ਹਾਕੀ ਖਿਡਾਰੀ ਸਰਦਾਰ ਸਿੰਘ ਨੂੰ ਖੇਲ ਰਤਨ, ਹਰਮਨ ਤੇ ਖੁਸ਼ਬੀਰ ਨੂੰ ਅਰਜੁਨ ਐਵਾਰਡ ਦੇਣ ਦੀ ਸਿਫਾਰਸ਼

sardar singh
ਨਵੀਂ ਦਿੱਲੀ, 3 ਅਗਸਤ, (ਪੋਸਟ ਬਿਊਰੋ)- ਖੇਡ ਐਵਾਰਡਾਂ ਦੀ ਚੋਣ ਕਰਨ ਵਾਲੀ ਸਾਬਕਾ ਜਸਟਿਸ ਸੀ ਕੇ ਠੱਕਰ ਦੀ ਅਗਵਾਈ ਵਾਲੀ ਕਮੇਟੀ ਨੇ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ‘ਰਾਜੀਵ ਗਾਂਧੀ ਖੇਲ ਰਤਨ` ਲਈ ਦੋ ਖਿਡਾਰੀਆਂ ਪੈਰਾ-ਲੰਪੀਅਨ ਦੇਵੇਂਦਰ ਝਾਜੜੀਆ ਅਤੇ ਹਾਕੀ ਖਿਡਾਰੀ ਸਰਦਾਰ ਸਿੰਘ ਦੇ ਨਾਂਅ ਦੀ ਸਿਫਾਰਸ਼ ਕੀਤੀ ਹੈ। ਝਾਜੜੀਆ ਦਾ ਨਾਂਅ ਪਹਿਲੀ ਤਰਜੀਹ ਵਾਸਤੇ ਅਤੇ ਸਰਦਾਰ ਸਿੰਘ ਦਾ ਨਾਂਅ ਦੂਜੀ ਤਰਜੀਹ ਲਈ ਭੇਜਿਆ ਗਿਆ ਹੈ।
ਇਸ ਦੇ ਨਾਲ ਹੀ ਅਰਜੁਨ ਐਵਾਰਡ ਲਈ ਕੀਤੀਆਂ ਗਈਆਂ ਸਿਫ਼ਾਰਸ਼ਾਂ ਦੀ ਸੂਚੀ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਸੰਸਾਰ ਪ੍ਰਸਿੱਧ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ, ਕ੍ਰਿਕਟ ਖਿਡਾਰੀ ਚੇਤੇਸ਼ਵਰ ਪੁਜਾਰਾ, ਕਬੱਡੀ ਖਿਡਾਰੀ ਜਸਵੀਰ ਸਿੰਘ, ਅਥਲੀਟ ਖੁਸ਼ਬੀਰ ਕੌਰ, ਮੁੱਕੇਬਾਜ਼ ਐਲ. ਦੇਵੇਂਦਰੋ ਸਿੰਘ, ਹਾਕੀ ਖਿਡਾਰੀ ਐਸ ਵੀ ਸੁਨੀਲ ਸਮੇਤ ਇਸ ਵਾਰੀ 17 ਖਿਡਾਰੀਆਂ ਦੇ ਨਾਮ ਖੇਡ ਮੰਤਰਾਲੇ ਨੂੰ ਭੇਜੇ ਗਏ ਹਨ। ਖੇਡ ਮੰਤਰਾਲੇ ਵੱਲੋਂ ਇਨ੍ਹਾਂ ਨਾਵਾਂ ਬਾਰੇ ਅੰਤਮ ਫ਼ੈਸਲਾ ਅਗਲੇ ਕੁਝ ਦਿਨਾਂ ਵਿੱਚ ਲੈ ਲਿਆ ਜਾਵੇਗਾ। ਚੋਣ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫ਼ਾਰਿਸ਼ਾਂ ਨਾਲ ਜੈਵਲਿਨ ਥਰੋਅ ਝਾਜੜੀਆ ਪਹਿਲਾ ਪੈਰਾ-ਲੰਪੀਅਨ ਅਥਲੀਟ ਬਣ ਗਿਆ ਹੈ, ਜਿਸ ਦਾ ਨਾਂਅ ਦੇਸ਼ ਦੇ ਸਿਖਰਲੇ ਖੇਡ ਸਨਮਾਨ ਲਈ ਭੇਜਿਆ ਗਿਆ ਹੈ। ਇਸ ਦੇ ਨਾਲ ਹੀ 31 ਸਾਲਾ ਹਾਕੀ ਖ਼ਿਡਾਰੀ ਅਤੇ ਸਾਬਕਾ ਕਪਤਾਨ ਸਰਦਾਰ ਸਿੰਘ ਦਾ ਨਾਂਅ ਵੀ ਭੇਜਿਆ ਗਿਆ ਹੈ, ਜਿਸ ਨੂੰ ਸੰਸਾਰ ਦੇ ਬਿਹਤਰੀਨ ਮਿਡ ਫਿਲਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਚੋਣ ਕਮੇਟੀ ਦੀ ਮੀਟਿੰਗ ਦੌਰਾਨ ਹਾਕੀ ਖਿਡਾਰੀ ਸਰਦਾਰ ਸਿੰਘ ਉੱਤੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਵੀ ਚਰਚਾ ਹੋਈ, ਪਰ ਉਸ ਦੀਆਂ ਪ੍ਰਾਪਤੀਆਂ ਵੇਖਦੇ ਹੋਏ ਕਮੇਟੀ ਮੈਂਬਰਾਂ ਲਈ ਉਸ ਦੇ ਨਾਂ ਨੂੰ ਨਜ਼ਰ ਅੰਦਾਜ਼ ਕਰਨਾ ਮੁਸ਼ਕਲ ਹੋ ਗਿਆ।
ਸਿਫਾਰਸ਼ ਕੀਤੇ ਹੋਰ ਨਾਂਵਾਂ ਵਿੱਚ ਅਰਜੁਨ ਐਵਾਰਡ ਲਈ ਵੀ ਜੇ ਸੁਰੇਖਾ (ਤੀਰ ਅੰਦਾਜ਼ੀ), ਅਰੋਕਿਨ ਰਾਜੀਵ (ਅਥਲੈਟਿਕਸ), ਪ੍ਰਸਾਂਤੀ ਸਿੰਘ (ਬਾਸਕਟਬਾਲ), ਓਇਨਮ ਬੈਮਬੈਮ ਦੇਵੀ (ਫੁਟਬਾਲ), ਐਸ ਐਸ ਪੀ ਚੌਰਸੀਆ (ਗੌਲਫ਼), ਪੀ ਐਨ ਪ੍ਰਕਾਸ਼ (ਸ਼ੂਟਿੰਗ), ਏ. ਅਮਲਰਾਜ (ਟੇਬਲ ਟੈਨਿਸ), ਸਾਕੇਤ ਮਾਇਨੇਨੀ (ਟੈਨਿਸ), ਸੱਤਿਆਵ੍ਰਤ ਕਾਦਿਆਨ (ਕੁਸ਼ਤੀ), ਮਰੀਅੱਪਨ ਥਾਂਗਾਵੇਲ (ਪੈਰਾਅਥਲੀਟ) ਅਤੇ ਵਰੁਣ ਭੱਟ (ਪੈਰਾ ਅਥਲੀਟ) ਸ਼ਾਮਲ ਹਨ।