ਹਾਫਿਜ਼ ਸਈਦ ਦੇ ਕੇਸ ਦੀ ਸੁਣਵਾਈ ਫਿਰ ਅੱਗੇ ਪਈ 

hafeez saeed
ਲਾਹੌਰ, 20 ਮਾਰਚ (ਪੋਸਟ ਬਿਊਰੋ)- ਅੱਤਵਾਦ ਰੋਕੂ ਕਾਰਵਾਈ ਹੇਠ ਮੁੰਬਈ ਦੇ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਤੇ 4 ਹੋਰਨਾਂ ਨੂੰ ਨਜ਼ਰਬੰਦ ਕਰਨ ਬਾਰੇ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਨੂੰ ਸੋਮਵਾਰ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਕੇਸ ਦੀ ਤਿਆਰੀ ਲਈ ਸਰਕਾਰ ਦੇ ਵਕੀਲ ਵਲੋਂ ਹੋਰ ਸਮਾਂ ਮੰਗਣ ਤੋਂ ਬਾਅਦ ਪਟੀਸ਼ਨ ਉੱਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਪਾਕਿਸਤਾਨ ਸਰਕਾਰ ਦੇ ਵਕੀਲ ਨੇ ਲਾਹੌਰ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਸਾਹਮਣੇ ਕਿਹਾ, ‘ਸਾਨੂੰ ਕੇਸ ਦੀ ਤਿਆਰੀ ਕਰਨ ਦਾ ਸਮਾਂ ਨਹੀਂ ਮਿਲ ਸਕਿਆ, ਕਿਉਂਕਿ ਐਨ ਸਮੇਂ ਉੱਤੇ ਅੱਜ ਦੀ ਸੁਣਵਾਈ ਬਾਰੇ ਸੂਚਿਤ ਕੀਤਾ ਗਿਆ।’
ਵਰਨਣ ਯੋਗ ਹੈ ਬੀਤੀ 30 ਜਨਵਰੀ ਨੂੰ ਅੱਤਵਾਦ ਰੋਕੂ ਕਾਰਵਾਈ ਤਹਿਤ ਹਾਫਿਜ਼ ਸਈਦ ਅਤੇ ਉਸ ਦੇ 4 ਹੋਰ ਸਾਥੀਆਂ ਨੂੰ ਪਾਕਿਸਤਾਨ ਸਰਕਾਰ ਨੇ ਲਾਹੌਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਇਨ੍ਹਾਂ ਸਭ ਨੂੰ 90 ਦਿਨਾਂ ਲਈ ਨਜ਼ਰਬੰਦ ਕੀਤਾ ਗਿਆ ਹੈ। ਇੰਨਾ ਹੀ ਨਹੀਂ ਪਾਕਿਸਤਾਨ ਸਰਕਾਰ ਨੇ ਹਾਫਿਜ਼ ਦੇ ਦੇਸ਼ ਵਿੱਚੋਂ ਬਾਹਰ ਜਾਣ ਉੱਤੇ ਵੀ ਰੋਕ ਲਾ ਦਿੱਤੀ ਸੀ। ਇਸ ਨਜ਼ਰਬੰਦੀ ਤੋਂ ਬਾਅਦ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ, ਮਲਿਕ ਜ਼ਫਰ ਇਕਬਾਲ, ਅਬਦੁੱਰ ਰਹਿਮਾਨ ਆਬਿਦ, ਕਾਜ਼ੀ ਕਾਸਿਫ ਹੁਸੈਨ ਅਤੇ ਅਬਦੁੱਲਾ ਉਬੈਦ ਨੇ ਲਾਹੌਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਆਪਣੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਹੈ।