ਹਾਜ਼ਰ-ਜੁਆਬ ਤੇ ਮੂੰਹ ਉੱਤੇ ਗੱਲ ਕਰਨ ਵਾਲੇ ਹਨ ਪ੍ਰਿੰਸ ਫਿਲਿਪ

-ਕਰਣ ਥਾਪਰ
ਮੈਨੂੰ ਬ੍ਰਿਟੇਨ ਦੇ ਪ੍ਰਿੰਸ ਫਿਲਿਪ ਨੂੰ ਨੇੜਿਓਂ ਜਾਨਣ ਦਾ ਮੌਕਾ 1977 ਵਿੱਚ ਗ੍ਰੈਜੂਏਸ਼ਨ ਕਰਨ ਦੌਰਾਨ ਮਿਲਿਆ ਸੀ। ਉਹ ਨਿੱਜੀ ਤੌਰ ਉੱਤੇ ਡਿਗਰੀਆਂ ਵੰਡਣ ਲਈ ਆਏ ਸਨ। ਅਜਿਹਾ ਸ਼ਾਇਦ ਇਸ ਲਈ ਹੋਇਆ ਕਿ ਇੱਕ ਸਾਲ ਪਹਿਲਾਂ ਹੀ ਉਹ ਕੈਂਬ੍ਰਿਜ ਯੂਨੀਵਰਸਿਟੀ ਦੇ ਚਾਂਸਲਰ ਬਣ ਸਨ। ਮੰਦ-ਭਾਗੀ ਗੱਲ ਹੈ ਕਿ ਮੈਨੂੰ ਹੁਣ ਇਹ ਯਾਦ ਨਹੀਂ ਕਿ ਉਸ ਮੌਕੇ ‘ਤੇ ਉਨ੍ਹਾਂ ਨੇ ਕੀ ਕਿਹਾ ਜਾਂ ਕੁਝ ਕਿਹਾ ਵੀ ਸੀ ਜਾਂ ਨਹੀਂ, ਪਰ ਜੇ ਉਹ ਸਿਰਫ ਗੁੱਰਾਏ ਹੋਣ ਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਸ਼ਰਾਰਤ ਭਰੀ ਝਮਕ ਆਈ ਹੋਵੇ ਤਾਂ ਇਹ ਹੀ ਕਾਫੀ ਹੈ ਉਸ ਵਿਅਕਤੀ ਦਾ ਬਿਆਨ ਕਰਨ ਲਈ।
ਜਿਸ ਯੁੱਗ ਵਿੱਚ ਅਸੀਂ ਦਮ ਘੁੱਟ ਹੋਣ ਦੀ ਹੱਦ ਤੱਕ ਸਿਆਸੀ ਰਸਮਾਂ ਪ੍ਰਤੀ ਸੰਵੇਦਨਸ਼ੀਲ ਹੋਈਏ, ਉਸ ਵਿੱਚ ਪ੍ਰਿੰਸ ਫਿਲਿਪ ਦੀ ਪ੍ਰਸਿੱਧੀ ਇਸ ਲਈ ਹੈ ਕਿ ਉਹ ਬਿਲਕੁਲ ਮੂੰਹ ‘ਤੇ ਗੱਲ ਕਹਿੰਦੇ ਹਨ ਅਤੇ ਕਈ ਵਾਰ ਬਹੁਤ ਬੇਲਿਹਾਜ਼ ਹੋ ਜਾਂਦੇ ਹਨ, ਫਿਰ ਵੀ ਉਨ੍ਹਾਂ ਦਾ ਅੰਦਾਜ਼ ਹਾਜ਼ਰ-ਜਵਾਬੀ ਵਾਲਾ ਅਤੇ ਮਜ਼ੇਦਾਰ ਹੁੰਦਾ ਹੈ। ਜਦੋਂ ਕਦੇ ਉਹ ਟਪਲਾ ਖਾ ਜਾਂਦੇ ਹਨ ਤਾਂ ਇਸ ਨਾਲ ਕਈਆਂ ਨੂੰ ਸਦਮਾ ਲੱਗਦਾ ਹੈ, ਪਰ ਕਿਤੇ ਜ਼ਿਆਦਾ ਲੋਕਾਂ ਦੀਆਂ ਵਾਛਾਂ ਹੀ ਖਿੜ ਜਾਂਦੀਆਂ ਹਨ। ਜਿਨ੍ਹਾਂ ਨੂੰ ਅਸੀਂ ਫਿਲਿਪ ਦੀਆਂ ਗਲਤੀਆਂ ਸਮਝਦੇ ਹਾਂ, ਉਹ ਗੱਲਾਂ ਕਈ ਮੌਕਿਆਂ ‘ਤੇ ਬਹੁਤ ਮੱਕਾਰੀ ਭਰੇ ਢੰਗ ਨਾਲ ਸੱਚਾਈ ਬਿਆਨ ਕਰਦੀਆਂ ਹਨ, ਜਦ ਕਿ ਕਈ ਮੌਕਿਆਂ ਉੱਤੇ ਤੁਹਾਡੇ ਦਿਮਾਗ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਕਾਸ਼! ਅਜਿਹਾ ਖੂਬਸੂਰਤ ਡਾਇਲਾਗ ਤੁਹਾਡੇ ਮੂੰਹੋਂ ਨਿਕਲਿਆ ਹੁੰਦਾ। ਉਨ੍ਹਾਂ ਦੀਆਂ ਕੁਝ ਬਹੁਤ ਹੀ ਹਾਸੇ-ਮਜ਼ਾਕ ਵਾਲੀਆਂ ਟਿੱਪਣੀਆਂ ਵਿਦੇਸ਼ੀਆਂ ਲਈ ਹੁੰਦੀਆਂ ਹਨ।
ਪ੍ਰਿੰਸ ਫਿਲਿਪ ਜਦੋਂ ਨਾਈਜੀਰੀਆ ਦੇ ਸਾਬਕਾ ਰਾਸ਼ਟਰਪਤੀ ਓਲੁਸੇਗੁਣ ਓਬਾਸਾਂਜੋ ਨੂੰ ਪਹਿਲੀ ਵਾਰ ਮਿਲੇ ਤਾਂ ਓਬਾਸਾਂਜੋ ਨੇ ਰਵਾਇਤੀ ਨਾਈਜੀਰੀਆਈ ਪਹਿਰਾਵਾ ਪਹਿਨਿਆ ਹੋਇਆ ਸੀ। ਉਸ ਨੂੰ ਦੇਖ ਕੇ ਪ੍ਰਿੰਸ ਫਿਲਿਪ ਨੇ ਚੁਟਕੀ ਲਈ; ‘ਤੁਸੀਂ ਤਾਂ ਸੁਹਗਰਾਤ ਮਨਾਉਣ ਜਾ ਰਹੀ ਕਿਸੇ ਲਾੜੀ ਵਰਗੇ ਲੱਗਦੇ ਹੋ।’
ਇਥੋਪੀਆਈ ਇਤਿਹਾਸਕ ਕਲਾ ਵਸਤਾਂ ਦੀ ਇੱਕ ਪ੍ਰਦਰਸ਼ਨੀ ਦੇਖ ਕੇ ਉਨ੍ਹਾਂ ਟਿੱਪਣੀ ਕੀਤੀ ਸੀ; ‘ਇਹ ਦੇਖ ਕੇ ਮੈਨੂੰ ਏਦਾਂ ਲੱਗਦਾ ਹੈ, ਜਿਵੇਂ ਮੇਰੀ ਬੇਟੀ ਆਪਣੀ ਆਰਟ ਦੀ ਕਲਾਸ ਵਿੱਚ ਜੋ ਚੀਜ਼ਾਂ ਬਣਾਉਂਦੀ ਸੀ, ਉਹ ਸਭ ਇਸ ਪ੍ਰਦਰਸ਼ਨੀ ਵਿੱਚ ਪਹੁੰਚ ਗਈਆਂ ਹਨ।’ ਪ੍ਰਸ਼ਾਂਤ ਸਾਗਰ ਵਾਲੇ ਦੇਸ਼ ਪਾਪੂਆ ਨਿਊ ਗਿਨੀ ਵਿੱਚ ਟ੍ਰੈਕਿੰਗ ਕਰ ਕੇ ਪਰਤੇ ਇੱਕ ਵਿਦਿਆਰਥੀ ਨੂੰ ਸ਼ਾਬਾਸ਼ ਦਿੰਦਿਆਂ ਉਨ੍ਹਾਂ ਕਿਹਾ, ‘ਤਾਂ ਫਿਰ ਤੂੰ ਉਥੇ ਆਦਮਖੋਰਾਂ ਦਾ ਭੋਜਨ ਬਣਨ ਤੋਂ ਬਚ ਨਿਕਲਿਆ?’
ਸਾਲ 1967 ‘ਚ ਉਨ੍ਹਾਂ ਨੂੰ ਸੰਭਾਵੀ ਰੂਸ ਯਾਤਰਾ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘ਮੈਂ ਰੂਸ ਜਾਣਾ ਬਹੁਤ ਪਸੰਦ ਕਰਾਂਗਾ, ਹਾਲਾਂਕਿ ਉਨ੍ਹਾਂ ਹਰਾਮਜ਼ਾਦਿਆਂ ਨੇ ਮੇਰਾ ਅੱਧਾ ਪਰਵਾਰ ਖਤਮ ਕਰ ਦਿੱਤਾ ਸੀ।’ ਮੈਨੂੰ ਸਭ ਤੋਂ ਵੱਧ ਉਨ੍ਹਾਂ ਦਾ ਇਹ ਕਥਨ ਪਸੰਦ ਹੈ, ‘ਮੈਂ ਇਸ ਚੀਜ਼ ਨੂੰ ਖੋਲ੍ਹਣ ਦਾ ਐਲਾਨ ਕਰਦਾ ਹਾਂ, ਚਾਹੇ ਇਹ ਕੁਝ ਵੀ ਹੋਵੇ ਅਤੇ ਇੰਨਾ ਕਹਿੰਦਿਆਂ ਉਨ੍ਹਾਂ ਨੇ ਵੈਨਕੂਵਰ ਸਿਟੀ ਹਾਲ ਦੇ ਉਦਘਾਟਨ ਦਾ ਰਿਬਨ ਕੱਟ ਦਿੱਤਾ।’
ਪ੍ਰਿੰਸ ਫਿਲਿਪ ਦੀਆਂ ਕੁਝ ਟਿੱਪਣੀਆਂ ਬਿਨਾਂ ਸ਼ੱਕ ਚੁੱਭਣ ਵਾਲੀਆਂ ਹਨ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਨ੍ਹਾਂ ਟਿੱਪਣੀਆਂ ਵਿੱਚੋਂ ਨਸਲਵਾਦ ਦੀ ਬੂ ਆਉਂਦੀ ਹੈ, ਪਰ ਜੇ ਅਜਿਹੇ ਮਸਲੇ ਨਾ ਹੋਣ ਤਾਂ ਕੀ ਹਾਸਾ-ਮਜ਼ਾਕ ਹੋ ਸਕੇਗਾ? ਸਭ ਤੋਂ ਅਹਿਮ ਗੱਲ ਇਹ ਹੈ ਕਿ ਪ੍ਰਿੰਸ ਫਿਲਿਪ ਆਪਣੇ ਲੋਕਾਂ ਬਾਰੇ ਵੀ ਇਸੇ ਤਰ੍ਹਾਂ ਖੁੱਲ੍ਹ ਕੇ ਟਿੱਪਣੀ ਕਰਦੇ ਹਨ। ਇੱਕ ਵਾਰ ਉਨ੍ਹਾਂ ਨੇ ਕਿਹਾ ਸੀ: ‘ਬ੍ਰਿਟਿਸ਼ ਔਰਤਾਂ ਖਾਣਾ ਪਕਾਉਣਾ ਨਹੀਂ ਜਾਣਦੀਆਂ, ਪਰ ਖਾਣਾ ਸਜਾਉਣਾ ਤੇ ਉਸ ਨੂੰ ਦਿਲ ਖਿਚਵਾਂ ਬਣਾਉਣਾ ਚੰਗੀ ਤਰ੍ਹਾਂ ਜਾਣਦੀਆਂ ਹਨ।”
