ਹਾਲ ਦੀ ਘੜੀ ਹਾਈਡਰੋ ਵੰਨ ਦੇ ਬੌਸ ਨੂੰ ਨੌਕਰੀ ਤੋਂ ਨਹੀਂ ਕੱਢੇਗੀ ਫੋਰਡ ਸਰਕਾਰ!

ਓਨਟਾਰੀਓ, 11 ਜੁਲਾਈ (ਪੋਸਟ ਬਿਊਰੋ) : ਤਿੰਨ ਮਹੀਨੇ ਪਹਿਲਾਂ ਹਾਈਡਰੋ ਵੰਨ ਦੇ ਜਿਸ ਬੌਸ ਮਾਇਓ ਸ਼ਮਿਡਟ ਨੂੰ 6 ਮਿਲੀਅਨ ਡਾਲਰ ਮੈਨ ਦੱਸਕੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਗੱਦੀ ਤੋਂ ਉਤਾਰਨ ਦਾ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਹੋ ਸਕਦਾ ਕਿਉਂਕਿ ਫੋਰਡ ਸਰਕਾਰ ਦੀ ਤਰਜੀਹੀ ਸੂਚੀ ਵਿੱਚੋਂ ਹੁਣ ਇਹ ਨਾਂ ਕਿਰ ਗਿਆ ਹੈ।
ਨਵੇਂ ਪ੍ਰੋਗਰੈਸਿਵ ਕੰਜ਼ਰਵੇਟਿਵ ਐਡਮਨਿਸਟ੍ਰੇਸ਼ਨ ਵੱਲੋਂ ਗਵਰਮੈਂਟ ਹਾਊਸ ਲੀਡਰ ਟੌਡ ਸਮਿੱਥ ਨੇ ਮੰਗਲਵਾਰ ਨੂੰ ਆਖਿਆ ਕਿ ਅਸੀਂ ਇਸ ਮੁੱਦੇ ਉੱਤੇ ਹਾਲ ਦੀ ਘੜੀ ਕੰਮ ਕਰ ਰਹੇ ਹਾਂ। ਸਮਿੱਥ ਨੇ ਆਖਿਆ ਕਿ ਸਰਕਾਰ ਹਾਲ ਦੀ ਘੜੀ ਕਈ ਹੋਰਨਾਂ ਮੁੱਦਿਆਂ ਵੱਲ ਧਿਆਨ ਦੇ ਰਹੀ ਹੈ ਜਿਸ ਕਾਰਨ ਇਸ ਪਾਸੇ ਥੋੜ੍ਹੀ ਦੇਰ ਹੋ ਰਹੀ ਹੈ। ਇਸ ਸਮੇਂ ਸਰਕਾਰ ਦਾ ਧਿਆਨ ਗ੍ਰੀਨ ਓਨਟਾਰੀਓ ਫੰਡ ਵਿੱਚ ਕਟੌਤੀ ਕਰਨ ਉੱਤੇ ਲੱਗਿਆ ਹੋਇਆ ਹੈ। ਇਸ ਨਾਲ ਕੰਜਿ਼ਊਮਰਜ਼ ਨੂੰ ਸਮਾਰਟ ਥਰਮੋਸਟੈਟਸ ਤੇ ਐਨਰਜੀ ਸਮਰੱਥ ਖਿੜਕੀਆਂ ਸਬੰਧੀ ਪੈਸੇ ਦੀ ਬਚਤ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਆਖਿਆ ਕਿ ਇਹ ਭਾਵੇਂ ਸਾਡੀਆਂ ਤਰਜੀਹਾਂ ਵਿੱਚੋਂ ਪਹਿਲੀ ਨਹੀਂ ਸੀ ਪਰ ਜਿਹੜੀਆਂ ਪ੍ਰਾਪਤੀਆਂ ਅਸੀਂ ਕੀਤੀਆਂ ਹਨ ਉਨ੍ਹਾਂ ਦੀ ਗਿਣਤੀ ਵੀ ਘੱਟ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਹਾਈਡਰੋ ਵੰਨ ਦੇ ਹਾਲਾਤ ਨਾਲ ਨਜਿੱਠਣਾ ਸਾਡੀ ਤਰਜੀਹ ਹੈ ਪਰ ਇਸ ਨਾਲ ਹੌਲੀ ਹੌਲੀ ਨਜਿੱਠਿਆ ਜਾਵੇਗਾ। ਜਿ਼ਕਰਯੋਗ ਹੈ ਕਿ ਸ਼ਮਿਡਟ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਪਲੈਨ ਦੀ ਆਲੋਚਨਾ ਵਿਰੋਧੀ ਧਿਰਾਂ ਵੱਲੋਂ ਵੀ ਕੀਤੀ ਗਈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਨੂੰ ਕੱਢਣ ਨਾਲ ਬਿਜਲੀ ਦੀਆਂ ਕੀਮਤਾਂ ਘਟਾਉਣ ਵਿੱਚ ਤਾਂ ਕੋਈ ਮਦਦ ਨਹੀਂ ਮਿਲੇਗੀ ਸਗੋਂ ਸ਼ਮਿਡਟ ਨੂੰ ਬਿਨਾਂ ਕਾਰਨ ਕੱਢੇ ਜਾਣ ਨਾਲ ਉਸ ਨੂੰ 10.7 ਮਿਲੀਅਨ ਡਾਲਰ ਦੇਣਾ ਹੋਵੇਗਾ।
ਇਸ ਦੌਰਾਨ ਐਨਡੀਪੀ ਦੇ ਐਮਪੀਪੀ ਪੀਟਰ ਟੈਬੂਨਜ਼ ਨੇ ਆਖਿਆ ਕਿ ਨਵੀਂ ਸਰਕਾਰ ਨੂੰ ਹੁਣ ਲੱਗਣ ਲੱਗਿਆ ਹੈ ਕਿ ਵਾਅਦਾ ਕਰਨਾ ਤਾਂ ਆਸਾਨ ਹੁੰਦਾ ਹੈ ਪਰ ਉਸ ਨੂੰ ਨਿਭਾਉਣਾ ਬਹੁਤ ਔਖਾ।