰੀ ਲਵਰਾਜ ਧਰਮਸ਼ੱਤੂ ਦੇ ਜਿ਼ੰਮੇ ਸੀ। ਉਨ੍ਹਾਂ ਦੀ ਅਗਵਾਈ ਵਿੱਚ ਐਵਰੈਸਟ ਚੜ੍ਹਨ ਵਾਲੀ ਇਸ ਟੀਮ ਨੇ ਵਾਤਾਵਰਣ ਸੁਰੱਖਿਆ ਦੇ ਨਾਲ ਹਿਮਾਲਿਆ ਸੁਰੱਖਿਆ ਦਾ ਵੀ ਸੰਦੇਸ਼ ਦੁਨੀਆ ਨੂੰ ਦਿੱਤਾ। ਲਵਰਾਜ ਸੱਤਵੀਂ ਵਾਰ ਐਵਰੈਸਟ ਨੂੰ ਛੂਹਣ ਵਾਲੇ ਪਰਬਤਾਰੋਹੀ ਹਨ ਅਤੇ ਆਪਣੇ ਛੇ ਵਾਰ ਦੇ ਪਿਛਲੇ ਅਨੁਭਵ ਵਿੱਚ ਉਨ੍ਹਾਂ ਨੇ ਹਿਮਾਲਿਆ ਤੋਂ ਵਿਦਾ ਲੈਂਦੇ ਸਮੇਂ ਹਰ ਵਾਰ ਬਰਫ ਵਿੱਚ ਫੈਲੇ ਕੂੜੇ ਦੇ ਢੇਰ ਨੂੰ ਪਿੱਠ ‘ਤੇ ਲੱਦ ਕੇ ਚੋਟੀ ਤੋਂ ਦੂਰ ਲਿਆ ਕੇ ਨਸ਼ਟ ਕੀਤਾ ਹੈ। ਇਸ ਵਾਰ ਬੀ ਐੱਸ ਐੱਫ ਦੇ ਜਵਾਨ ਜਿੰਨਾ ਕੂੜਾ ਕਿੱਟਾਂ ਵਿੱਚ ਭਰ ਕੇ ਐਵਰੈਸਟ ਤੋਂ ਲਿਆਏ ਹਨ, ਉਸ ਨੂੰ ਦਿੱਲੀ ਵਿੱਚ ਨਸ਼ਟ ਕੀਤਾ ਜਾਏਗਾ।
ਮੂਲ ਰੂਪ ਤੋਂ ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਹੇਠ ਮੁਨਸਿਆਰੀ ਦੇ ਰਹਿਣ ਵਾਲੇ ਲਵਰਾਜ ਧਰਮਸ਼ੱਤੂ ਆਪਣੀ ਹਿੰਮਤ ਭਰੀ ਮੁਹਿੰਮ ਨੂੰ ਸਫਲਤਾ ਪੂਰਵਕ ਪੂਰਾ ਕਰਨ ਲਈ ਪਦਮਸ੍ਰੀ ਨਾਲ ਨਵਾਜੇ ਜਾ ਚੁੱਕੇ ਹਨ। ਇਸ ਵਾਰ 20 ਮਾਰਚ ਨੂੰ ਬੀ ਐੱਸ ਐੱਫ ਦੇ 25 ਮੈਂਬਰੀ ਦਲ ਨੇ ਐਵਰੈਸਟ ਲਈ ਕੂਚ ਕੀਤਾ ਸੀ। ਹਿਮਾਲਿਆ ਯਾਤਰਾ ਦੇ ਅਨੁਭਵ ਦੇ ਆਧਾਰ ‘ਤੇ ਇਸ ਦਲ ਦੀ ਕਮਾਂਡ ਲਵਰਾਜ ਨੂੰ ਹੀ ਸੌਂਪੀ ਗਈ। ਇਨ੍ਹਾਂ 25 ਵਿੱਚੋਂ 15 ਪਰਬਤਾਰੋਹੀਆਂ ਨੇ ਐਵਰੈਸਟ ‘ਤੇ ਤਿਰੰਗਾ ਲਹਿਰਾਉਣਾ ਸੀ ਅਤੇ 20 ਤੋਂ 21 ਮਈ ਨੂੰ ਰਾਸ਼ਟਰੀ ਝੰਡੇ ਨਾਲ ਇੱਕ ਹੋਰ ਝੰਡਾ ਇਸ ਵਾਰ 8850 ਮੀਟਰ ਉੱਚੀ ਇਸ ਚੋਟੀ ‘ਤੇ ਲਹਿਰਾਇਆ ਗਿਆ। ਐਵਰੈਸਟ ਦੀ ਚੜ੍ਹਾਈ ਦੇ ਲਈ ਰਾਹ ਵਿੱਚ ਅਲੱਗ-ਅਲੱਗ ਕੈਂਪ ਬਣੇ ਹੋਏ ਹਨ। ਬੀ ਐੱਸ ਐੱਫ ਦੇ ਇਸ ਦਲ ਨੇ ਕੈਂਪ-1, 2 ਅਤੇ ਤਿੰਨ ਤੋਂ ਸਭ ਤੋਂ ਵੱਧ ਕੂੜਾ ਇਕੱਠਾ ਕੀਤਾ, ਜੋ ਪਰਬਤਾਰੋਹੀ ਐਵਰੈਸਟ ਮੁਹਿੰਮ ਦੇ ਲਈ ਨਿਕਲਦੇ ਹਨ, ਉਹ ਵਾਪਸੀ ਸਮੇਂ ਮੁਸ਼ਕਲ ਹਾਲਾਤ ਕਾਰਨ ਕਈ ਵਾਰ ਆਪਣਾ ਸਾਮਾਨ ਉਥੇ ਛੱਡ ਦਿੰਦੇ ਹਨ, ਜੋ ਕੂੜਾ ਬੀ ਐੱਸ ਐੱਫ ਦਲ ਦੇ ਮੈਂਬਰ ਹਿਮਾਲਿਆ ਤੋਂ ਆਪਣੇ ਨਾਲ ਲੈ ਕੇ ਆਏ ਹਨ, ਉਸ ਵਿੱਚ ਪਾਟੇ ਹੋਏ ਟੈਂਟ, ਪੋਲ, ਗੈਸ ਸਿਲੰਡਰ, ਆਕਸੀਜਨ ਸਿਲੰਡਰ, ਰੱਸੀ, ਭਾਂਡਿਆਂ ਦੇ ਨਾਲ ਹੀ ਪਲਾਸਟਿਕ ਦੀਆਂ ਬੋਤਲਾਂ ਹਨ।