ਹਾਸਿਆਂ ਦੇ ਬਾਦਸ਼ਾਹ ਹਜ਼ਾਰਾ ਸਿੰਘ ‘ਰਮਤਾ’ ਨੂੰ ਅਲਵਿਦਾ

Fullscreen capture 9122017 90135 AMਟਰੌਂਟੋ, 11 ਸਤੰਬਰ: ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਗਾਇਕ ਹਜ਼ਾਰਾ ਸਿੰਘ ‘ਰਮਤਾ’ ਨੇ 6 ਸਤੰਬਰ 2017 ਦੀ ਸਵੇਰ ਬਰੈੰਪਟਨ ਸਿਵਿਕ ਹਸਪਤਾਲ ਵਿਚ ਆਪਣਾ ਆਖ਼ਰੀ ਸਾਹ ਲਿਆ। ਉਹਨਾਂ ਨੂੰ ਉਥੇ ਸਾਹ ਦੀ ਤਕਲੀਫ਼ ਦੇ ਅਟੈਕ ੳਪਰੰਤ ਦਾਖਲ ਕਰਵਾਇਆ ਗਿਆ ਸੀ। ਬੇਹਤਰੀਨ ਡਾਕਟਰੀ ਮਦੱਦ ਅਤੇ ਦਵਾਈਆਂ ਦੇ ਬਾਵਜੂਦ ਰਮਤਾ ਜੀ ਦੀ ਸਿਹਤ ਸੰਬੰਧੀ ਸਮੱਸਿਆਵਾਂ ਗੁੰਝਲਦਾਰ ਬਣਦੀਆਂ ਗਈਆਂ ਤੇ ਉਹਨਾਂ ਨੂੰ ਕੋਈ ਆਰਾਮ ਨਾ ਪਹੁੰਚਾ ਸਕਿਆ। ਹਜ਼ਾਰਾ ਸਿੰਘ ‘ਰਮਤਾ’, 91, ਆਪਣੇ ਪਿੱਛੇ ਆਪਣੀ ਪਤਨੀ, ਸ਼੍ਰੀਮਤੀ ਰਾਜ ਰਾਣੀ ਰਮਤਾ, ਅਪਣੀ ਬੇਟੀ ਅਤੇ ਬੇਟੇ ਤੋਂ ਅਲਾਵਾ ਅਪਣੇ ਗੋਦ ਲਏ ਬੱਚੇ, ਪੋਤੇ ਪੋਤਰੀਆਂ, ਅਤੇ ਦੋਹਤੇ ਦੋਹਤਰੀਆਂ ਦਾ ਇਕ ਵੱਡਾ ਪਰਵਾਰ ਛੱਡ ਗਏ ਹਨ। ਪਹਿਲੀ ਅਗਸਤ 1926 ਨੂੰ ਇਕ ਕਿਸਾਨ ਪਰੀਵਾਰ ਵਿਚ ਸਾਹੀਵਾਲ (ਪਾਕਿਸਤਾਨ) ਵਿਖੇ ਜਨਮੇ ਰਮਤਾ ਜੀ ਦੀ ਮੁੱਢਲੀ ਸਿਖਿਆ ਅਤੇ ਸੰਗੀਤ ਦੀ ਤਾਲੀਮ ਇਥੇ ਹੀ ਹੋਈ। ਦੂਸਰੀ ਸੰਸਾਰ ਜੰਗ ਵਿਚ ਉਹ ਮਿਲਟਰੀ ਵਿਚ ਭਰਤੀ ਹੋ ਗਏ ਅਤੇ ਈਰਾਨ ਦੇ ਇਲਾਕੇ ਵਿਚ ਪੋਸਟ ਕੀਤੇ ਗਏ। ਜੰਗ ਮੁੱਕਣ ਪਿਛੋਂ ਜਦੋਂ ਉਹ ਪਰਤੇ ਤਾਂ ਹਿੰਦੁਸਤਾਨ ਆਜ਼ਾਦ ਹੋ ਚੁੱਕਾ ਸੀ। ਰਮਤਾ ਜੀ ਨੂੰ ਪੈਸੇ ਕਮਾਉਣ ਲਈ ਮਜ਼ਦੂਰੀ ਕਰਨੀ ਪਈ ਤਾਂ ਜੋ ਉਹ ਆਪਣਾ ਪੇਟ ਭਰ ਸਕਣ ਅਤੇ ਆਪਣੇ ਪਰਵਾਰ ਨੂੰ ਲੱਭ ਸਕਣ ਜੋ ਕਿ ਸਾਹੀਵਾਲ ਤੋਂ ਲੁਧਿਆਣੇ ਆ ਵੱਸ ਚੁੱਕਾਂ ਸੀ। ਆਪਣੇ ਪਰਵਾਰ ਨੂੰ ਆਰਥਕ ਸਹਾਰਾ ਦੇਣ ਲਈ ਉਹ ਨੌਕਰੀ ਦੀ ਤਲਾਸ਼ ਵਿਚ ਦਿੱਲੀ ਆ ਗਏ। ਉਥੇ ਰਹਿੰਦਿਆਂ ਉਹਨਾਂ ਦੀ ਮੁਲਾਕਾਤ ਪੰਜਾਬੀ ਦੇ ਉਘੇ ਗਾਇਕਾਂ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨਾਲ ਹੋਈ। ਇਹਨਾਂ ਗਾਇਕਾਂ ਦੀ ਸੋਹਬਤ ਵਿਚ ਰਮਤਾ ਜੀ ਨੇ ਮਜ਼ਾਹੀਆ ਗਾਣੇ ਲਿਖਣੇ ਅਤੇ ਗਾਉਣੇ ਸ਼ੁਰੂ ਕਰ ਦਿੱਤੇ। ਆਪਣੇ ਨਿਵੇਕਲੇ਼ ਅੰਦਾਜ਼ ਸਦਕਾ ਉਹ ਛੇਤੀ ਹੀ ਮਸ਼ਹੂਰ ਹੋ ਗਏ। ਦੁਨੀਆਂ ਭਰ ਵਿਚ ਵੱਸੇ ਪੰਜਾਬੀਆਂ ਵਲੋਂ ਉਹਨਾਂ ਨੂੰ ਵੱਖ ਵੱਖ ਮੁਲਕਾਂ ਤੋਂ ਕਾਨਸਰਟ ਕਰਨ ਲਈ ਸੱਦੇ ਆਉਣ ਲਗ ਪਏ। ਆਪਣੀ ਗਾਇਕੀ ਦੇ ਸਿਖਰ ਤੇ ਪਹੰੁਚ ਉਹਨਾਂ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਕਨੇਡਾ ਨੂੰ ਆਪਣਾ ਘਰ ਬਣਾ ਲਿਆ। ਇਥੇ ਆ ਕੇ ਵੀ ਟਰੌਂਟੋ ਦੇ ਪੰਜਾਬੀ ਭਾਈਚਾਰੇ ਵਿਚ ਉਹ ਕਾਫ਼ੀ ਸਰਗਰਮ ਰਹੇ। ਉਹਨਾਂ ਬੇਸ਼ੁਮਾਰ ਗੀਤ ਅਤੇ ਗ਼ਜ਼ਲਾਂ ਪੰਜਾਬੀ ਅਤੇ ਉਰਦੂ ਜ਼ੁਬਾਨ ਵਿਚ ਲਿਖੀਆਂ ਜਿਨ੍ਹਾਂ ਨੂੰ ਹਿੰਦ ਪਾਕਿ ਦੇ ਕਈ ਫਨਕਾਰਾਂ ਨੇ ਆਪਣੀ ਆਵਾਜ਼ ਵਿਚ ਰਿਕਾਰਡ ਵੀ ਕਰਵਾਇਆ। ਰਮਤਾ ਜੀ ਦੀਆਂ ਪੰਜਾਬੀ ਅਤੇ ਉਰਦੂ ਲਿਖਤਾਂ ਨੂੰ ਕਿਤਾਬਾਂ ਦੀ ਸ਼ਕਲ ਵਿਚ ਪ੍ਰਕਾਸਿ਼ਤ ਵੀ ਕੀਤਾ ਗਿਆ ਹੈ। ਰਮਤਾ ਜੀ ਨੇ ਆਪਣੀ ਲਿਖਤਾਂ ਅਤੇ ਗਾਇਕੀ ਰਾਹੀਂ ਲੋਕਾਂ ਵਿਚ ਭਰਪੂਰ ਹਾਸੇ ਵੰਡੇ। ਬਹੁਤੇ ਲੋਕ ਉਹਨਾਂ ਦਾ ਪਰੋਪਕਾਰੀ ਅਤੇ ਮਦੱਦਗਾਰ ਵਾਲਾ ਪੱਖ ਨਹੀਂ ਜਾਣਦੇ। ਉਹ ਅਤੇ ਉਹਨਾਂ ਦੀ ਪਤਨੀ ਜ਼ਰੂਰਤਮੰਦਾਂ ਦੀ ਮਦੱਦ ਲਈ ਹਮੇਸ਼ਾਂ ਤੱਤਪਰ ਰਹਿੰਦੇ ਸਨ। ਰਮਤਾ ਜੀ ਦੇ ਫੈਨ ਦੁਨੀਆਂ ਦੇ ਹਰ ਕੋਨੇ ਵਿਚ ਮੌਜੂਦ ਹਨ ਔਰ ਉਹਨਾਂ ਦੇ ਗਾਣਿਆਂ ਦੀ ਫ਼ਰਮਾਇਸ਼ ਹਰ ਪੀੜ੍ਹੀ ਦੇ ਲੋਗ ਅੱਜ ਵੀ ਕਰਦੇ ਹਨ। ਰਮਤਾ ਜੀ ਲਾਸਾਨੀ ਪ੍ਰਤਿਭਾ ਦੇ ਮਾਲਕ ਸਨ ਜਿਸਦਾ ਕੋਈ ਜੋੜ ਨਹੀਂ। ਦੁਨੀਆਂ ਰਮਤਾ ਜੀ ਨੂੰ ਉਹਨਾਂ ਹਾਸਿਆਂ ਲਈ ਲੰਮੇ ਸਮੇਂ ਤਕ ਯਾਦ ਰਖੇਗੀ ਜੋਕਿ ਉਹਨਾਂ ਨੇ ਆਪਣੇ ਮਜ੍ਹ਼ਾਈਆ ਗਾਣਿਆਂ ਰਾਹੀਂ ਵੰਡੇ।
ਉਘੇ ਟੀਵੀ ਹੋਸਟ ਇਕਬਾਲ ਮਾਹਲ, ਡਾ: ਸੋਲੋਮਨ ਨਾਜ਼, ਸਤਿੰਦਰਪਾਲ ਸਿੱਧਵਾਂ, ਸਾਬਕਾ ਐਮ ਪੀ, ਗੁਰਬਖ਼ਸ਼ ਮਲ੍ਹੀ, ਆਸਿਫ਼ ਭੱਟੀ, ਸੰਨੀ ਰਮਤਾ ਆਦਿ ਨੇ ਰਮਤਾ ਜੀ ਨੂੰ ਅੰਤਿਮ ਅਲਵਿਦਾ ਕਿਹਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਰ੍ਰਮਤਾ ਜੀ ਦਾ ਸਸਕਾਰ ਦਿਨ ਸ਼ਨੀਵਾਰ, 9 ਸਤੰਬਰ 2017 ਨੂੰ ਦੋਪਹਿਰ 5:30 ਵਜੇ ਬ੍ਰੈੰਪਟਨ ਕ੍ਰੀਮੇਸ਼ਨ ਤੇ ਵਿਜ਼ੀਟੇਸ਼ਨ ਸੈਂਟਰ ਵਿਖੇ ਹੋ ਗਿਆ। ਰਮਤਾ ਜੀ ਦਾ ਭੋਤਿਕ ਸ਼ਰੀਰ ਫਨਾਹ ਹੋ ਗਿਆ ਪਰ ਉਹ ਇਕ ਲੰਮੇ ਸਮੇਂ ਤਕ ਪੰਜਾਬੀ ਪ੍ਰੇਮੀਆਂ ਦੀਆਂ ਯਾਦਾਂ ਦਾ ਹਿੱਸਾ ਬਣੇ ਰਹਿਣਗੇ।