ਹਾਫਿਜ਼ ਸਈਦ ਦੀ ਪਾਰਟੀ ਨੂੰ ਪਾਕਿ ਵਿੱਚ ਮਾਨਤਾ ਨਹੀਂ ਮਿਲੀ

hafiz saeed
ਇਸਲਾਮਾਬਾਦ, 9 ਸਤੰਬਰ (ਪੋਸਟ ਬਿਊਰੋ)- ਅਮਰੀਕਾ ਤੋਂ ਸਖਤ ਚੇਤਾਵਨੀ ਮਿਲਣ ਪਿੱਛੋਂ ਹੁਣ ਪਾਕਿਸਤਾਨ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਲਈ ਮਜ਼ਬੂਰ ਹੋ ਗਿਆ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਤਵਾਦੀ ਸਰਗਣਾ ਹਾਫਿਜ਼ ਸਈਦ ਨੂੰ ਇਸ ਪੱਖੋਂ ਕਰਾਰਾ ਝਟਕਾ ਦਿੱਤਾ ਹੈ।
ਪਾਕਿਸਤਾਨ ਚੋਣ ਕਮਿਸ਼ਨ ਨੇ ਹਾਫਿਜ਼ ਸਈਦ ਦੀ ਪਾਰਟੀ ਮਿਲੀ ਮੁਸਲਿਮ ਲੀਗ ਦੇ ਚੋਣ ਲੜਨ ਤੋਂ ਰੋਕ ਲਾ ਦਿੱਤੀ ਹੈ। ਚੋਣ ਕਮਿਸ਼ਨ ਨੇ ਮਿਲੀ ਮੁਸਲਿਮ ਲੀਗ ਨੂੰ ਮਾਨਤਾ ਵੀ ਨਹੀਂ ਦਿੱਤੀ। ਅੱਤਵਾਦੀ ਹਾਫਿਜ਼ ਸਈਦ ਨੂੰ ਛੇ ਮਹੀਨੇ ਤੋਂ ਦੇਸ਼ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਉਸ ਨੇ ਹਾਲ ਹੀ ਵਿੱਚ ਰਾਜਨੀਤੀ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਰਾਜਨੀਤਕ ਪਾਰਟੀ ਬਣਾਈ ਸੀ। ਇਸ ਪਾਰਟੀ ਨੂੰ ਮਾਨਤਾ ਦੇਣ ਦੀ ਅਰਜ਼ੀ ਦਾਖਲ ਕੀਤੀ ਗਈ ਸੀ, ਪਰ ਚੋਣ ਕਮਿਸ਼ਨ ਨੇ ਇਹ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਦੇ ਖਿਲਾਫ ਚੋਣ ਪ੍ਰਚਾਰ ਵਿੱਚ ਸਈਦ ਦੀ ਤਸਵੀਰ ਦੀ ਵਰਤੋਂ ਕਰਨ ਬਾਰੇ ਆਜ਼ਾਦ ਉਮੀਦਵਾਰ ਸ਼ੇਖ ਮੁਹੰਮਦ ਯਾਕੂਬ ਨੂੰ ਚੇਤਾਵਨੀ ਦਿੱਤੀ ਸੀ।
ਹਾਫਿਜ਼ ਸਈਦ ਨੂੰ ਭਾਰਤ ਵਿੱਚ ਹੋਏ 26/11 ਹਮਲਿਆਂ ਦਾ ਮਾਸਟਰ ਮਾਈਂਡ ਕਿਹਾ ਜਾਂਦਾ ਹੈ। ਭਾਰਤ ਲਗਾਤਾਰ ਹਾਫਿਜ਼ ਸਈਦ ਉੱਤੇ ਕਾਰਵਾਈ ਦੀ ਮੰਗ ਕਰਦਾ ਰਿਹਾ ਹੈ। ਅਮਰੀਕਾ ਨੇ ਵੀ ਪਾਕਿਸਤਾਨ ਨੂੰ ਇਸ ਦੀ ਚੇਤਾਵਨੀ ਦਿੱਤੀ ਸੀ ਕਿ ਜੇ ਉਸ ਨੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਪਾਕਿਸਤਾਨ ਦੀ ਮਦਦ ਉੱਤੇ ਪਾਬੰਦੀ ਲਾ ਦੇਵੇਗਾ।