‘ਹਿਚਕੀ’ ਵਿੱਚ ਟੀਚਰ ਬਣੀ ਰਾਣੀ ਮੁਖਰਜੀ


ਫਿਲਮ ‘ਮਰਦਾਨੀ’ ਵਿੱਚ ਪੁਲਸ ਅਫਸਰ ਦੀ ਭੂਮਿਕਾ ਨਿਭਾਉਣ ਪਿੱਛੋਂ ਰਾਣੀ ਮੁਖਰਜੀ ਹੁਣ ਟੀਚਰ ਬਣਨ ਵਾਲੀ ਹੈ। ਇਹ ਕਿਰਦਾਰ ਉਹ ਫਿਲਮ ‘ਹਿਚਕੀ’ ਵਿੱਚ ਅਦਾ ਕਰੇਗੀ। ਉਸ ਦੀ ਇਸ ਭੂਮਿਕਾ ਦੀ ਇੱਕ ਝਲਕ ਇਸ ਫਿਲਮ ਦੇ ਟ੍ਰੇਲਰ ਤੋਂ ਮਿਲੀ ਹੈ। ਦੋ ਮਿੰਟ 31 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਰਾਣੀ ਮੁਖਰਜੀ ਨੈਨਾ ਮਾਥੁਰ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਜ਼ਿੰਦਗੀ ਦੀ ਔਖੇ ਹਾਲਾਤ ਵਿੱਚ ਉਮੀਦ ਦਾ ਪੱਲਾ ਨਹੀਂ ਛੱਡਦੀ ਅਤੇ ਅਖੀਰ ਵਿੱਚ ਜੇਤੂ ਹੁੰਦੀ ਹੈ।
ਰਾਣੀ ਨੇ ਟ੍ਰੇਲਰ ਲਾਂਚ ਮੌਕੇ ਦੱਸਿਆ ਕਿ ਉਹ ਖੁਦ ਕਈ ਸਾਲਾਂ ਤੱਕ ਹਿਚਕੀ ਦੀ ਸਮੱਸਿਆ ਨਾਲ ਜੂਝਦੀ ਰਹੀ ਹੈ। ਕਈ ਵਾਰ ਇਸੇ ਕਾਰਨ ਉਸ ਨੂੰ ਗੰਭੀਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਆਖਰ ਵਿੱਚ ਉਸ ਨੂੰ ਇਸ ਤੋਂ ਛੁਟਕਾਰਾ ਮਿਲ ਗਿਆ। ਇਹ ਫਿਲਮ 23 ਫਰਵਰੀ ਨੂੰ ਰਿਲੀਜ਼ ਹੋਵੇਗੀ। ਬੀਤੇ ਦਿਨੀਂ ਰਿਲੀਜ਼ ਹੋਈ ਯਸ਼ਰਾਜ ਦੀ ਫਿਲਮ ‘ਟਾਈਗਰ ਜਿੰਦਾ ਹੈ’ ਨਾਲ ਇਸ ਫਿਲਮ ਦਾ ਟ੍ਰੇਲਰ ਜੋੜਿਆ ਗਿਆ ਹੈ। ‘ਹਿਚਕੀ’ ਦਾ ਨਿਰਦੇਸ਼ਨ ਸਿਧਾਰਥ ਪੀ ਮਲਹੋਤਰਾ ਨੇ ਕੀਤਾ ਹੈ, ਜੋ ਛੇ ਸਾਲ ਪਿੱਛੋਂ ਨਿਰਦੇਸ਼ਨ ਵੱਲ ਪਰਤੇ ਹਨ।