ਹਾਫਿਜ਼ ਦੇ ਟੋਲੇ ਵੱਲੋਂ ਪਾਕਿ ਰੱਖਿਆ ਮੰਤਰੀ ਨੂੰ ਨੋਟਿਸ ਭੇਜਣ ਦੀ ਧਮਕੀ


ਲਾਹੌਰ, 5 ਜਨਵਰੀ (ਪੋਸਟ ਬਿਊਰੋ)- ਮੁੰਬਈ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੇ ਮੁੱਖ ਸਾਜਿ਼ਸ਼ ਕਰਤਾ ਹਾਫਿਜ਼ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਵਾ (ਜੇ ਯੂ ਡੀ) ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਰੱਖਿਆ ਮੰਤਰੀ ਖੁੱਰਮ ਦਸਤਗੀਰ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਣਗੇ। ਇਸ ਤੋਂ ਪਹਿਲਾਂ ਖੁੱਰਮ ਦਸਤਗੀਰ ਨੇ ਇਕ ਬਿਆਨ ਵਿੱਚ ਕਿਹਾ ਸੀ ਕਿ ਜਮਾਤ-ਉਦ-ਦਾਵਾ ਦੇ ਖਿਲਾਫ ਕਾਰਵਾਈ ਅਮਰੀਕੀ ਦਬਾਅ ਵਿੱਚ ਨਹੀਂ ਕੀਤੀ ਗਈ ਤੇ ਜਮਾਤ ਉਦ ਦਾਅਵਾ, ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਅਤੇ ਹੋਰ ਜਥੇਬੰਦੀਆਂ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਪਿੱਛੋਂ ਅੱਤਵਾਦੀ ਸਕੂਲੀ ਬੱਚਿਆਂ ‘ਤੇ ਹਮਲਾ ਨਹੀਂ ਕਰ ਸਕਦੇ।
ਖੁੱਰਮ ਦਸਤਗੀਰ ਦੇ ਇਸ ਬਿਆਨ ਦੀ ਨਿੰਦਾ ਕਰਦੇ ਹੋਏ ਜਮਾਤ-ਉਦ-ਦਾਵਾ ਦੇ ਬੁਲਾਰੇ ਯਾਹਮਾ ਮੁਜਾਹਿਦ ਨੇ ਕਿਹਾ ਕਿ ਇਹ ਅਪਮਾਨ ਜਨਕ ਹੈ। ਅਸੀਂ ਇਸ ਟਿੱਪਣੀ ਲਈ ਮੰਤਰੀ ਨੂੰ ਇੱਕ ਕਾਨੂੰਨੀ ਨੋਟਿਸ ਭੇਜਾਂਗੇ। ਰੱਖਿਆ ਮੰਤਰੀ ਦਸਤਗੀਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੋਲੀ ਬੋਲ ਰਹੇ ਹਨ। ਨਵੇਂ ਸਾਲ ਦੇ ਪਹਿਲੇ ਦਿਨ ਡੋਨਾਲਡ ਟਰੰਪ ਨੇ ਪਾਕਿਸਤਾਨ ‘ਤੇ ਗੰਭੀਰ ਦੋਸ਼ ਲਾਇਆ ਸੀ ਕਿ ਉਹ ਅਮਰੀਕਾ ਨੂੰ ਝੂਠ ਅਤੇ ਕਪਟ ਦੇ ਇਲਾਵਾ ਕੁਝ ਨਹੀਂ ਦੇ ਰਿਹਾ ਅਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਹਾਸਲ ਕਰਵਾ ਰਿਹਾ ਹੈ। ਇਸ ਪਿੱਛੋਂ ਪਾਕਿਸਤਾਨ ਨੇ ਹਾਫਿਜ਼ ਸਈਦ ਦੇ ਸੰਗਠਨ ਉੱਤੇ ਕੁਝ ਪਾਬੰਦੀਆਂ ਲਾਈਆਂ ਤਾਂ ਇਸ ਤੋਂ ਭੜਕ ਕੇ ਇਸ ਸੰਗਠਨ ਨੇ ਕਾਨੂੰਨੀ ਨੋਟਿਸ ਦੀ ਧਮਕੀ ਦਿੱਤੀ ਹੈ।