ਹਾਰਪਰ ਨੇ ਕੀਤਾ ਵਾੲ੍ਹੀਟ ਹਾਊਸ ਦਾ ਦੌਰਾ


ਵਾਸਿ਼ੰਗਟਨ, 2 ਜੁਲਾਈ (ਪੋਸਟ ਬਿਊਰੋ) : ਕੈਨੇਡੀਅਨ ਤੇ ਅਮਰੀਕੀ ਸਰਕਾਰਾਂ ਦਰਮਿਆਨ ਤਣਾਅ ਵਾਲੇ ਮਾਹੌਲ ਦੇ ਬਾਵਜੂਦ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵਾੲ੍ਹੀਟ ਹਾਊਸ ਦੇ ਵੈਸਟ ਵਿੰਗ ਦਾ ਦੌਰਾ ਕੀਤਾ।
ਅਮਰੀਕੀ ਮੀਡੀਆ ਦੀ ਰਿਪੋਰਟ ਅਨੁਸਾਰ ਹਾਰਪਰ ਨੇ ਵਾੲ੍ਹੀਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੋਅ ਨਾਲ ਮੁਲਾਕਾਤ ਕੀਤੀ। ਹਾਰਪਰ ਨੇ ਇਸ ਮੀਟਿੰਗ ਦਾ ਜਨਤਕ ਤੌਰ ਉੱਤੇ ਕੋਈ ਜਿ਼ਕਰ ਤੱਕ ਨਹੀਂ ਸੀ ਕੀਤਾ। ਪਰ ਮੁਲਾਕਾਤ ਦੌਰਾਨ ਰਿਪਬਲਿਕਨ ਪਾਰਟੀ ਦੇ ਕੋ-ਚੇਅਰ ਬੌਬ ਪਾਦੂਚਿੱਕ ਨਾਲ ਉਨ੍ਹਾਂ ਆਪਣੀ ਤਸਵੀਰ ਜ਼ਰੂਰ ਸਾਂਝੀ ਕੀਤੀ। ਪਿਛਲੇ ਹਫਤੇ ਕੈਨੇਡੀਅਨ ਮੀਡੀਆ ਨੂੰ ਵੀ ਇਹ ਤਾਂ ਪਤਾ ਲੱਗ ਗਿਆ ਸੀ ਕਿ ਹਾਰਪਰ ਕੁਡਲੋਅ ਨਾਲ ਮੁਲਾਕਾਤ ਕਰਨ ਲਈ ਅਮਰੀਕਾ ਜਾ ਰਹੇ ਹਨ। ਇਹ ਵੀ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਹਾਰਪਰ ਵਾਸਿ਼ੰਗਟਨ, ਡੀਸੀ ਦੇ ਆਪਣੇ ਇਸ ਦੌਰੇ ਦੌਰਾਨ ਅਮਰੀਕਾ ਦੇ ਕੌਮੀ ਸਕਿਊਰਿਟੀ ਸਲਾਹਕਾਰ ਜੌਹਨ ਬੋਲਟਨ ਨਾਲ ਵੀ ਮੁਲਾਕਾਤ ਕਰਨਗੇ।
ਹਾਰਪਰ ਦਾ ਅਚਨਚੇਤੀ ਕੀਤਾ ਜਾਣ ਵਾਲਾ ਦੌਰਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਸਰਕਾਰ ਲਈ ਵੱਡਾ ਸਰਪ੍ਰਾਈਜ਼ ਸੀ। ਪਿੱਛੇ ਜਿਹੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਟਰੂਡੋ ਦੀ ਕਾਫੀ ਨੁਕਤਾਚੀਨੀ ਕੀਤੀ ਗਈ ਸੀ। ਪਹਿਲੀ ਜੂਨ ਤੋਂ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਉੱਤੇ ਲਾਏ ਗਏ ਟੈਰਿਫਜ਼ ਤੋਂ ਬਾਅਦ ਬਦਲਾਲਊ ਕਾਰਵਾਈ ਕਰਦਿਆਂ ਕੈਨੇਡਾ ਨੇ ਵੀ ਅਮਰੀਕਾ ਵਿੱਚ ਤਿਆਰ ਸਟੀਲ ਤੇ ਐਲੂਮੀਨੀਅਮ ਤੋਂ ਇਲਾਵਾ 70 ਤੋਂ ਵੀ ਵੱਧ ਵਸਤਾਂ ਉੱਤੇ ਟੈਰਿਫ ਲਾਏ ਸਨ।
ਸੋਮਵਾਰ ਨੂੰ ਇੱਕ ਬ੍ਰੀਫਿੰਗ ਦੌਰਾਨ ਜਦੋਂ ਇਹ ਪੁੱਛਿਆ ਗਿਆ ਕਿ ਹਾਰਪਰ ਵਾੲ੍ਹੀਟ ਹਾਊਸ ਕੀ ਕਰਨ ਆਏ ਸਨ ਤਾਂ ਵਾੲ੍ਹੀਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਜ਼ ਕੋਈ ਜਵਾਬ ਨਹੀਂ ਦੇ ਸਕੀ। ਪਰ ਉਨ੍ਹਾਂ ਕੈਨੇਡਾ ਬਾਰੇ ਪੁੱਛੇ ਸਵਾਲ ਦਾ ਜਵਾਬ ਜ਼ਰੂਰ ਦਿੱਤਾ। ਉਨ੍ਹਾਂ ਆਖਿਆ ਕਿ ਅਸੀਂ ਕਈ ਸਾਲਾਂ ਤੱਕ ਕੈਨੇਡਾ ਲਈ ਬਹੁਤ ਚੰਗੇ ਬਣੇ ਰਹੇ ਤੇ ਉਨ੍ਹਾਂ ਉਸੇ ਗੱਲ ਦਾ ਫਾਇਦਾ ਚੁੱਕਿਆ, ਖਾਸ ਤੌਰ ਉੱਤੇ ਸਾਡੇ ਕਿਸਾਨਾਂ ਦਾ ਫਾਇਦਾ ਚੁੱਕਿਆ। ਉਨ੍ਹਾਂ ਆਖਿਆ ਕਿ ਜੀ-7 ਵਾਰਤਾ ਦੌਰਾਨ ਰਾਸ਼ਟਰਪਤੀ ਟਰੰਪ ਨੇ ਇਹ ਪ੍ਰਸਤਾਵ ਰੱਖਿਆ ਸੀ ਕਿ ਉਹ ਟੈਰਿਫਜ਼ ਨਹੀਂ ਲਾਉਣਗੇ ਤੇ ਸਾਰੇ ਬੈਰੀਅਰ ਵੀ ਹਟਾ ਦਿੱਤੇ ਜਾਣਗੇ ਤਾਂ ਕਿ ਟਰੇਡ ਸਹੀ ਢੰਗ ਨਾਲ ਹੋ ਸਕੇ ਪਰ ਉਨ੍ਹਾਂ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ।
2015 ਵਿੱਚ ਚੋਣਾਂ ਵਿੱਚ ਹਾਰ ਮਿਲਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇਣ ਮਗਰੋਂ ਹਾਰਪਰ ਨੇ ਇੱਕ ਕਿਤਾਬ ਲਿਖੀ ਹੈ, ਉਨ੍ਹਾਂ ਇੱਕ ਕੰਸਲਟੈਂਸੀ ਫਰਮ ਸ਼ੁਰੂ ਕੀਤੀ ਹੈ ਤੇ ਉਹ ਇੰਟਰਨੈਸ਼ਨਲ ਡੈਮੋਕ੍ਰੈਟ ਯੂਨੀਅਨ (ਆਈਡੀ) ( ਜੋ ਕਿ ਸੱਜੇ ਪੱਖੀ ਪਾਰਟੀਆਂ ਦਾ ਗੱਠਜੋੜ ਹੈ), ਦੇ ਚੇਅਰ ਵਜੋਂ ਕੰਮ ਕਰ ਰਹੇ ਹਨ। ਕੁੱਝ ਮਾਹਿਰ ਹਾਰਪਰ ਦੀ ਇਸ ਮੁਲਾਕਾਤ ਨੂੰ ਬਹੁਤ ਅਹਿਮ ਮੰਨ ਰਹੇ ਹਨ ਜਦਕਿ ਕੁੱਝ ਹੋਰ ਦਾ ਕਹਿਣਾ ਹੈ ਕਿ ਇਸ ਨਾਲ ਟਰੂਡੋ ਸਰਕਾਰ ਦੀਆਂ ਕੋਸਿ਼ਸ਼ਾਂ ਨੂੰ ਘੱਟ ਕਰਕੇ ਆਂਕਿਆ ਜਾ ਸਕਦਾ ਹੈ।