ਹਾਦਸੇ ਵਿੱਚ ਪੈਰ ਗੁਆਉਣ ਵਾਲੇ ਨੇ ਹਾਈਵੇ ਤੋਂ ਠੇਕੇ ਚੁਕਵਾਏ

harman sidhu
ਚੰਡੀਗੜ੍ਹ, 2 ਅਪ੍ਰੈਲ (ਪੋਸਟ ਬਿਊਰੋ)- ਹਾਦਸੇ ਵਿੱਚ ਪੈਰ ਗੁਆਚ ਗਏ ਤਾਂ ਇੱਕ ਵਾਰ ਇਸ ਤਰ੍ਹਾਂ ਲੱਗਾ ਕਿ ਤਾਕਤ ਖੋਹੀ ਗਈ, ਪਰ ਹੌਂਸਲੇ ਦੀ ਤਾਕਤ ਕਾਇਮ ਰਹੀ ਤੇ ਮੈਂ ਅੱਜ ਅਰਾਈਵ ਸੇਫ ਰਾਹੀਂ ਸਾਰਿਆਂ ਨੂੰ ਕਹਿ ਸਕਦਾ ਹਾਂ ਕਿ ਸ਼ਰਾਬ ਪੀ ਕੇ ਡਰਾਈਵ ਨਾ ਕਰੋ। ਇਹ ਸ਼ਬਦ ਹਨ ਐੱਨ ਜੀ ਓ ਅਰਾਈਵ ਸੇਫ ਦੇ ਸੰਚਾਲਕ ਹਰਮਨ ਸਿੱਧੂ ਦੇ। ਸੁਪਰੀਮ ਕੋਰਟ ਵੱਲੋਂ ਹਾਈਵੇ ਦੇ 500 ਮੀਟਰ ਦੇ ਘੇਰੇ ਵਿੱਚ ਠੇਕਿਆਂ ‘ਤੇ ਪਾਬੰਦੀ ਦੇ ਹੁਕਮ ਲਾਗੂ ਕਰਵਾਉਣ ਪਿੱਛੇ ਇਸੇ ਹਰਮਨ ਸਿੱਧੂ ਦੀ ਲੰਬੀ ਕਾਨੂੰਨੀ ਲੜਾਈ ਹੈ।
ਹਰਮਨ ਸਿੱਧੂ ਨੇ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਹਾਈਵੇ ਦੇ ਕੰਢੇ ਸ਼ਰਾਬ ਦੇ ਠੇਕੇ ਹਟਾਏ ਜਾਣ। ਉਸ ਨੇ ਦੱਸਿਆ ਕਿ ਮੈਂ 20 ਸਾਲਾਂ ਤੋਂ ਹਾਈਵੇ ਉੱਤੋਂ ਸ਼ਰਾਬ ਠੇਕੇ ਹਟਾਉਣ ਦੀ ਲੜਾਈ ਲੜਦਾ ਹੋਇਆ ਲੋਕਾਂ ਨੂੰ ਜਾਗਰੂਕ ਕਰ ਰਿਹਾ ਹਾਂ। ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਹਰਮਨ ਨੇ ਕਿਹਾ ਕਿ 30 ਤੋਂ 50 ਫੀਸਦੀ ਸੜਕ ਹਾਦਸੇ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੁੰਦੇ ਹਨ। ਪੀ ਜੀ ਆਈ ਸਟੱਡੀ ਰਿਪੋਰਟ ਵਿੱਚ ਇਹ ਗੱਲ ਸਿੱਧ ਹੋਈ ਹੈ। ਹਰਮਨ ਨੇ ਦੱਸਿਆ ਕਿ ਉਨ੍ਹਾਂ ਨੇ ਦਸੰਬਰ 2012 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹਿਲੀ ਪਟੀਸ਼ਨ ਦਾਇਰ ਕੀਤੀ ਅਤੇ ਹਾਈ ਕੋਰਟ ਨੇ ਸੁਣਵਾਈ ਸ਼ੁਰੂ ਕੀਤੀ ਤਾਂ ਸ਼ਰਾਬ ਮਾਫੀਆ ਵੱਲੋਂ ਮੈਨੂੰ ਧਮਕੀਆਂ ਮਿਲਣ ਲੱਗੀਆਂ, ਪਰ ਮੈਂ ਪ੍ਰਵਾਹ ਨਹੀਂ ਕੀਤੀ। ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਤਾਂ ਮੈਂ ਸੁਪਰੀਮ ਕੋਰਟ ਵਿੱਚ ਲੜਾਈ ਜਾਰੀ ਰੱਖੀ। ਆਖਰ ਫੈਸਲਾ ਸਾਡੇ ਪੱਖ ਵਿੱਚ ਆਇਆ ਤੇ ਕੋਰਟ ਨੇ ਦੇਸ਼ ਭਰ ਵਿੱਚ ਹਾਈਵੇਜ਼ ਤੋਂ 500 ਮੀਟਰ ਦੂਰ ਤੱਕ ਸ਼ਰਾਬ ਠੇਕੇ ਹਟਾਉਣ ਦੇ ਹੁਕਮ ਦੇ ਕੇ ਹਾਈਵੇ ਕੰਢੇ ਹੋਟਲਾਂ, ਬਾਰ ਤੇ ਰੈਸਟੋਰੈਂਟਾਂ ‘ਚ ਸ਼ਰਾਬਬੰਦੀ ਲਾਗੂ ਕਰ ਦਿੱਤੀ।
24 ਅਕਤੂਬਰ 1996 ਨੂੰ ਹਰਮਨ ਸਿੱਧੂ ਆਪਣੇ ਤਿੰਨ ਦੋਸਤਾਂ ਨਾਲ ਮਸੂਰੀ ਚੱਲੇ ਸਨ। ਹਿਮਾਚਲ ਪ੍ਰਦੇਸ਼ ਦੀ ਰੇਣੂਕਾ ਲੇਕ ਨੇੜੇ ਉਨ੍ਹਾਂ ਦੀ ਕਾਰ 60 ਫੁੱਟ ਡੂੰਘੀ ਖੱਡ ਵਿੱਚ ਡਿੱਗੀ। ਤਿੰਨ ਦੋਸਤਾਂ ਨੂੰ ਸੱਟ ਨਹੀਂ ਲੱਗੀ, ਪਰ ਹਰਮਨ ਅੰਦਰੂਨੀ ਸੱਟਾਂ ਕਾਰਨ ਚੱਲਣ ਤੋਂ ਅਸਮਰਥ ਹੋ ਗਿਆ ਸੀ।