ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਫਾਰਮ ਹਾਊਸ ਈ ਡੀ ਵੱਲੋਂ ਕੁਰਕ

The ruling Congress party stressed that Singh's decision to quit was not an admission of wrongdoing
ਨਵੀਂ ਦਿੱਲੀ, 3 ਅਪਰੈਲ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਕੁਝ ਹੋਰਨਾਂ ਦੇ ਖ਼ਿਲਾਫ਼ ਕਾਲੇ ਧਨ ਨੂੰ ਚਿੱਟਾ ਕਰਨ ਤੋਂ ਰੋਕਣ ਵਾਲੇ ਕਾਨੂੰਨ ਹੇਠ ਕੀਤੀ ਗਈ ਜਾਂਚ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਇਕ ਫਾਰਮ ਹਾਊਸ ਜ਼ਬਤ ਕੀਤਾ ਹੈ, ਜਿਸ ਦਾ ਬਾਜ਼ਾਰੀ ਮੁੱਲ 27 ਕਰੋੜ ਰੁਪਏ ਦੇ ਕਰੀਬ ਬਣਦਾ ਹੈ। ਏਜੰਸੀ ਨੇ ਮਨੀ ਲਾਂਡਰਿੰਗ ਕਾਨੂੰਨ (ਪੀ ਐਮ ਐਲ ਏ) ਦੀਆਂ ਧਾਰਾਵਾਂ ਹੇਠ ਦੱਖਣੀ ਦਿੱਲੀ ਦੇ   ਮਹਿਰੌਲੀ ਇਲਾਕੇ ਵਿੱਚ ਇਸ ਫਾਰਮ ਹਾਊਸ ਨੂੰ ਜ਼ਬਤ ਕਰਨ ਦੇ ਵਕਤੀ ਹੁਕਮ ਜਾਰੀ ਕੀਤੇ ਹਨ।
ਇਸ ਫਾਰਮ ਹਾਊਸ ਦੀ ਮਾਰਕੀਟ ਕੀਮਤ ਈ ਡੀ ਨੇ ਕਰੀਬ 27 ਕਰੋੜ ਰੁਪਏ ਦੱਸੀ ਹੈ ਅਤੇ ਇਹ ਮੈਪਲ ਡੈਸਟੀਨੇਸ਼ਨਜ਼ ਐਂਡ ਡਰੀਮਬਿਲਡ ਦੇ ਨਾਂਅ ਉੱਤੇ ਹੈ। ਹਿਮਾਚਲ ਪ੍ਰਦੇਸ਼ ਦੇ ਛੇਵੀਂ ਵਾਰ ਮੁੱਖ ਮੰਤਰੀ ਬਣੇ ਵੀਰਭੱਦਰ ਸਿੰਘ, ਉਸ ਦੀ ਪਤਨੀ ਅਤੇ ਹੋਰਨਾਂ ਦੇ ਖ਼ਿਲਾਫ਼ ਆਮਦਨ ਦੇ ਵਸੀਲਿਆਂ ਤੋਂ ਵੱਧ ਤਕਰੀਬਨ 10 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੇ ਕੇਸ ਵਿੱਚ ਸੀ ਬੀ ਆਈ ਵੱਲੋਂ ਚਾਰਜਸ਼ੀਟ ਦਾਖ਼ਲ ਕੀਤੇ ਜਾਣ ਪਿੱਛੋਂ ਈ ਡੀ ਨੇ ਹਾਲ ਹੀ ਵਿੱਚ ਇਹ ਕਾਨੂੰਨੀ ਕਾਰਵਾਈ ਕੀਤੀ ਹੈ।
ਵਰਨਣ ਯੋਗ ਹੈ ਕਿ ਸੀ ਬੀ ਆਈ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਦੇ ਆਧਾਰ ਉਤੇ ਈ ਡੀ ਨੇ 82 ਸਾਲਾ ਕਾਂਗਰਸੀ ਮੁੱਖ ਮੰਤਰੀ ਅਤੇ ਹੋਰਨਾਂ ਦੇ ਖ਼ਿਲਾਫ਼ ਸਾਲ 2015 ਵਿੱਚ ਅਪਰਾਧਕ ਕੇਸ ਦਰਜ ਕੀਤਾ ਸੀ। ਕਾਂਗਰਸ ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂਸਿੰਘਵੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇਸ ਕੇਸ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ, ਕਿਉਂਕਿ ਇਹ ‘ਰਾਜਸੀ ਕਿੜ ਕੱਢਣ ਦੀ ਕਾਰਵਾਈ’ ਹੇਠ ਦਰਜ ਕੀਤਾ ਗਿਆ ਕੇਸ ਹੈ ਅਤੇ ਵੀਰਭੱਦਰ ਸਿੰਘ ਇਸ ਕੇਸ ਦੇ ਖ਼ਿਲਾਫ਼ ਕਾਨੂੰਨੀ ਲੜਾਈ ਲੜ ਕੇ ਜਿੱਤਣਗੇ। ਭਾਜਪਾ ਨੇ ਵੀਰਭੱਦਰ ਸਿੰਘ ਨੂੰ ‘ਭ੍ਰਿਸ਼ਟਾਚਾਰ ਦਾ ਪ੍ਰਤੀਕ’ ਦੱਸ ਕੇ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾਂ ਵੀ ਹੋਣ ਵਾਲੀਆਂ ਹਨ ਤੇ ਇਹ ਕੇਸ ਇਨ੍ਹਾਂ ਚੋਣਾਂ ਵਿੱਚ ਰਾਜਸੀ ਮੁੱਦਾ ਵੀ ਬਣ ਸਕਦਾ ਹੈ।