ਸਕਾਟਲੈਂਡ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਇੱਕ ਡਰਾਈਵਿੰਗ ਟਰੇਨਰ ਨੂੰ ਪੁੱਛਿਆ: ‘ਤੁਸੀਂ ਸਥਾਨਕ ਲੋਕਾਂ ਨੂੰ ਕਿੰਨੀ ਦੇਰ ਤੱਕ ਸ਼ਰਾਬ ਤੋਂ ਦੂਰ ਰੱਖਦੇ ਹੋ ਕਿ ਉਹ ਟੈਸਟ ਵਿੱਚ ਪਾਸ ਹੋ ਸਕਣ।’
ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਵੱਲੋਂ ਹਾਊਸ ਆਫ ਲਾਰਡਜ਼ ਦੇ ਮੈਂਬਰ ਬਣਨ ਵਾਲੇ ਅਫਰੀਕੀ ਮੂਲ ਦੇ ਪਹਿਲੇ ਕਾਲੇ ਵਿਅਕਤੀ ਲਾਰਡ ਟੇਲਰ ਨੂੰ ਉਨ੍ਹਾਂ ਨੇ ਸਵਾਲ ਕੀਤਾ, ‘ਮੈਨੂੰ ਦੱਸੋ ਕਿ ਤੁਸੀਂ ਕਿਹੜੀ ਅਜੀਬੋ-ਗਰੀਬ ਦੁਨੀਆ ਤੋਂ ਪਧਾਰੇ ਹੋ।’ ਇਸ ਉੱਤੇ ਟ੍ਰੇਲਰ ਨੇ ਓਨਾ ਹੀ ਤਿੱਖਾ ਜਵਾਬ ਦਿੱਤਾ, ‘‘ਬਰਮਿੰਘਮ ਤੋਂ।”
ਫਿਲਿਪ ਕਦੇ-ਕਦੇ ਖੁਦ ਨੂੰ ਦਰੁੱਸਤ ਵੀ ਕਰਦੇ ਹਨ, ਪਰ ਮਜ਼ਾਕ ਹੋਰ ਮਸਾਲੇਦਾਰ ਬਣ ਜਾਂਦਾ ਹੈ। ਇੱਕ ਵਾਰ ਜਦੋਂ ਉਹ ਗਲਾਸਗੋ ਦੀ ਇੱਕ ਫੈਕਟਰੀ ਦਾ ਦੌਰਾ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਦਾ ਧਿਆਨ ਇੱਕ ਫਿਊਜ਼ ਬਾਕਸ ਵੱਲ ਚਲਾ ਗਿਆ ਤੇ ਉਨ੍ਹਾਂ ਨੇ ਹੈਰਾਨ ਹੁੰਦਿਆਂ ਕਿਹਾ, ‘ਲੱਗਦਾ ਹੈ ਕਿ ਇਹ ਕਿਸੇ ਰੈਡ ਇੰਡੀਅਨ ਦਾ ਕਮਾਲ ਹੈ।’ ਫਿਰ ਇਸ ਟਿੱਪਣੀ ਨੂੰ ਫੌਰਨ ਸਹੀ ਕਰਦਿਆਂ ਕਿਹਾ, ‘ਮੇਰੇ ਕਹਿਣ ਦਾ ਮਤਲਬ ਸੀ ਕਾਊ ਬੁਆਏ ਤੋਂ, ਪਰ ਮੈਂ ਦੋਵਾਂ ਨੂੰ ਰਲਗੱਡ ਕਰ ਦਿੱਤਾ।’
