ਹਿਜਾਬ ਪਹਿਨਣ ਵਾਲੀ ਬਾਸਕਟਬਾਲ ਖਿਡਾਰਨ ਨੂੰ ਮੈਚ ਤੋਂ ਕੱਢਿਆ

hijab
ਵਾਸ਼ਿੰਗਟਨ, 20 ਮਾਰਚ (ਪੋਸਟ ਬਿਊਰੋ)- ਅਮਰੀਕਾ ਵਿੱਚ ਹਾਈ ਸਕੂਲ ਦੀ 16 ਸਾਲਾ ਮੁਸਲਿਮ ਲੜਕੀ ਨੂੰ ਪੂਰੇ ਸੈਸ਼ਨ ਵਿੱਚ ਖੇਡਣ ਦੇ ਬਾਵਜੂਦ ਖੇਤਰੀ ਬਾਸਕਟਬਾਲ ਫਾਈਨਲਜ਼ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਸ ਨੇ ਹਿਜਾਬ ਪਹਿਨਿਆ ਸੀ।
ਮੈਰੀਲੈਂਡ ਵਿੱਚ ਗੇਥਸਬਰਗ ਦੇ ਵਾਟਕਿੰਸ ਮਿਲ ਹਾਈ ਸਕੂਲ ਦੀ ਜੇਨਾਨ ਹਾਯੇਸ ਨੇ ਸੈਸ਼ਨ ਦੇ ਸ਼ੁਰੂਆਤੀ 24 ਮੈਚ ਬਿਨਾ ਕਿਸੇ ਸਮੱਸਿਆ ਦੇ ਖੇਡੇ, ਪਰ ਕੁਝ ਹਫਤੇ ਪਹਿਲੇ ਸਿਰ ‘ਤੇ ਕੱਪੜਾ ਬੰਨ੍ਹਣ ਕਾਰਨ ਉਨ੍ਹਾਂ ‘ਤੇ ਹਾਈ ਸਕੂਲ ਬਾਸਕਟਬਾਲ ਮੈਚ ‘ਤੇ ਪਾਬੰਦੀ ਲਾ ਦਿੱਤੀ ਗਈ। ਹਾਯੇਸ ਨੇ ਗੇਥਸਬਰਗ ਵਿੱਚ ਤਿੰਨ ਮਾਰਚ ਨੂੰ ਖੇਤਰੀ ਹਾਈ ਸਕੂਲ ਚੈਂਪੀਅਨਸ਼ਿਪ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਮਿਲੀ ਤੇ ਕੋਚਾਂ ਨੂੰ ਕਿਹਾ ਗਿਆ ਕਿ ਉਹ ਸਿਰ ਉੱਤੇ ਸਕਾਰਫ ਬੰਨਣ ਦੇ ਕਾਰਨ ਨਹੀਂ ਖੇਡ ਸਕਦੀ। ਕੋਚ ਦੋਨਿਤਾ ਐਡਮਸ ਨੇ ਸੀ ਬੀ ਐੱਸ ਬਾਲਟੀਮੇਰ ਨੂੰ ਕਿਹਾ, ਸਾਨੂੰ ਕਦੀ ਇਸ ਨਿਯਮ ਦੀ ਸੂਚਨਾ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਕੋਚ ਨੂੰ ਹਾਯੇਸ ਨੂੰ ਬਾਹਰ ਬਿਠਾਉਣਾ ਪਿਆ।
ਐਡਮਸ ਨੇ ਕਿਹਾ, ਮੈਂ ਉਸ ਵੱਲ ਨਹੀਂ ਵੇਖਣਾ ਚਾਹੁੰਦੀ, ਕਿਉਂਕਿ ਉਸ ਨੂੰ ਨਹੀਂ ਦੱਸ ਸਕਦੀ ਕਿ ਉਹ ਕਿਉਂ ਨਹੀਂ ਖੇਡ ਸਕੀ। ਹਾਯੇਸ ਨੇ ਕਿਹਾ, ਮੈਂ ਦੁਖੀ, ਗੁੱਸੇ ਵਿੱਚ ਹਾਂ, ਮੇਰੇ ਅੰਦਰ ਕਾਫੀ ਭਾਵਨਾਵਾਂ ਹਨ।