ਹਾਲੇ ਵੀ ਬਚਾ ਲਈਏ ਆਪਣੇ ਪੰਜਾਬ ਦਾ ਵਜੂਦ

-ਗੁਰਚਰਨ ਸਿੰਘ ਨੂਰਪੁਰ

ਕੁਝ ਸਾਲ ਪਹਿਲਾਂ ਦੇ ਪੰਜਾਬ ਵਿੱਚ ਵੱਡੇ ਉੱਚੇ ਵਿਸ਼ਾਲ ਦਰੱਖਤ ਸਨ। ਇਨ੍ਹਾਂ ਦਰੱਖਤਾਂ ਉੱਤੇ ਗਿਰਝਾਂ, ਇੱਲਾਂ, ਬਾਜ਼ ਆਲ੍ਹਣੇ ਪਾਉਂਦੇ ਸਨ। ਬੋਹੜਾਂ, ਪਿੱਪਲਾਂ, ਟਾਹਲੀਆਂ, ਕਿੱਕਰਾਂ ਦੇ ਉੱਚੇ ਵਿਸ਼ਾਲ ਦਰੱਖਤਾਂ ਉੱਤੇ ਪੰਛੀ ਅੰਡੇ ਦਿੰਦੇ ਸਨ। ਵੱਖ ਵੱਖ ਬੋਲੀਆਂ ਬੋਲਦੇ ਸਨ। ਇੱਲਾਂ ਗਿਰਝਾਂ ਮਰ ਚੁੱਕੇ ਜਾਨਵਰਾਂ ਦਾ ਮਾਸ ਖਾਂਦੀਆਂ ਸਨ। ਇਹ ਤਰ੍ਹਾਂ ਇਹ ਸਾਡੇ ਸਫ਼ਾਈ ਕਰਨ ਵਾਲੇ ਪੰਛੀ ਸਨ। ਇੱਲਾਂ ਗਿਰਝਾਂ ਆਕਾਸ਼ ਵਿੱਚ ਘੰਟਿਆਂ ਬੱਧੀ ਉੱਡਦੀਆਂ ਚੱਕਰ ਕੱਢਦੀਆਂ ਰਹਿੰਦੀਆਂ। ਇਹ ਇਨ੍ਹਾਂ ਪੰਛੀਆਂ ਦੀ ਇੱਕ ਵਿਲੱਖਣਤਾ ਸੀ। ਖੇਤਾਂ ਵਿੱਚ ਰੁੱਖਾਂ ਦੀਆਂ ਝਿੜੀਆਂ ਸਨ। ਰੁੱਖਾਂ ਉੱਤੇ ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਬੈਠਦੀਆਂ ਸਨ। ਕੰਧਾਂ, ਕੌਲਿਆਂ, ਖੋਲਿਆਂ ਦੀਆਂ ਖੁੱਡਾਂ ਨੂੰ ਤੋਤੇ ਗਟਾਰਾਂ ਆਲ੍ਹਣੇ ਬਣਾਉਣ ਲਈ ਵਰਤਦੇ। ਕਿੱਕਰਾਂ ਨਾਲ ਬਿਜੜਿਆਂ ਦੇ ਲਮਕਦੇ ਆਲ੍ਹਣੇ ਦਿਸਦੇ ਸਨ। ਇੱਥੇ ਨਹਿਰਾਂ ਨਦੀਆਂ ਦੇ ਕੰਢਿਆਂ ਉੱਤੇ ਕਾਹੀਂ, ਸਰ, ਕਾਨੇ ਤੇ ਹੋਰ ਕਈ ਤਰ੍ਹਾਂ ਦੀ ਬਨਸਪਤੀ ਦੀਆਂ ਕਿਸਮਾਂ ਥੋੜ੍ਹੀ ਥੋੜ੍ਹੀ ਵਿੱਥ ਉੱਤੇ ਨਜ਼ਰੀਂ ਪੈ ਜਾਂਦੀਆਂ ਸਨ। ਵੱਡੇ ਦਰੱਖਤਾਂ ਉੱਤੇ ਸ਼ਹਿਦ ਦੀਆਂ ਮੱਖੀਆਂ ਦੇ ਝੱਤੇ ਅਕਸਰ ਦਿਖਾਈ ਦਿੰਦੇ ਸਨ। ਘਰ ਵਿੱਚ ਬੈਠਿਆਂ ਛਾਂ ਛਾਂ ਦੀ ਆਵਾਜ਼ ਆਉਣ ਲੱਗਣੀ ਤਾਂ ਉਪਰ ਦੇਖਣ ਉੱਤੇ ਪਤਾ ਚੱਲਣਾ ਕਿ ਕੋਈ ਡੂੰਮਣਾ ਆਪਣੀ ਥਾਂ ਬਦਲਣ ਲਈ ਲੰਘ ਰਿਹਾ ਹੈ। ਇਹ ਸਭ ਕੁਝ ਹੁਣ ਲੋਪ ਗਿਆ ਹੈ। ਜਾਂ ਕਹਿ ਲਈਏ ਕਿ ਇਸ ਸਭ ਕੁਝ ਦਾ ਅਸੀਂ ਸਫ਼ਾਇਆ ਕਰ ਦਿੱਤਾ ਹੈ। ਇਸੇ ਕਾਰਨ ਬਹੁਤ ਸਾਰੀ ਬਨਸਪਤੀ ਤੇ ਬਹੁਤ ਸਾਰੇ ਜੀਵ ਜੰਤੂ ਧਰਤੀ ਨੂੰ ਅਲਵਿਦਾ ਆਖ ਗਏ ਹਨ। 

ਬਿਜੜਾ ਇੱਕ ਬੜਾ ਪਿਆਰਾ ਪੰਛੀ ਹੈ। ਕਦੇ ਇਹ ਸਾਡੇ ਖੇਤਾਂ ਦਾ ਸ਼ਿੰਗਾਰ ਸੀ। ਅਸੀਂ ਇਸ ਦੇ ਘਰ ਬਣਾਉਣ ਦਾ ਸਾਮਾਨ ਹੀ ਨਹੀਂ ਰਹਿਣ ਦਿੱਤਾ। ਇੱਲਾਂ, ਗਿਰਝਾਂ ਕੁਝ ਕੁ ਸਾਲਾਂ ਵਿੱਚ ਤਕਰੀਬਨ ਲੋਪ ਹੋ ਗਈਆਂ। ਇਸ ਤਰ੍ਹਾਂ ਤੋਤੇ, ਕਬੂਤਰ, ਘੁੱਗੀਆਂ, ਗਟਾਰਾਂ ਅਤੇ ਕਾਵਾਂ ਦੀ ਗਿਣਤੀ ਵੀ ਤੇਜ਼ੀ ਨਾਲ ਘਟ ਰਹੀ ਹੈ। ਜਦੋਂ ਇਹ ਪੰਛੀ ਕੀਟਨਾਸ਼ਕਾਂ ਵਾਲਾ ਆਨਾਜ ਖਾਂਦੇ, ਜ਼ਹਿਰੀਲਾ ਪਾਣੀ ਪੀਂਦੇ ਜਾਂ ਜ਼ਹਿਰੀਲਾ ਚੋਗਾ ਆਪਣੇ ਬੱਚਿਆਂ ਨੂੰ ਦਿੰਦੇ ਹਨ ਤਾਂ ਇਨ੍ਹਾਂ ਦੇ ਬੱਚੇ ਮਰ ਜਾਂਦੇ ਹਨ। ਚਮਗਿੱਦੜ ਤੇ ਉੱਲੂ ਵਰਗੇ ਪੰਛੀਆਂ ਦੀ ਗਿਣਤੀ ਪਹਿਲਾਂ ਹੀ ਘੱਟ ਸੀ। ਇਹ ਬੜੀ ਤੇਜ਼ੀ ਨਾਲ ਖ਼ਤਮ ਹੋਏ। ਧਰਤੀ ਦੇ ਸਮੁੱਚੇ ਜੀਵਨ ਲਈ ਵੰਨ ਸੁਵੰਨਤਾ ਅਤੇ ਵਿਭਿੰਨਤਾ ਦੀ ਬੜੀ ਵੱਡੀ ਲੋੜ ਹੈ ਕਿਉਂਕਿ ਸਭ ਚੀਜ਼ਾਂ ਅਤੇ ਸਭ ਜੀਵਾਂ ਦਾ ਆਪਸੀ ਇੱਕ ਰਿਸ਼ਤਾ ਹੈ ਜੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਦੂਜੇ ਜੀਵਾਂ ਨਾਲ ਜੁੜਿਆ ਹੁੰਦਾ ਹੈ। ਵਿਗਿਆਨ ਅਨੁਸਾਰ ਜੀਵਨ ਦੀ ਕੜੀ ਵਿੱਚੋਂ ਜੇ ਇੱਕ ਜਾਤੀ ਲੋਪ ਹੁੰਦੀ ਹੈ ਤਾਂ 10 ਤੋਂ 20 ਹੋਰ ਜੀਵਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਵੰਨ ਸੁਵੰਨਤਾ ਸਭ ਤਰ੍ਹਾਂ ਦੇ  ਜੀਵਨ ਲਈ ਬੜੀ ਜ਼ਰੂਰੀ ਹੈ।

ਅਸੀਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਰਤਾਰਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਮਨੁੱਖ ਜਾਤੀ ਨੂੰ ਆਪਣੇ ਆਪ ਵਿੱਚ ਇਹ ਸਮਝ ਪੈਦਾ ਕਰਨ ਦੀ ਲੋੜ ਹੈ ਕਿ ਇਸ ਧਰਤੀ ਉੱਤੇ ਰਹਿਣ ਦਾ ਜਿੰਨਾ ਅਧਿਕਾਰ ਸਾਨੂੰ ਹੈ, ਦੂਜੇ ਜੀਵਾਂ ਨੂੰ ਵੀ ਓਨਾ ਹੀ ਅਧਿਕਾਰ ਹੈ। ਮਨੁੱਖ ਨੇ ਇੱਕ ਤਰ੍ਹਾਂ ਦੂਜੇ ਜੀਵਾਂ ਦੀਆਂ ਜਿਊਣ ਹਾਲਤਾਂ ਵਿੱਚ ਖੱਲਲ ਪੈਦਾ ਕਰ ਦਿੱਤਾ ਹੈ। ਮਿਸਾਲ ਵਜੋਂ ਗਿਰਝਾਂ ਇੱਲਾਂ ਖ਼ਤਮ ਹੋ ਗਈਆਂ ਤੇ ਆਵਾਰਾ ਕੁੱਤਿਆਂ ਦੀ ਗਿਣਤੀ ਇਕਦਮ ਵਧ ਗਈ। ਮਰੇ ਪਸ਼ੂਆਂ ਦਾ ਮਾਸ ਖਾਣ ਵਾਲੇ ਕੁੱਤੇ ਹਿੰਸਕ ਹੋ ਜਾਂਦੇ ਹਨ। ਪੰਜਾਬ ਵਿੱਚ ਆਵਾਰਾ ਕੁੱਤਿਆਂ ਵੱਲੋਂ ਲੋਕਾਂ, ਖ਼ਾਸਕਰ ਬੱਚਿਆਂ ਨੂੰ ਵੱਢ ਖਾਣ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅਜਿਹੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। 

ਇੱਕ ਹੋਰ ਮਿਸਾਲ ਨਾਲ ਗੱਲ ਸਮਝ ਸਕਦੇ ਹਾਂ। ਜਿਵੇਂ ਕਿਹਾ ਜਾਵੇ ਕਿ ਸਾਡੇ ਤੋਂ ਕੁਝ ਮੀਲ ਦੂਰ ਕੋਈ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਦਾ ਹੈ ਤਾਂ ਇਸ ਦਾ ਪ੍ਰਭਾਵ ਸਾਡੇ ਜੀਵਨ ਉੱਤੇ ਵੀ ਪਵੇਗਾ। ਇਹ ਗੱਲ ਪੜ੍ਹਨ ਸੁਣਨ ਨੂੰ ਅਟਪਟੀ ਜਿਹੀ ਲੱਗਦੀ ਹੈ, ਪਰ ਇਹ ਸੱਚ ਹੈ। ਸਾਨੂੰ ਇਸ ਨੂੰ ਸੂਖ਼ਮਤਾ ਨਾਲ ਸਮਝਣਾ ਚਾਹੀਦਾ ਹੈ। ਦਰਅਸਲ ਕਿਸੇ ਜੰਗਲ ਵਿੱਚ ਸ਼ੇਰਾਂ ਦੇ ਹੋਣ ਲਈ ਪਹਿਲੀ ਸ਼ਰਤ ਇਹ ਹੈ ਕਿ ਇੱੱਥੇ ਹਿਰਨ, ਬਾਰਾਂਸਿੰਙੇ ਆਦਿ ਜਾਨਵਰ ਵੀ ਲਾਜ਼ਮੀ ਹੋਣ। ਜੇ ਕਿਸੇ ਜੰਗਲ ਵਿੱਚੋਂ ਕੁਝ ਸ਼ਿਕਾਰੀ ਲਾਲਚਵੱਸ ਹਿਰਨਾਂ, ਬਾਰਾਂਸਿੰਙਿਆਂ ਦਾ ਸ਼ਿਕਾਰ ਕਰਕੇ ਇਨ੍ਹਾਂ ਨੂੰ ਖ਼ਤਮ ਕਰਨ ਦੀ ਕਗਾਰ ਤਕ ਲੈ ਜਾਂਦੇ ਹਨ ਤਾਂ ਇਸ ਨਾਲ ਨਿਸ਼ਚਿਤ ਤੌਰ ਉੱਤੇ ਸ਼ੇਰਾਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੇਗੀ। ਸ਼ੇਰਾਂ ਦਾ ਖਾਤਮਾ ਹੁੰਦਿਆਂ ਹੀ ਆਲੇ ਦੁਆਲੇ ਦੇ ਬਹੁ-ਗਿਣਤੀ ਲੋਕਾਂ ਦੀ ਜੰਗਲ ਵਿੱਚ ਆਵਾਜਾਈ ਵਧ ਜਾਵੇਗੀ ਅਤੇ ਤੇਜ਼ੀ ਨਾਲ ਜੰਗਲ ਦਾ ਖਾਤਮਾ ਸ਼ੁਰੂ ਹੋ ਜਾਵੇਗਾ। ਜੰਗਲ ਦਾ ਖਾਤਮਾ ਹੋਵੇਗਾ ਤਾਂ ਮਨੁੱਖੀ ਜ਼ਿੰਦਗੀ ਉੱਤੇ ਇਸ ਦੇ ਬੁਰੇ ਪ੍ਰਭਾਵ ਪੈਣੇ ਨਿਸ਼ਚਿਤ ਹਨ। ਸਾਡੀ ਔਸਤ ਉਮਰ ਘੱਟ ਹੋਵੇਗੀ। ਬਿਮਾਰੀਆਂ ਦਾ ਪ੍ਰਕੋਪ ਵਧੇਗਾ। ਜਦੋਂ ਵੀ ਧਰਤੀ ਉੱਤੇ ਜੀਵਾਂ ਜਾਂ ਬਨਸਪਤੀ ਦੀ ਵੰਨ-ਸੁਵੰਨਤਾ ਘਟਦੀ ਹੈ ਤਾਂ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਬਹੁਤ ਸਾਰੇ ਪੰਛੀ ਜਿਵੇਂ ਤਿੱਤਰ, ਬਟੇਰੇ, ਕਿੱਲੀਠੋਕੇ, ਲੰਮੀ ਪੂਛ ਵਾਲੀ ਕਾਲੀ ਚਿੜੀ, ਘਰਾਂ ਵਿੱਚ ਰਹਿਣ ਵਾਲੀਆਂ ਚਿੜੀਆਂ ਬੜੀ ਤੇਜ਼ੀ ਨਾਲ ਖ਼ਤਮ ਹੋਏ ਹਨ।

