ਹਿਮਾਚਲ ਵਿੱਚ ਲੰਮੇ ਸਮੇਂ ਬਾਅਦ ਸੱਤਾ ਪੱਖ ਤੇ ਵਿਰੋਧੀ ਧਿਰ ਨੂੰ ਯੂਥ ਲੀਡਰਸ਼ਿਪ ਮਿਲੀ

ਜੈਰਾਮ ਠਾਕੁਰ

-ਡਾਕਟਰ ਰਾਜੀਵ ਪਥਰੀਆ
ਹਿਮਾਚਲ ਪ੍ਰਦੇਸ਼ ਵਿੱਚ ਸੱਤਾਧਾਰੀ ਪੱਖ ਅਤੇ ਵਿਰੋਧੀ ਧਿਰ ਨੂੰ ਲੰਮੇ ਸਮੇਂ ਬਾਅਦ ਯੂਥ ਲੀਡਰਸ਼ਿਪ ਮਿਲੀ ਹੈ। ਪੂਰਨ ਬਹੁਮਤ ਨਾਲ ਸੱਤਾ ਵਿੱਚ ਆਈ ਭਾਜਪਾ ਨੇ ਨੌਜਵਾਨ ਆਗੂ ਜੈਰਾਮ ਠਾਕੁਰ ‘ਤੇ ਭਰੋਸਾ ਪ੍ਰਗਟਾ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ। ਦੂਜੇ ਪਾਸੇ ਵੀਰਭੱਦਰ ਸਿੰਘ ਦੀ ਅਗਵਾਈ ਹੇਠ ਲੰਮੇ ਸਮੇਂ ਤੋਂ ਚੱਲ ਰਹੀ ਕਾਂਗਰਸ ‘ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਵੱਡੀ ਤਬਦੀਲੀ ਕਰ ਕੇ ਹੁਣ ਨੌਜਵਾਨ ਮੁਕੇਸ਼ ਅਗਨੀਹੋਤਰੀ ਨੂੰ ਵਿਧਾਇਕ ਦਲ ਦਾ ਨੇਤਾ ਬਣਾ ਦਿੱਤਾ ਹੈ। ਇਹ ਸਾਰਾ ਕੁਝ ਇਸ ਸੂਬੇ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਖੁਦ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਆਪਣੇ ਸਮਰਥਕ ਵਿਧਾਇਕਾਂ ਨਾਲ ਚੌਥੀ ਵਾਰ ਵਿਧਾਇਕ ਬਣੇ ਮੁਕੇਸ਼ ਅਗਨੀਹੋਤਰੀ ਦਾ ਨਾਂਅ ਅੱਗੇ ਕੀਤਾ ਸੀ। ਮੁਕੇਸ਼ ਕਾਂਗਰਸ ਦੇ ਤੇਜ਼-ਤਰਾਰ ਨੇਤਾ ਹਨ ਤੇ ਪਾਰਟੀ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਰਹੇ ਹਨ। ਇਸ ਵਾਰ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਨੂੰ ਭਵਿੱਖ ਦੇ ਸਿਆਸੀ ਬਦਲ ਵਜੋਂ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਮੁਕੇਸ਼ ਅਗਨੀਹੋਤਰੀ ਲਈ ਮੁੱਖ ਮੰਤਰੀ ਜੈਰਾਮ ਠਾਕੁਰ ਵਰਗੇ ਸਾਧਾਰਨ, ਈਮਾਨਦਾਰ ਤੇ ਮਿਹਨਤੀ ਆਗੂ ਨਾਲ ਭਿੜਨਾ ਮੁਸ਼ਕਲ ਹੋਵੇਗਾ, ਕਿਉਂਕਿ ਇਸ ਵਾਰ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਨਵੇਂ ਅਤੇ ਨੌਜਵਾਨ ਚਿਹਰੇ ਸ਼ਾਮਲ ਹਨ। ਉਂਝ ਮੁਕੇਸ਼ ਇਹ ਕਹਿ ਚੁੱਕੇ ਹਨ ਕਿ ਉਹ ਰਚਨਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ ਅਤੇ ਵਿਰੋਧੀ ਧਿਰ ਆਮ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਸੱਤਾ ਪੱਖ ਨੂੰ ਘੇਰੇਗੀ। ਦੂਜੇ ਪਾਸੇ ਜਿਸ ਤਰ੍ਹਾਂ ਵਿਧਾਇਕ ਦਲ ਦੇ ਨੇਤਾ ਦੀ ਚੋਣ ਪ੍ਰਕਿਰਿਆ ਵਿੱਚ ਮੁਕੇਸ਼ ਨੂੰ ਪੰਜ ਵਿਧਾਇਕਾਂ ਦਾ ਸਾਥ ਨਹੀਂ ਮਿਲਿਆ, ਜੇ ਉਹ ਅਗਲੇ ਪੰਜ ਸਾਲ ਵੀ ਆਪਣਾ ਰੁਖ ਇਹੋ ਰੱਖਣਗੇ ਤਾਂ ਮੁਕੇਸ਼ ਦਾ ਰਾਹ ਸੁਖਾਲਾ ਨਹੀਂ ਹੋਣਾ, ਕਿਉਂਕਿ ਕਾਂਗਰਸ ਦੇ ਇਸ ਵਾਰ ਸਿਰਫ 21 ਵਿਧਾਇਕ ਜਿੱਤੇ ਹਨ। ਜੇ ਇਹ ਸਾਰੇ ਇਕਜੁੱਟ ਨਾ ਰਹੇ ਤਾਂ ਸਦਨ ਅੰਦਰ ਸੱਤਾਧਾਰੀ ਭਾਜਪਾ ਨੂੰ ਘੇਰਨਾ ਮੁਸ਼ਕਲ ਹੋ ਜਾਂਦਾ ਹੈ।
ਵਿਧਾਇਕ ਦਲ ਦੇ ਨੇਤਾ ਵਜੋਂ ਮੁਕੇਸ਼ ਅਗਨੀਹੋਤਰੀ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਪਰਖ ਵਿੱਚੋਂ ਵੀ ਲੰਘਣਾ ਪਵੇਗਾ ਤੇ ਮੁੱਖ ਮੰਤਰੀ ਜੈਰਾਮ ਠਾਕੁਰ ਸਾਹਮਣੇ ਵੀ ਇਹੋ ਇਮਤਿਹਾਨ ਹੈ। ਆਰ ਐੱਸ ਐੱਸ ਅਤੇ ਕੁਲ ਹਿੰਦ ਵਿਦਿਆਰਥੀ ਪ੍ਰੀਸ਼ਦ ਦੇ ਪਿਛੋਕੜ ਵਾਲੇ ਜੈਰਾਮ ਮੁੱਖ ਮੰਤਰੀ ਬਣਨ ਵਿੱਚ ਸਫਲ ਹੋ ਗਏ, ਪਰ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਇਸ ਸੂਬੇ ਨੂੰ ਚਲਾ ਸਕਣਾ ਉਨ੍ਹਾਂ ਸਾਹਮਣੇ ਵੱਡੀ ਚੁਣੌਤੀ ਹੈ, ਭਾਵੇਂ ਕੇਂਦਰ ਦੀ ਮੋਦੀ ਸਰਕਾਰ ਤੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਣ ਦੀ ਆਸ ਹੈ। ਜੈਰਾਮ ਦੇ ਸ਼ਾਸਨ ਵਿੱਚ ਪਹਿਲੇ ਦਿਨੋਂ ਆਰ ਐੱਸ ਐੱਸ ਦਾ ਦਖਲ ਕੁਝ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਤੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਵੀ ਕਿਤੇ ਨਾ ਕਿਤੇ ਸੱਤਾ ਦੀ ਧੁਰੀ ਬਣ ਕੇ ਉਭਰੇ ਹਨ। ਪੋਸਟਿੰਗ ਲਈ ਸੰਘ ਦੇ ਪਿਛੋਕੜ ਦਾ ਜੋ ਰਿਵਾਜ ਪਿਛਲੇ ਦਿਨੀਂ ਸਕੱਤਰੇਤ ‘ਚ ਚੱਲਿਆ ਹੈ, ਉਸ ਨੂੰ ਦੇਖਦਿਆਂ ਮੁਲਾਜ਼ਮ ਵਰਗ ‘ਚ ਰੋਸ ਹੈ। ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਵੀ ਜਿਹੜੇ ਅਧਿਕਾਰੀ ਖਾਸ ਅਹੁਦਿਆਂ ‘ਤੇ ਸਨ, ਉਨ੍ਹਾਂ ਨੂੰ ਹੁਣ ਭਾਜਪਾ ਸਰਕਾਰ ਨੇ ਵੀ ਵਧੀਆ ਅਹੁਦਿਆਂ ‘ਤੇ ਬਿਠਾਇਆ ਹੈ। ਅਫਸਰਸ਼ਾਹੀ ਨੂੰ ਕਾਬੂ ਵਿੱਚ ਰੱਖਣਾ ਮੁੱਖ ਮੰਤਰੀ ਜੈਰਾਮ ਠਾਕੁਰ ਲਈ ਮੁਸ਼ਕਲ ਹੋਵੇਗਾ, ਕਿਉਂਕਿ ਹਿਮਾਚਲ ਵਿੱਚ ਹੁਣ ਤੱਕ ਸਰਕਾਰਾਂ ਜੇ ‘ਰਿਪੀਟ’ ਨਹੀਂ ਹੋਈਆਂ ਤਾਂ ਉਸ ਵਿੱਚ ਸਿਆਸੀ ਰਣਨੀਤੀ ਵਿੱਚ ਕਮੀ ਤੋਂ ਇਲਾਵਾ ਅਫਸਰਾਂ ਦਾ ਅਸਹਿਯੋਗ ਵੀ ਜ਼ਿੰਮੇਵਾਰ ਹੈ। ਸਿਰਫ ਚਾਰ ਸਾਲ ਮੰਤਰੀ ਰਹੇ ਜੈਰਾਮ ਠਾਕੁਰ ਦਾ ਨੌਕਰਸ਼ਾਹੀ ਨਾਲ ਬਹੁਤਾ ਵਾਸਤਾ ਨਹੀਂ ਰਿਹਾ ਹੈ। ਇਸ ਲਈ ਉਹ ਆਪਣੇ ਨੇੜਲੇ ਅਧਿਕਾਰੀਆਂ ‘ਤੇ ਹੀ ਹੁਣ ਤੱਕ ਨਿਰਭਰ ਹਨ।
ਦੂਜੇ ਪਾਸੇ ਉਨ੍ਹਾਂ ਦੀ ਇੱਕ ਵੱਡੀ ਸਿਆਸੀ ਭੁੱਲ ਇਹ ਰਹੀ ਹੈ ਕਿ ਆਪਣੇ ਮੰਤਰੀ ਮੰਡਲ ਵਿੱਚ ਉਨ੍ਹਾਂ ਨੇ ਕੋਈ ਵੀ ਅਹੁਦਾ ਖਾਲੀ ਨਹੀਂ ਛੱਡਿਆ। ਇਸ ਲਈ ਸੀਨੀਅਰ ਵਿਧਾਇਕਾਂ ਦੀ ਨਾਰਾਜ਼ਗੀ ਨਾਲ ਵੀ ਉਨ੍ਹਾਂ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ। ਕਦੇ ਰਮੇਸ਼ ਧਵਾਲਾ ਦੇ ਦਮ ਉਤੇ ਸੱਤਾ ਦਾ ਸੁੱਖ ਭੋਗ ਚੁੱਕੀ ਭਾਜਪਾ ਨੇ ਇਸ ਵਾਰ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਹੀ ਨਹੀਂ ਦਿੱਤੀ। ਉਂਜ ਜੈਰਾਮ ਠਾਕੁਰ ਨੇ ਮੰਤਰੀ ਮੰਡਲ ਦੇ ਗਠਨ ਵਿੱਚ ਖੇਤਰੀ ਅਤੇ ਜਾਤੀ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਿਆ ਹੈ, ਪਰ ਉਨ੍ਹਾਂ ਨੂੰ ਪਾਰਟੀ ਵਿੱਚ ਪੈਦਾ ਹੋ ਰਹੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਸਮਾਂ ਰਹਿੰਦਿਆਂ ਸੀਨੀਅਰ ਵਿਧਾਇਕਾਂ ਨੂੰ ਵੀ ਸਰਕਾਰ ਵਿੱਚ ਉਚਿਤ ਅਹੁਦੇ ਦੇਣੇ ਪੈਣਗੇ।
ਖਾਸ ਗੱਲ ਇਹ ਹੈ ਕਿ ਜੈਰਾਮ ਠਾਕੁਰ ਅਤੇ ਮੁਕੇਸ਼ ਅਗਨੀਹੋਤਰੀ ਦੇ ਰੂਪ ਵਿੱਚ ਦੋ ਨੌਜਵਾਨ ਚਿਹਰੇ ਇਸ ਸੂਬੇ ਦੀ ਸਿਆਸਤ ਵਿੱਚ ਅਹਿਮ ਅਹੁਦਿਆਂ ਉਤੇ ਪਹੁੰਚ ਗਏ ਹਨ, ਪਰ ਪਾਰਟੀ ਵਿੱਚ ਸੀਨੀਅਰ ਆਗੂਆਂ ਦੇ ਸਹਿਯੋਗ ਨਾਲ ਹੀ ਉਨ੍ਹਾਂ ਨੂੰ ਆਪਣੀ ਪਾਰੀ ਖੇਡਣੀ ਪਵੇਗੀ, ਕਿਉਂਕਿ ਇੱਕ ਪਾਸੇ ਭਾਜਪਾ ਵਿੱਚ ਪ੍ਰੋ. ਧੂਮਲ ਦੀ ਅਜੇ ਵੀ ਗੂੜ੍ਹੀ ਛਾਪ ਹੈ, ਤਾਂ ਦੂਜੇ ਪਾਸੇ ਕਾਂਗਰਸ ਵਿੱਚ ਵੀਰਭੱਦਰ ਸਿੰਘ ਹੁਣ ਤੱਕ ਹਰਮਨ ਪਿਆਰੇ ਨੇਤਾ ਹਨ।