ਹਾਜ਼ਰੀ ਨਾ ਬੋਲਣ ਉੱਤੇ ਟੀਚਰ ਨੇ ਬੱਚੇ ਨੂੰ 40 ਥੱਪੜ ਕੱਢ ਮਾਰੇ

40 thapad
ਲਖਨਊ, 1 ਸਤੰਬਰ (ਪੋਸਟ ਬਿਊਰੋ)- ਇਥੇ ਇੱਕ ਨਿੱਜੀ ਸਕੂਲ ਦੀ ਟੀਚਰ ਨੇ ਤੀਸਰੀ ਜਮਾਤ ਦੇ ਵਿਦਿਆਰਥੀ ਨੂੰ ਹਾਜ਼ਰੀ ਨਾ ਬੋਲਣ ਉੱਤੇ ਘੱਟੋ ਘੱਟ ਚਾਲੀ ਵਾਰ ਬੇਦਰਦੀ ਨਾਲ ਥੱਪੜ ਮਾਰੇ। ਬਾਅਦ ਵਿੱਚ ਕੀਤੀ ਗਈ ਸਿ਼ਕਾਇਤ ਦੇ ਆਧਾਰ ਉੱਤੇ ਟੀਚਰ ਦੇ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਵਰਨਣ ਯੋਗ ਹੈ ਕਿ ਇਸ ਬੱਚੇ ਨੂੰ ਥੱਪੜ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਬੱਚੇ ਨੇ ਦੱਸਿਆ ਕਿ ਜਦੋਂ ਹਾਜ਼ਰੀ ਲਾਈ ਜਾ ਰਹੀ ਸੀ, ਉਹ ਡਰਾਇੰਗ ਬਣਾਉਣ ਲੱਗਾ ਹੋਇਆ ਸੀ। ਇਸ ਕਾਰਨ ਹਾਜ਼ਰੀ ਲਈ ‘ਪ੍ਰੈਜ਼ੈਂਟ’ ਨਹੀਂ ਸੀ ਬੋਲ ਸਕਿਆ। ਕੱਲ੍ਹ ਸਕੂਲ ਤੋਂ ਘਰ ਪਰਤਣ ‘ਤੇ ਵਿਦਿਆਰਥੀ ਦੇ ਮਾਪਿਆਂ ਨੇ ਉਸ ਦੇ ਚਿਹਰੇ ‘ਤੇ ਸੋਜ ਦੇਖੀ। ਬੱਚੇ ਦਾ ਚਿਹਰਾ ਲਾਲ ਸੀ ਤੇ ਉਹ ਬੁਝਿਆ-ਬੁਝਿਆ ਸੀ। ਮਾਪਿਆਂ ਨੇ ਜਦੋਂ ਵਿਦਿਆਰਥੀ ਦੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਟੀਚਰ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਦੋ ਮਿੰਟਾਂ ‘ਚ ਉਸ ਦੇ ਚਾਲੀ ਥੱਪੜ ਜੜ ਦਿੱਤੇ। ਪ੍ਰੇਸ਼ਾਨ ਮਾਪੇ ਪ੍ਰਿੰਸੀਪਲ ਨੂੰ ਮਿਲੇ। ਉਨ੍ਹਾਂ ਨੇ ਸੀ ਸੀ ਟੀ ਵੀ ਫੁਟੇਜ ਦੇਖੀ, ਜਿਸ ਵਿੱਚ ਟੀਚਰ ਰਿਤਿਕਾ ਬੱਚੇ ਨੂੰ ਬੇਦਰਦੀ ਨਾਲ ਥੱਪੜ ਮਾਰਦੀ ਤੇ ਉਸ ਨੂੰ ਘਸੀਟਦੀ ਦਿੱਸ ਰਹੀ ਸੀ। ਬੱਚੇ ਦੇ ਪਿਤਾ ਪਰਵਿੰਦਰ ਗੁਪਤਾ ਦੀ ਸ਼ਿਕਾਇਤ ਉੱਤੇ ਕੱਲ੍ਹ ਪੀ ਜੀ ਆਈ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।