ਉਂਜ, ਇਹ ਵੀ ਸੱਚ ਨਹੀਂ ਕਿ ਪਹਿਲਾਂ ਜੀਵ ਜਾਤੀਆਂ ਲੁਪਤ ਨਹੀਂ ਹੁੰਦੀਆਂ। ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਮੁਤਾਬਿਕ ਇਹ ਪਹਿਲਾਂ ਵੀ ਲੁਪਤ ਹੁੰਦੀਆਂ ਸਨ। ਇਸ ਮੁਤਾਬਿਕ ਕੁਦਰਤ ਦੇ ਇਸ ਪਸਾਰੇ ਵਿੱਚ ਜੀਵਾਂ ਦਾ ਆਪਸੀ ਘੋਲ ਚਲਦਾ ਹੈ। ਇਸ ਘੋਲ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਕੁਦਰਤ ਆਪਣਾ ਵਿਕਾਸ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਜੀਵਾਂ ਦੀਆਂ ਨਸਲਾਂ ਪਹਿਲਾਂ ਵੀ ਲੋਪ ਹੁੰਦੀਆਂ ਸਨ ਅਤੇ ਨਵੀਆਂ ਜੀਵ ਜਾਤੀਆਂ ਵੀ ਹੋਂਦ ਵਿੱਚ ਆਉਂਦੀਆਂ ਰਹੀਆਂ ਹਨ, ਪਰ ਪਹਿਲਾਂ ਇਹ ਅਮਲ ਬੜਾ ਸੁਸਤ ਸੀ। ਕੋਈ 200 ਤੋਂ 500 ਸਾਲਾਂ ਦੇ ਵਕਫ਼ੇ ਮਗਰੋਂ ਧਰਤੀ ਤੋਂ ਕੋਈ ਇੱਕ ਨਸਲ ਲੋਪ ਹੁੰਦੀ ਸੀ। ਹੁਣ ਸਾਡੇ ਅਖੌਤੀ ਵਿਕਾਸ ਦੇ ਦੌਰ ਵਿੱਚ ਇਹ ਅਮਲ ਬੜਾ ਤੇਜ਼ ਹੋ ਗਿਆ ਹੈ। ਪਿਛਲੇ ਕੁਝ ਅਰਸੇ ਦੌਰਾਨ 762 ਜੀਵ ਜਾਤੀਆਂ ਇਕੱਲੇ ਭਾਰਤ ਤੋਂ ਅਤੇ 41,000 ਪ੍ਰਜਾਤੀਆਂ ਪੂਰੀ ਦੁਨੀਆਂ ਵਿੱਚੋਂ ਲੋਪ ਹੋ ਚੁੱਕੀਆਂ ਹਨ। ਇਹ ਬਹੁਤ ਵੱਡੀ ਗਿਣਤੀ ਹੈ। ਪਹਿਲਾਂ ਜੀਵਨ ਕੜੀ ਵਿੱਚ ਕੁਝ ਵੀ ਉਘੜ ਦੁੱਘੜ ਨਹੀਂ ਸੀ। ਮਨੁੱਖ ਵੱਲੋਂ ਆਪਣੇ ਲਾਲਚ, ਖ਼ੁਦਗਰਜ਼ੀ ਅਤੇ ਮੁਨਾਫ਼ੇ ਲਈ ਕੁਦਰਤੀ ਵਰਤਾਰਿਆਂ ਵਿੱਚ ਦਖ਼ਲ ਦੇ ਹਮੇਸ਼ਾਂ ਘਾਤਕ ਸਿੱਟੇ ਨਿਕਲਦੇ ਹਨ।

ਵਿਚਾਰਨ ਯੋਗ ਗੱਲ ਇਹ ਹੈ ਕਿ ਅਸੀਂ ਸਿਰਫ਼ ਜੀਵ ਜੰਤੂਆਂ ਅਤੇ ਬਨਸਪਤੀ ਦੀਆਂ ਭਿੰਨਤਾਵਾਂ ਨੂੰ ਖ਼ਤਮ ਨਹੀਂ ਕੀਤਾ, ਸਗੋਂ ਮਿੱਟੀ ਦੀ ਭਿੰਨਤਾ ਅਤੇ ਕੁਦਰਤੀ ਦਿੱਖ ਨੂੰ ਵੀ ਵੱਡੇ ਪੱਧਰ ਉੱਤੇ ਵਿਗਾੜ ਦਿੱਤਾ ਹੈ। ਪੰਜਾਬ ਨੂੰ ਬੇਸ਼ੱਕ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਪਰ ਇੱਥੇ ਪੰਜ ਦਰਿਆਵਾਂ ਤੋਂ ਇਲਾਵਾ ਕੁਝ ਸਹਾਇਕ ਨਦੀਆਂ ਵੀ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਸਨ। ਇਨ੍ਹਾਂ ਦੇ ਪਾਣੀ ਵਿੱਚ ਤੇ ਕੰਢਿਆਂ ਉੱਤੇ ਵੱਸਿਆ ਜਨ ਜੀਵਨ ਤਬਾਹ ਹੋਇਆ ਹੈ। ਪੰਜਾਬ ਦੀ ਵੰਨ-ਸੁਵੰਨਤਾ ਨੂੰ ਤਬਾਹ ਕਰਨ ਵਿੱਚ ਕਣਕ ਝੋਨੇ ਦੇ ਫ਼ਸਲੀ ਚੱਕਰ ਦੀ ਬੜੀ ਵੱਡੀ ਭੂਮਿਕਾ ਰਹੀ ਹੈ। ਦਰਅਸਲ ਕਿਸੇ ਵੀ ਦੇਸ਼ ਦੀ ਰਾਜਨੀਤਕ ਵਿਵਸਥਾ ਉੱਥੇ ਦੇ ਲੋਕਾਂ ਨੂੰ ਜਿਸ ਰਾਹ ਉੱਤੇ ਤੋਰਦੀ ਹੈ, ਉਹ ਦੇਰ ਸਵੇਰ ਓਧਰ ਤੁਰ ਹੀ ਪੈਂਦੇ ਹਨ। ਨਵੰਬਰ ਵਿੱਚ ਕਿਸਾਨ ਝੋਨੇ ਦੀ ਫ਼ਸਲ ਵੱਢਣ ਤਾਂ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਪਰਾਲੀ ਨਾ ਸਾੜੋ। ਦੂਜੇ ਪਾਸੇ ਪਰਾਲੀ ਨੂੰ ਬਿਲੇ ਲਾਉਣਾ ਕਿਸਾਨਾਂ ਲਈ ਵੱਡੀ ਸਮੱਸਿਆ ਹੈ। ਉਹ ਇਸ ਨੂੰ ਸੰਭਾਲਣ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹਨ। ਮੈਨੂੰ ਜਾਪਦਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਮੁਆਵਜ਼ੇ ਦੀ ਨਹੀਂ, ਕਣਕ ਝੋਨੇ ਦੇ ਚੱਕਰ ਵਿੱਚੋਂ ਕੱਢਣ ਦੀ ਮੰਗ ਕਰਨੀ ਚਾਹੀਦੀ ਹੈ। ਇਸ ਫ਼ਸਲੀ ਚੱਕਰ ਤੋਂ ਕਿਸਾਨਾਂ ਨੂੰ ਛੁਟਕਾਰਾ ਤਦੇ ਮਿਲ ਸਕਦਾ ਹੈ ਜੇ ਕਿਸਾਨਾਂ ਨੂੰ ਹੋਰ ਦੂਜੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ, ਪਰ ਸਰਕਾਰਾਂ ਉੱਤੇ ਕਿਸ ਦਾ ਜ਼ੋਰ ਚਲਦਾ ਹੈ?