ਸਭ ਤੋਂ ਵਧੀਆ ਗੱਲ ਇਹ ਹੈ ਕਿ ਫਿਲਿਪ ਨੂੰ ਪਤਾ ਹੁੰਦਾ ਹੈ ਕਿ ਉਹ ਕੀ ਕਰਨ ਜਾਂ ਕਹਿਣ ਜਾ ਰਹੇ ਹਨ। ਲਗਭਗ 50 ਸਾਲ ਪਹਿਲਾਂ ਉਨ੍ਹਾਂ ਨੇ ਜਨਰਲ ਡੈਂਟਲ ਕੌਂਸਲ ਨੂੰ ਦੱਸਿਆ, ‘ਦੰਦ ਵਿਗਿਆਨ ਮਨੁੱਖੀ ਗਿਆਨ ਦੀ ਇੱਕ ਅਜਿਹੀ ਸ਼ਾਖਾ ਹੈ, ਜਿਸ ਤੋਂ ਤੁਸੀਂ ਸਿੱਖਦੇ ਹੋ ਕਿ ਮੂੰਹ ਕਿਵੇਂ ਖੋਲ੍ਹਣਾ ਹੈ ਤੇ ਆਪਣਾ ਪੈਰ ਉਸ ਵਿੱਚ ਕਿਵੇਂ ਫਸਾਉਣਾ ਹੈ। ਮੈਂ ਇਸ ਵਿਗਿਆਨ ਦਾ ਕਈ ਵਰ੍ਹਿਆਂ ਤੱਕ ਅਭਿਆਸ ਕੀਤਾ ਹੈ।’
‘ਦਿ ਟਾਈਮਜ਼’ ਅਖਬਾਰ ਨੇ ਪਿਛਲੇ ਹਫਤੇ ਪ੍ਰਿੰਸ ਫਿਲਿਪ ਦੇ ਰਿਟਾਇਰਮੈਂਟ ਦੇ ਐਲਾਨ ਮੌਕੇ ਟਿੱਪਣੀ ਕੀਤੀ ਸੀ: ‘‘ਪਤਾ ਨਹੀਂ ਉਨ੍ਹਾਂ ਵਿੱਚ ਕੀ ਜਾਦੂ ਹੈ ਕਿ ਉਹ ਆਪਣਾ ਮੂੰਹ ਲੋੜ ਤੋਂ ਵੱਧ ਖੋਲ੍ਹ ਲੈਂਦੇ ਹਨ ਤੇ ਬੇਸ਼ੱਕ ਉਸ ਵਿੱਚ ਆਪਣਾ ਪੈਰ ਵੀ ਡੂੰਘਾਈ ਤੱਕ ਫਸਾ ਲੈਂਦੇ ਹਨ, ਫਿਰ ਵੀ ਉਨ੍ਹਾਂ ਦੀਆਂ ਉਂਗਲਾਂ ਤੋਂ ਲੋਕ ਲੰਮੇ ਸਮੇਂ ਤੱਕ ਨਾਰਾਜ਼ ਨਹੀਂ ਰਹਿੰਦੇ।’
ਮੈਂ ਜੋਖਮ ਭਰੇ ਹਾਸੇ-ਮਜ਼ਾਕ ਨੂੰ ਪਸੰਦ ਕਰਦਾ ਹਾਂ, ਜੋ ਨਾ ਸਿਰਫ ਅਨੋਖਾ ਹੁੰਦਾ ਹੈ, ਸਗੋਂ ਸਾਡੀ ਜ਼ਿੰਦਗੀ ਨੂੰ ਵੀ ਚਮਕ-ਦਮਕ ਪ੍ਰਦਾਨ ਕਰਦਾ ਹੈ।