ਹਾਫਿਜ਼ ਸਈਦ ਮੁਸਲਮਾਨਾਂ ਨੂੰ ਜਹਾਦ ਕਰਨ ਲਈ ਉਕਸਾਉਣ ਵਾਸਤੇ ਬ੍ਰਿਟੇਨ ਵੀ ਜਾ ਚੁੱਕੈ


ਲੰਡਨ, 11 ਜਨਵਰੀ (ਪੋਸਟ ਬਿਊਰੋ)- ਸੰਸਾਰ ਵਿੱਚ ਬਦਨਾਮ ਦਹਿਸ਼ਤਗਰਦ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੋਢੀ ਅਤੇ ਮੁੰਬਈ ਹਮਲਿਆਂ ਦਾ ਮੁੱਖ ਦੋਸ਼ੀ ਹਾਫਿਜ਼ ਸਈਦ 1990 ਦੇ ਦਹਾਕੇ ਵਿੱਚ ਬ੍ਰਿਟਿਸ਼ ਮੁਸਲਮਾਨਾਂ ਨੂੰ ਜਹਾਦ ਲਈ ਉਕਸਾਉਣ ਵਾਸਤੇ ਓਥੇ ਵੀ ਗਿਆ ਸੀ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਬਾਹਰ ਆਈ ਹੈ।
ਬੀ ਬੀ ਸੀ ਵੱਲੋਂ ਕਰਵਾਈ ਗਈ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੂਨੀਆ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਨੇ 1995 ਵਿੱਚ ਬ੍ਰਿਟਿਸ਼ ਮਸਜਿਦਾਂ ਦਾ ਦੌਰਾ ਕੀਤਾ ਸੀ ਅਤੇ ਇਸ ਦੌਰੇ ਦੇ ਰਿਕਾਰਡ ਉਸ ਸਮੇਂ ਦੀ ਲਸ਼ਕਰ ਵੱਲੋਂ ਛਾਪੀ ਜਾ ਚੁੱਕੀ ਮੈਗਜ਼ੀਨ ਵਿੱਚ ਦਰਜ ਕੀਤੇ ਗਏ ਸਨ। ਬ੍ਰਿਟੇਨ ਦੀ ਇਸ ਯਾਤਰਾ ਮੌਕੇ ਸਈਦ ਨੇ ਬਰਮਿੰਘਮ ਵਿੱਚ ਹਿੰਦੂਆਂ ਦੀ ਨਿੰਦਾ ਕਰਦੇ ਹੋਏ ਉਥੇ ਮੌਜੂਦ ਲੋਕਾਂ ਨੂੰ ਜਹਾਦ ਲਈ ਉਠ ਖੜੇ ਹੋਣ ਨੂੰ ਕਿਹਾ ਸੀ। ਬੀ ਬੀ ਸੀ ਚੈਨਲ 4 ਦੀ ‘ਬ੍ਰਿਟਿਸ਼ ਜਹਾਦ ਦਾ ਉਭਾਰ’ ਸਿਰਲੇਖ ਹੇਠ ਕੱਲ੍ਹ ਰਾਤ ਪ੍ਰਸਾਰਿਤ ਡਾਕੂਮੈਂਟਰੀ ਦੇ ਅਨੁਸਾਰ ਲੈਸਟਰ ਵਿੱਚ ਸਈਦ ਨੇ 4000 ਨੌਜਵਾਨਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕੀਤਾ ਸੀ। ਡਾਕੂਮੈਂਟਰੀ ਬਣਾਉਣ ਵਾਲਿਆਂ ਵਿੱਚੋਂ ਸਾਜ਼ਿਦ ਇਕਬਾਲ ਨਾਂਅ ਦੇ ਵਿਅਕਤੀ ਨੇ ਬੀ ਬੀ ਸੀ ਸਕਾਟਲੈਂਡ ਨੂੰ ਕਿਹਾ ਕਿ ਉਸ ਸਮੇਂ ਲਗਾਤਾਰ ਜਹਾਦ ਬਾਰੇ ਗੱਲਾਂ ਹੋਈਆਂ ਸਨ ਤੇ ਹਾਫਿਜ਼ ਸਈਦ ਨੇ ਓਥੇ ਮੁਸਲਿਮ ਨੌਜਵਾਨਾਂ ਨੂੰ ਆਪਣੇ ਨਾਲ ਮਿਲਣ ਲਈ ਪ੍ਰੇਰਿਤ ਕੀਤਾ ਸੀ।