ਇਸ ਤਰ੍ਹਾਂ ਹਰ ਛੇ ਮਹੀਨੇ ਬਾਅਦ ਖੇਤਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਈ ਜਾਂਦੀ ਹੈ ਤਾਂ ਇਹ ਫ਼ਸਲਾਂ ਦੇ ਮਿੱਤਰ ਕੀੜਿਆਂ ਤੇ ਪੰਛੀਆਂ ਦੀ ਮੌਤ ਦਾ ਕਾਰਨ ਬਣਦੀ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਆਲੇ ਦੁਆਲੇ ਦੇ ਹਾਲਾਤ ਜੀਵ ਜੰਤੂਆਂ ਤੇ ਪੰਛੀਆਂ ਲਈ ਸਾਜ਼ਗਾਰ ਨਹੀਂ ਤਾਂ ਇਹ ਨਿਸ਼ਚਿਤ ਹੀ ਸਾਡੇ ਲਈ ਵੀ ਘਾਤਕ ਸਿੱਧ ਹੋਣਗੇ। ਅੱਜ ਸਿਰਜੇ ਗਏ ਵਾਤਾਵਰਣਕ ਮਾਹੌਲ ਅਸੀਂ ਸਭ ਵੀ ਧੀਮੀ ਮੌਤ ਮਰ ਰਹੇ ਹਾਂ ਅਤੇ ਸਾਡੀ ਤੰਦਰੁਸਤੀ ਵੀ ਤੇਜ਼ੀ ਨਾਲ ਗੁਆਚਦੀ ਜਾ ਰਹੀ ਹੈ। ਸਾਡੀ ਸਿਹਤ ਸਿਰਫ਼ ਸਾਡੇ ਸਰੀਰ ਤਕ ਹੀ ਸੀਮਿਤ ਨਹੀਂ, ਸਗੋਂ ਇਹ ਮਾਨਸਿਕ ਤੇ ਸਰੀਰਕ ਤੌਰ ਉੱਤੇ ਆਪਣੇ ਸਮਾਜ ਅਤੇ ਕੁਦਰਤੀ ਵਾਤਾਵਰਣ ਨਾਲ ਜੁੜੀ ਹੋਈ ਹੈ। ਜੇ ਸਾਡਾ ਸਮਾਜ ਅਤੇ ਵਾਤਾਵਰਣ ਤੰਦਰੁਸਤ ਹੋਵੇਗਾ ਤਾਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਇਸ ਦੀ ਅਣਹੋਂਦ ਵਿੱਚ ਅਸੀਂ ਕਈ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਅਤੇ ਭਿਆਨਕ ਰੋਗਾਂ ਦੇ ਸ਼ਿਕਾਰ ਹੋ ਜਾਵਾਂਗੇ। ਸ਼ਾਇਦ ਅਸੀਂ ਭਰਮ ਵਿੱਚ ਹਾਂ ਕਿ ਮਨੁੱਖ ਜਾਤੀ ਵਿਕਾਸ ਕਰ ਰਹੀ ਹੈ ਕਿਉਂਕਿ ਕੁਦਰਤੀ ਮਾਹੌਲ ਦਾ ਵਿਨਾਸ਼ ਕਰਕੇ ਕੀਤਾ ਵਿਕਾਸ ਸਾਡੇ ਲਈ ਵਿਨਾਸ਼ ਹੀ ਸਾਬਤ ਹੋਵੇਗਾ। ਇਸ ਅਖੌਤੀ ਵਿਕਾਸ ਵਿੱਚ ਕੁਦਰਤੀ ਸੁੰਦਰਤਾ ਲਗਾਤਾਰ ਘਟਦੀ ਜਾ ਰਹੀ ਹੈ। ਅੱਜ ਮਨੁੱਖ ਲਈ ਵੱਡਾ ਸੰਕਟ ਇਹ ਹੈ ਕਿ ਉਸ ਨੇ ਤੇਜ਼ੀ ਨਾਲ ਬਦਲ ਰਹੀਆਂ ਇਨ੍ਹਾਂ ਪ੍ਰਸਥਿਤੀਆਂ ਦਾ ਸਾਹਮਣਾ ਕਿਵੇਂ ਕਰਨਾ ਹੈ।

ਅਸੀਂ ਵਿਗਿਆਨਕ ਤਕਨੀਕਾਂ ਨੂੰ ਆਪਣੇ ਅਨੁਸਾਰ ਢਾਲਣ ਵਿੱਚ ਕੁਝ ਕੁ ਸਫਲ ਹੋਏ ਹਾਂ, ਪਰ ਵਿਗਿਆਨਕ ਸੋਚ ਸਾਡੇ ਜ਼ਿਹਨ ਦਾ ਹਿੱਸਾ ਨਹੀਂ ਬਣੀ। ਆਲੇ ਦੁਆਲੇ ਦਾ ਮਾਹੌਲ ਜੀਵਨ ਲਈ ਸਾਜ਼ਗਾਰ ਬਣਾਈ ਰੱਖਣ ਲਈ ਵਿਗਿਆਨਕ ਸੋਚ ਨੂੰ ਜ਼ਿਹਨ ਦਾ ਹਿੱਸਾ ਬਣਾਉਣ ਦੀ ਲੋੜ ਹੈ। ਸਰਕਾਰਾਂ ਨੂੰ ਬਦਲਵੀਆਂ ਫ਼ਸਲਾਂ ਦੇ ਢੁੱਕਵੇਂ ਭਾਅ ਨਿਯਤ ਕਰਨੇ ਚਾਹੀਦੇ ਹਨ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹਰ ਪਿੰਡ, ਨਗਰ ਵਿੱਚ ਪਾਣੀ ਦੇ ਰੀਸਾਈਕਲਿੰਗ ਪਲਾਂਟ ਲਾਉਣੇ ਚਾਹੀਦੇ ਹਨ। ਰੁੱਖਾਂ ਦੀ ਕਟਾਈ ਬੰਦ ਕਰਕੇ ਨਵੇਂ ਹੋਰ ਪੌਦੇ ਲਾਉਣ ਦੀ ਮੁਹਿੰਮ ਦੀ ਲੋੜ ਹੈ। ਕੀਟਨਾਸ਼ਕ ਦਵਾਈਆਂ, ਸਪਰੇਆਂ ਤੇ ਰਸਾਇਣਾਂ ਦੀ ਵਰਤੋਂ ਘੱਟ ਕਰਨ ਦੀ ਲੋੜ ਹੈ। ਪੰਜਾਬ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਛੋਟੀਆਂ ਨਦੀਆਂ, ਛੱਪੜਾਂ, ਤਲਾਬਾਂ ਨੂੰ ਸੁਰਜੀਤ ਕੀਤਾ ਜਾਵੇ ਅਤੇ ਇਨ੍ਹਾਂ ਦੇ ਕੰਢਿਆਂ ਉੱਤੇ ਵੱਡੀ ਤਾਦਾਦ ਵਿੱਚ ਬੂਟੇ ਲਗਾਏ ਜਾਣ।