ਹਾਫਿਜ਼ ਸਈਦ ਦੀ ਪਾਰਟੀ ਦੀ ਚੋਣਾਂ ਲੜਨ ਦੀ ਅਰਜ਼ੀ ਰੱਦ


ਇਸਲਾਮਾਬਾਦ, 13 ਜੂਨ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਅਗਲੇ ਕੁਝ ਹਫਤਿਆਂ ਵਿੱਚ ਹੋਣ ਜਾ ਰਹੀਆਂ ਕੌਮੀ ਚੋਣਾਂ ਤੋਂ ਪਹਿਲਾਂ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਕਰਾਰਾ ਝਟਕਾ ਲੱਗਾ ਹੈ। ਚੋਣ ਕਮਿਸ਼ਨ ਨੇ ਸਈਦ ਦੇ ਸੰਗਠਨ ਜਮਾਤ-ਉਦ-ਦਆਵਾ ਦੀ ਸਿਆਸੀ ਪਾਰਟੀ, ਮਿੱਲੀ ਮੁਸਲਿਮ ਲੀਗ, ਨੂੰ ਇੱਕ ਸਿਆਸੀ ਪਾਰਟੀ ਦੇ ਤੌਰ ਉੱਤੇ ਰਜਿਸਟਰ ਕਰਨ ਦੀ ਅਰਜੀ ਰੱਦ ਕਰ ਦਿੱਤੀ ਹੈ।
ਅੱਜ ਬੁੱਧਵਾਰ ਨੂੰ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਗ੍ਰਹਿ ਮੰਤਰਾਲੇ ਦੀ ਰਿਪੋਰਟ ਦੇ ਆਧਾਰ ਉੱਤੇ ਲਿਆ ਹੈ। ਗ੍ਰਹਿ ਮੰਤਰਾਲੇ ਨੇ ਆਪਣੀ ਰਿਪੋਰਟ ਵਿੱਚ ਇਹ ਕਿਹਾ ਹੈ ਕਿ ਮਿੱਲੀ ਮੁਸਲਿਮ ਲੀਗ ਅਸਲ ਵਿੱਚ ਪਾਬੰਦੀਸ਼ੂਦਾ ਸੰਗਠਨ ਜ਼ਮਾਤ-ਉਦ-ਦਾਅਵਾ ਦੀ ਵਿਚਾਰਧਾਰਾ ਦੀ ਪੈਰੋਕਾਰ ਹੈ। ਮੰਤਰਾਲਾ ਨੇ ਇੰਟੈਲੀਜੈਂਸ ਏਜੰਸੀਆਂ ਤੋਂ ਮਿਲੀ ਜਾਣਕਾਰੀ ਨੂੰ ਆਪਣੀ ਰਿਪੋਰਟ ਦਾ ਆਧਾਰ ਬਣਾਇਆ ਹੈ। ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਉਹ ਐੱਮ ਐੱਮ ਐੱਲ ਨੂੰ ਸਿਆਸੀ ਪਾਰਟੀ ਦੇ ਤੌਰ ਉੱਤੇ ਰਜਿਸਟਰ ਨਾ ਕਰਨ ਦੇ ਫੈਸਲੇ ਦੀ ਮੁੜ ਸਮੀਖਿਆ ਕਰੇ। ਅੱਜ ਬੁੱਧਵਾਰ ਨੂੰ ਚੋਣ ਕਮਿਸ਼ਨ ਨੇ ਆਪਣੇ ਫੈਸਲੇ ਦੀ ਸਮੀਖਿਆ ਕੀਤੀ ਤੇ ਫਿਰ ਅਬਦੁਲ ਗੱਫਾਰ ਸੁਮਰੋ ਦੀ ਪ੍ਰਧਾਨਗੀ ਵਾਲੀ ਕਮਿਸ਼ਨ ਦੀ ਚਾਰ ਮੈਂਬਰੀ ਬੈਂਚ ਨੇ ਹਾਫਿਜ਼ ਸਈਦ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਆਪਣੇ ਆਦੇਸ਼ ਵਿੱਚ ਬੈਂਚ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਦੀਆਂ ਟਿੱਪਣੀਆਂ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਵਰਨਣ ਯੋਗ ਹੈ ਕਿ ਗ੍ਰਹਿ ਮੰਤਰਾਲਾ ਨੇ ਐੱਮ ਐੱਮ ਐੱਲ ਦੇ ਸੰਬੰਧ ਪਾਬੰਦੀ ਸ਼ੁਦਾ ਜਮਾਤ-ਉਦ-ਦਾਅਵਾ ਦੇ ਨੇਤਾ ਹਾਫਿਜ਼ ਸਈਦ ਨਾਲ ਹੋਣ ਕਾਰਨ ਉਸ ਨੂੰ ਸਿਆਸੀ ਪਾਰਟੀ ਵਜੋਂ ਰਜਿਸਟਰ ਕਰਨ ਬਾਰੇ ਆਪਣਾ ਇਤਰਾਜ਼ ਕੀਤਾ ਸੀ। ਮੰਤਰਾਲਾ ਨੇ ਕਿਹਾ ਸੀ ਕਿ ਐੱਮ ਐੱਮ ਐੱਲ ਪਾਬੰਦੀ ਸ਼ੁਦਾ ਜਮਾਤ ਉਦ ਦਾਅਵਾ ਦੀ ਸ਼ਾਖਾ ਹੈ। ਐੱਮ ਐੱਮ ਐੱਲ ਦੇ ਵਕੀਲ ਨੇ ਕਿਹਾ ਕਿ ਫੈਡਰਲ ਸਰਕਾਰ ਕਿਸੇ ਵੀ ਸਿਆਸੀ ਦਲ ਨੂੰ ਮਾਨਤਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ, ‘ਇਹ ਕੋਈ ਨਹੀਂ ਦੱਸ ਸਕਦਾ ਕਿ ਭਵਿੱਖ ਵਿੱਚ ਕੋਈ ਸਿਆਸੀ ਦਲ ਕਿਸੇ ਪਾਬੰਦੀ ਸ਼ੁਦਾ ਸੰਗਠਨ ਨਾਲ ਸੰਬੰਧਿਤ ਹੋਵੇਗਾ ਜਾ ਨਹੀਂ।’ ਉਨ੍ਹਾਂ ਕਿਹਾ ਕਿ ਐੱਮ ਐੱਮ ਐੱਲ ਦੇ ਨੇਤਾ ਸੈਫੁੱਲਾਹ ਖਾਲਿਦ ਦਾ ਹਾਫਿਜ਼ ਸਈਦ ਜਾਂ ਜਮਾਤ-ਉਦ-ਦਾਅਵਾ ਨਾਲ ਕੋਈ ਸੰਬੰਧ ਨਹੀਂ ਹੈ। ਵਰਨਣ ਯੋਗ ਹੈ ਕਿ ਪਾਕਿਸਤਾਨ ਵਿੱਚ 25 ਜੁਲਾਈ ਨੂੰ ਪਾਰਲੀਮੈਂਟ ਤੇ ਸੂਬਿਆਂ ਦੀਆਂ ਚੋਣਾਂ ਹੋਣੀਆਂ ਹਨ। ਹਾਫਿਜ਼ ਸਈਦ ਖੁਦ ਚੋਣ ਨਹੀਂ ਲੜੇਗਾ, ਪਰ ਉਸ ਨੇ 200 ਉਮੀਦਵਾਰ ਉਤਾਰਨ ਦੀ ਗੱਲ ਕਹੀ ਹੈ.