ਹਿਜਾਬ ‘ਤੇ ਪਾਬੰਦੀ ਦੇ ਫੈਸਲੇ ਲਈ ਭਾਰਤੀ ਮੂਲ ਦੀ ਪ੍ਰਿੰਸੀਪਲ ਦੇ ਖਿਲਾਫ ਪ੍ਰਚਾਰ ਸ਼ੁਰੂ


ਲੰਡਨ, 19 ਫਰਵਰੀ (ਪੋਸਟ ਬਿਊਰੋ)- ਸੇਂਟ ਸਟੀਫਨਜ਼ ਸਕੂਲ ਦੀ ਭਾਰਤੀ ਮੂਲ ਦੀ ਮੁੱਖ ਅਧਿਆਪਕਾ ਨੀਨਾ ਲਾਲ ਵੱਲੋਂ ਆਪਣੇ ਸਕੂਲ ਵਿੱਚ ਹਿਜਾਬ ਉੱਤੇ ਪਾਬੰਦੀ ਲਾਉਣ ਦੇ ਯਤਨਾਂ ਦੇ ਬਾਅਦ ਉਨ੍ਹਾਂ ਦੇ ਖਿਲਾਫ ਆਨਲਾਈਨ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਤੁਲਨਾ ਜਰਮਨੀ ਦੇ ਤਾਨਾਸ਼ਾਹ ਅਡੋਲਫ ਹਿਟਲਰ ਨਾਲ ਕੀਤੀ ਗਈ, ਜਿਸ ਤੋਂ ਬਾਅਦ ਯੂ ਕੇ ਪੁਲਸ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
ਵਰਨਣ ਯੋਗ ਹੈ ਕਿ ਨੀਨਾ ਲਾਲ ਨੇ ਪਿਛਲੇ ਮਹੀਨੇ ਅੱਠ ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਲਈ ਹਿਜਾਬ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਸੀ, ਜਿਸ ਕਾਰਨ ਉਹ ਵਿਵਾਦਾਂ ‘ਚ ਘਿਰ ਗਈ ਸੀ। ਰੌਲਾ ਪੈਣ ਕਾਰਨ ਉਸ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ। ਪੂਰਬੀ ਲੰਡਨ ਦੇ ਨਿਊਹੈਮ ਵਿੱਚ ਪੁਲਸ ਕੋਲ ਹੁਣ ਈਮੇਲਜ਼, ਫੇਸਬੁੱਕ, ਪੋਸਟਾਂ ਅਤੇ ਹੋਰ ਸੋਸ਼ਲ ਮੀਡੀਆ ਸੁਨੇਹਿਆਂ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ‘ਦਿ ਸੰਡੇ ਟਾਈਮਜ਼’ ਨੇ ਦੱਸਿਆ ਕਿ ਨੀਨਾ ਲਾਲ ਅਤੇ ਸਕੂਲ ਦੇ ਗਵਰਨਰਜ਼ ਦੇ ਸਾਬਕਾ ਚੇਅਰਮੈਨ ਆਰਿਫ ਕਾਵੀ ਵੱਲੋਂ ਇਹ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਸਥਾਨਕ ਪੁਲਸ ਨੇ ਸ਼ਿਕਾਇਤਾਂ ਦੀ ਜਾਂਚ ਕਰਨ ਬਾਰੇ ਤਸਦੀਕ ਕੀਤੀ ਹੈ। ਕਾਵੀ ਨੇ ਦਾਅਵਾ ਕੀਤਾ ਕਿ ਪਿਛਲੇ ਕਈ ਦਿਨਾਂ ਤੋਂ ਮਿਲ ਰਹੇ ਭੱਦੇ ਸੁਨੇਹਿਆਂ ਕਰਕੇ ਸਕੂਲ ਨੂੰ ਹਿਜਾਬ ਉੱਤੇ ਪਾਬੰਦੀ ਲਾਉਣ ਸਬੰਧੀ ਫੈਸਲੇ ਨੂੰ ਵਾਪਸ ਲੈਣਾ ਪਿਆ। ਇਸੇ ਕਰਕੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਹੈ। ਯੂ ਕੇ ਦੇ ਸਿੱਖਿਆ ਮੰਤਰੀ ਡੇਮੀਅਨ ਹਿੰਡਜ਼ ਨੇ ਕਿਹਾ ਕਿ ਕਿਸੇ ਅਧਿਆਪਕ ਖਿਲਾਫ ਅਜਿਹੀ ਭੱਦੀ ਸ਼ਬਦਾਵਲੀ ਨਹੀਂ ਵਰਤੀ ਜਾਣੀ ਚਾਹੀਦੀ। ਸਕੂਲ ਪ੍ਰਣਾਲੀ ਬਾਰੇ ਮੰਤਰੀ ਲਾਡਰ ਥਿਓਡੋਰ ਐਗਨਿਊ ਨੇ ਨੀਨਾ ਲਾਲ ਦੇ ਫੈਸਲੇ ਨੂੰ ਹਮਾਇਤ ਦਿੱਤੀ ਸੀ।